ਅੰਮ੍ਰਿਤਸਰ, 11 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਬਾਗ਼ੀ ਸਮੂਹਾਂ ਨੇ ਮੰਗਲਵਾਰ ਨੂੰ ਆਜ਼ਾਦੀ ਦਿਵਸ ਮਨਾਉਂਦਿਆਂ ਉਕਤ ਖੇਤਰ ਨੂੰ ਇਕ ਵੱਖਰੇ ਦੇਸ਼ ਵਜੋਂ ‘ਬਲੋਚਿਸਤਾਨ ਗਣਰਾਜ’ ਐਲਾਨਦਿਆਂ ਕਿਹਾ ਕਿ ਇਸ ਦਿਨ ਨੂੰ ਅਗਾਂਹ ਵੀ ਹਰ ਸਾਲ ਮਨਾਇਆ ਜਾਂਦਾ ਰਹੇਗਾ। ਆਜ਼ਾਦੀ ਦਿਵਸ ਮੌਕੇ ਬਲੋਚਿਸਤਾਨ ਗਣਰਾਜ ਨਾਮਕ ਸਮੂਹ ਨੇ ਸੰਦੇਸ਼ ਜਾਰੀ ਕਰਕੇ ਬਲੋਚ, ਪਸ਼ਤੂਨ, ਹਿੰਦੂ, ਸਿੱਖ ਅਤੇ ਖੇਤਰ ‘ਚ ਰਹਿਣ ਵਾਲੇ ਸਾਰੇ ਧਾਰਮਿਕ ਭਾਈਚਾਰਿਆਂ ਨੂੰ ਵਧਾਈ ਦਿੱਤੀ। ਬਿਆਨ ’ਚ ਕਿਹਾ ਗਿਆ ਕਿ ਬਲੋਚਿਸਤਾਨ ਦੇ 2 ਕਰੋੜ ਲੋਕਾਂ ਨੇ ਅੱਜ ਆਪਣਾ ਰਾਸ਼ਟਰੀ ਆਜ਼ਾਦੀ ਦਿਵਸ ਮਨਾਇਆ। ਸਮੂਹ ਨੇ ਨਾਲ ਹੀ ਇਹ ਮੰਗ ਵੀ ਕੀਤੀ ਕਿ ਦੁਨੀਆ ਬਲੋਚਿਸਤਾਨ ਦੀ ਆਜ਼ਾਦੀ ਨੂੰ ਮਾਨਤਾ ਦੇਵੇ, ਕਿਉਂਕਿ ਬਲੋਚਿਸਤਾਨ ਨੂੰ ਵਿਦੇਸ਼ ਨੀਤੀ, ਰੱਖਿਆ, ਆਰਥਿਕਤਾ, ਰਾਜਨੀਤੀ ਅਤੇ ਕੂਟਨੀਤੀ ਨਾਲ ਸੰਬੰਧਿਤ ਸਾਰੀਆਂ ਜ਼ਿੰਮੇਵਾਰੀਆਂ ਸੰਭਾਲਣ ਦਾ ਅਧਿਕਾਰ ਹੈ। ਬਲੋਚਿਸਤਾਨ ਦਾ ਪਾਸਪੋਰਟ, ਮੁਦਰਾ ਅਤੇ ਦੂਤਘਰ ਬਹੁਤ ਜਲਦੀ ਸ਼ੁਰੂ ਕੀਤੇ ਜਾਣਗੇ ਅਤੇ ਤਰੀਕਾਂ ਦਾ ਐਲਾਨ ਸਮੇਂ ਸਿਰ ਕੀਤਾ ਜਾਵੇਗਾ।ਬਲੋਚ ਆਗੂਆਂ ਨੇ ਦੋਸ਼ ਲਗਾਇਆ ਕਿ ਪਾਕਿ ਨੇ 27 ਮਾਰਚ, 1948 ਨੂੰ ਬਲੋਚਿਸਤਾਨ ’ਤੇ ਫ਼ੌਜੀ ਹਮਲਾ ਕਰਕੇ ਇਸ ‘ਤੇ ਕਬਜ਼ਾ ਕੀਤਾ ਸੀ। ਦੂਜੇ ਪਾਸੇ, ਪਾਕਿ ਵਲੋਂ ਆਪਣਾ ਆਜ਼ਾਦੀ ਦਿਵਸ 14 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਪਾਕਿ ਨੇ ਬਲੋਚਾਂ ਨੂੰ ਜਸ਼ਨ ਮਨਾਉਣ ਤੋਂ ਰੋਕਣ ਲਈ ਖੇਤਰ ’ਚ ਇੰਟਰਨੈੱਟ ਅਤੇ ਮੋਬਾਈਲ ਸੇਵਾਵਾਂ ਬੰਦ ਕਰ ਦਿੱਤੀਆਂ। ਬਲੋਚਿਸਤਾਨ ਦੇ ਕਈ ਸ਼ਹਿਰਾਂ ’ਚ ਭਾਰੀ ਸੁਰੱਖਿਆ ਪ੍ਰਬੰਧਾਂ ਦੌਰਾਨ ਨੋਸ਼ਕੀ, ਪੰਜਗੁਰ, ਨਸੀਰਾਬਾਦ ਅਤੇ ਬੇਸੀਮਾ ’ਚ ਤਾਲਾਬੰਦੀ ਵਰਗੇ ਉਪਾਅ ਲਾਗੂ ਕੀਤੇ ਗਏ। ਬਲੋਚਿਸਤਾਨ ਦੇ ਆਜ਼ਾਦੀ ਦਿਵਸ ਤੋਂ ਚਿੰਤਤ ਪਾਕਿ ਸਰਕਾਰ ਨੇ ਨੋਸ਼ਕੀ ’ਚ ਮੁੱਖ ਬਾਜ਼ਾਰ ਦੇ ਸਾਰੇ ਪ੍ਰਵੇਸ਼ ਅਤੇ ਨਿਕਾਸ ਸਥਾਨਾਂ ਨੂੰ ਸੀਲ ਕਰ ਦਿੱਤਾ ਅਤੇ ਉੱਥੇ ਹਥਿਆਰਬੰਦ ਸੁਰੱਖਿਆ ਬਲਾਂ ਨੂੰ ਭਾਰੀ ਗਿਣਤੀ ’ਚ ਤਾਇਨਾਤ ਕੀਤਾ ਗਿਆ। ਕੁਝ ਇਲਾਕਿਆਂ ’ਚ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਕਰਫ਼ਿਊ ਵੀ ਲਗਾਇਆ ਗਿਆ। ਪੰਜਗੁਰ ਅਤੇ ਨਸੀਰਾਬਾਦ ’ਚ ਵੀ ਇਸੇ ਤਰ੍ਹਾਂ ਦੇ ਦ੍ਰਿਸ਼ ਸਾਹਮਣੇ ਆਏ, ਜਿੱਥੇ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਰਹੇ ਅਤੇ ਸਾਰੀਆਂ ਪਹੁੰਚ ਸੜਕਾਂ ’ਤੇ ਬੈਰੀਕੇਡ ਲਗਾਏ ਗਏ। ਇਕ ਵੱਖਰੇ ਨੋਟੀਫ਼ਿਕੇਸ਼ਨ ’ਚ ਬਲੋਚਿਸਤਾਨ ਸਰਕਾਰ ਨੇ ਮੋਬਾਈਲ ਇੰਟਰਨੈੱਟ ਸੇਵਾਵਾਂ ਨੂੰ 14 ਅਗਸਤ ਤੱਕ ਸੂਬੇ ਭਰ ’ਚ ਮੁਅੱਤਲ ਕਰਨ ਦਾ ਆਦੇਸ਼ ਦਿੱਤਾ। ਇਸ ਦੌਰਾਨ ਬੱਸ ਟਰਾਂਸਪੋਰਟ ਯੂਨੀਅਨ ਨੇ 13 ਤੋਂ 15 ਅਗਸਤ ਤੱਕ ਕਰਾਚੀ, ਤੁਰਬਤ ਅਤੇ ਗਵਾਦਰ ਵਿਚਕਾਰ ਇੰਟਰਸਿਟੀ ਸੇਵਾਵਾਂ ਨੂੰ ਤਿੰਨ ਦਿਨਾਂ ਲਈ ਰੋਕਣ ਦਾ ਐਲਾਨ ਕੀਤਾ। ਇਸ ਦੌਰਾਨ ਟਰਮੀਨਲ ਬੰਦ ਰਹਿਣਗੇ ਅਤੇ 16 ਅਗਸਤ ਨੂੰ ਕੰਮ ਦੁਬਾਰਾ ਸ਼ੁਰੂ ਹੋਵੇਗਾ।