14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਹੰਗਾਮਿਆਂ ਪ੍ਰਭਾਵਿਤ ਮੌਨਸੂਨ ਇਜਲਾਸ ’ਚ ਲੋਕ ਸਭਾ 19 ਫ਼ੀਸਦੀ ਅਤੇ ਰਾਜ ਸਭਾ 39 ਫ਼ੀਸਦੀ ਚੱਲੀ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 13 ਅਗਸਤ - ਹੰਗਾਮਿਆਂ ਭਰਪੂਰ ਸੰਸਦ ਦੇ ਮੌਨਸੂਨ ਇਜਲਾਸ ’ਚ ਲੋਕ ਸਭਾ ਵਿਚ ਸਿਰਫ਼ 19 ਫ਼ੀਸਦੀ ਕੰਮਕਾਜ ਹੋਇਆ ਅਤੇ ਰਾਜ ਸਭਾ ’ਚ ਉਪਦਾਕਤਾ ਦਰ 39 ਫ਼ੀਸਦੀ ਰਹੀ। ਇਜਲਾਸ ਦਰਮਿਆਨ ਸਰਕਾਰ ਵਲੋਂ 12 ਬਿੱਲ ਪਾਸ ਕਰਵਾਏ ਗਏ, ...

Ad Position 21
No active advertisement
ਅਜੀਤ ਡੈਸਕ 14-08-2026

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 13 ਅਗਸਤ - ਹੰਗਾਮਿਆਂ ਭਰਪੂਰ ਸੰਸਦ ਦੇ ਮੌਨਸੂਨ ਇਜਲਾਸ ’ਚ ਲੋਕ ਸਭਾ ਵਿਚ ਸਿਰਫ਼ 19 ਫ਼ੀਸਦੀ ਕੰਮਕਾਜ ਹੋਇਆ ਅਤੇ ਰਾਜ ਸਭਾ ’ਚ ਉਪਦਾਕਤਾ ਦਰ 39 ਫ਼ੀਸਦੀ ਰਹੀ। ਇਜਲਾਸ ਦਰਮਿਆਨ ਸਰਕਾਰ ਵਲੋਂ 12 ਬਿੱਲ ਪਾਸ ਕਰਵਾਏ ਗਏ, ਜਿਨ੍ਹਾਂ ’ਚ ਲੋਕ ਸਭਾ ’ਚ ਸਿਰਫ਼ ਇਕ ਬਿੱਲ ਜਨਤਕ ਪ੍ਰੀਖਿਆ ’ਚ ਅਨੁਚਿਤ ਸਾਧਨਾਂ ਤੋਂ ਬਚਾਅ ਬਾਰੇ ਸੋਧ ਬਿੱਲ ’ਤੇ ਹੀ ਚਰਚਾ ਹੋ ਸਕੀ। ਲੋਕ ਸਭਾ ’ਚ ਪੇਸ਼ ਕੀਤੇ ਅਤੇ ਪਾਸ ਹੋਏ ਬਾਕੀ ਬਿੱਲ ਬਿਨਾਂ ਚਰਚਾ ਤੋਂ ਹੀ ਜ਼ਬਾਨੀ ਵੋਟਾਂ ਨਾਲ ਪਾਸ ਹੋ ਗਏ। ਇਜਲਾਸ ਦੇ ਆਖਰੀ ਦਿਨ ਲੋਕ ਸਭਾ ਦੀ ਕਾਰਵਾਈ ਸਿਰਫ਼ 1 ਮਿੰਟ ਅਤੇ ਰਾਜ ਸਭਾ ਦੀ ਕਾਰਵਾਈ 1 ਘੰਟਾ ਹੀ ਚੱਲੀ। ਲੋਕ ਸਭਾ ’ਚ ਪਹਿਲੀ ਵਾਰ ਪੂਰੇ ਵੰਦੇ ਮਾਤਰਮ ਦੇ ਗਾਇਨ ਤੋਂ ਬਾਅਦ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਉਠਾ ਦਿੱਤੀ ਗਈ। ਜਦਕਿ ਰਾਜ ਸਭਾ ’ਚ ਉੱਤਰਾਖੰਡ ਦੇ ਹਲਦਵਾਨੀ ’ਚ ਮਲਿਕਅਰਜੁਨ ਖੜਗੇ ਦੇ ਸਟੇਜ ਦੇ ‘ਸ਼ੁੱਧੀਕਰਨ’ ਦੇ ਮੁੱਦੇ ’ਤੇ ਜੰਮ ਕੇ ਹੰਗਾਮਾ ਹੋਇਆ। ਜਿਸ ’ਤੇ ਸਦਨ ਦੇ ਨੇਤਾ ਜੇ.ਪੀ. ਨੱਢਾ ਨੇ ਇਸ ਦੀ ਜਾਂਚ ਕਰਵਾਉਣ ਦਾ ਭਰੋਸਾ ਦਿਵਾਇਆ। ਇਸ ਦੌਰਾਨ ਸਪੀਕਰ ਓਮ ਬਿਰਲਾ ਵਲੋਂ ਇਜਲਾਸ ਤੋਂ ਬਾਅਦ ਕਰਵਾਈ ਜਾਣ ਵਾਲੀ ਰਵਾਇਤੀ ਚਾਹ ਪਾਰਟੀ ’ਚ ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਸ਼ਾਮਿਲ ਨਹੀਂ ਹੋਏ।
‘ਵੰਦੇ ਮਾਤਰਮ’ ਦੇ ਪੂਰਨ ਗਾਇਨ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ
ਵੰਦੇ ਮਾਤਰਮ ਦੇ ਪੂਰਨ ਗਾਇਨ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਉਠਾ ਦਿੱਤੀ ਗਈ। ਵੀਰਵਾਰ ਸਵੇਰੇ ਲੋਕ ਸਭਾ ’ਚ 3 ਮਿੰਟ 10 ਸਕਿੰਟ ਦਾ ਉਹ ਸਮਾਂ ਪੂਰੇ ਮੌਨਸੂਨ ਇਜਲਾਸ ਦਾ ਸਭ ਤੋਂ ਸ਼ਾਂਤ ਸਮਾਂ ਸੀ ਜਦੋਂ ਹੇਠਲੇ ਸਦਨ ’ਚ ਪਹਿਲੀ ਵਾਰ ਪੂਰਾ ਰਾਸ਼ਟਰੀ ਗਾਨ ਵੰਦੇ ਮਾਤਰਮ ਵਜਾਇਆ ਗਿਆ। ਇਜਲਾਸ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਪੂਰਾ ਮੰਤਰੀ ਮੰਡਲ ਸਦਨ ’ਚ ਮੌਜੂਦ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ, ਜਿਨ੍ਹਾਂ ਦੀ ਸਦਨ ’ਚ ਗ਼ੈਰ ਮੌਜੂਦਗੀ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਪੂਰੇ ਇਜਲਾਸ ’ਚ ਸਵਾਲ ਉਠਾਏ, ਵੀ ਲੋਕ ਸਭਾ ’ਚ ਹਾਜ਼ਰ ਸਨ। ਅਮਿਤ ਸ਼ਾਹ ਕਾਰਵਾਈ ਸ਼ੁਰੂ ਹੋਣ ਤੋਂ ਕੁਝ ਦੇਰ ਪਹਿਲਾਂ ਸਦਨ ’ਚ ਆਏ। ਉਨ੍ਹਾਂ ਦੇ ਸਦਨ ’ਚ ਦਾਖ਼ਲ ਹੁੰਦਿਆਂ ਹੀ ਵਿਰੋਧੀ ਧਿਰਾਂ ਨੇ ‘ਮੁਆਫ਼ੀ ਮੰਗੋ’ ਅਤੇ ‘ਲਾਠੀਚਾਰਜ ਦਾ ਆਦੇਸ਼ ਕਿਸਨੇ ਦਿੱਤਾ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਜਿਸ ’ਤੇ ਸੱਤਾ ਧਿਰ ਦੇ ਸੰਸਦ ਮੈਂਬਰਾਂ ਨੇ ਵੀ ਹੰਗਾਮਾ ਕਰਨਾ ਸ਼ੁਰੂ ਕੀਤਾ, ਪਰ ਅਮਿਤ ਸ਼ਾਹ ਵਲੋਂ ਉਨ੍ਹਾਂ ਨੂੰ ਸ਼ਾਂਤ ਹੋਣ ਦਾ ਇਸ਼ਾਰਾ ਕਰਨ ’ਤੇ ਸੱਤਾ ਧਿਰ ਦੇ ਆਗੂ ਵਾਪਸ ਬੈਠ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ  11 ਵਜੇ ਸਦਨ ’ਚ ਆਉਣ ਤੋਂ ਬਾਅਦ ਵੰਦੇ ਮਾਤਰਮ ਵਜਾਇਆ ਗਿਆ ਜਿਸ ਤੋਂ ਬਾਅਦ ਸਪੀਕਰ ਓਮ ਬਿਰਲਾ ਨੇ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਉਠਾ ਦਿੱਤੀ।
ਲੋਕ ਸਭਾ ਹੰਗਾਮਿਆਂ ਕਾਰਨ ਵੱਧ ਪ੍ਰਭਾਵਿਤ ਹੋਈ
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਸਦਨ ਦੀ ਕਾਰਵਾਈ ਖ਼ਤਮ ਹੋਣ ਤੋਂ ਬਾਅਦ ਪੱਤਰਕਾਰਾਂ ਨੂੰ ਦਿੱਤੀ ਜਾਣਕਾਰੀ ’ਚ ਕਿਹਾ ਕਿ ਲੋਕ ਸਭਾ ’ਚ ਉਤਪਾਦਕਤਾ ਦਰ 19 ਫ਼ੀਸਦੀ ਰਹੀ। ਅੰਕੜਿਆਂ ਮੁਤਾਬਿਕ ਇਜਲਾਸ ਦੌਰਾਨ ਹੋਣ ਵਾਲੀਆਂ 19 ਬੈਠਕਾਂ ’ਚ 114 ਘੰਟੇ ਕਾਰਵਾਈ ਹੋਣੀ ਸੀ, ਪਰ ਇਹ ਤਕਰੀਬਨ 17 ਘੰਟੇ 30 ਮਿੰਟ ਹੀ ਚੱਲੀ। ਭਾਵ ਤਕਰੀਬਨ 96 ਘੰਟੇ 30 ਮਿੰਟ ਲੋਕ ਸਭਾ ਦਾ ਕੰਮਕਾਜ ਠੱਪ ਰਿਹਾ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2025 ਦੇ ਮੌਨਸੂਨ ਇਜਲਾਸ ’ਚ ਵੀ 21 ਬੈਠਕਾਂ ’ਚ ਸਿਰਫ਼ 37 ਘੰਟੇ ਕੰਮ ਹੋਇਆ ਸੀ।  ਇਜਲਾਸ ਦਰਮਿਆਨ ਕੁੱਲ 12 ਨਵੇਂ ਬਿੱਲ ਪੇਸ਼ ਕੀਤੇ ਗਏ, ਜਿਨ੍ਹਾਂ ’ਚ 10 ਲੋਕ ਸਭਾ ਅਤੇ 2 ਰਾਜ ਸਭਾ ’ਚ ਪੇਸ਼ ਕੀਤੇ ਗਏ। ਲੋਕ ਸਭਾ ’ਚ ਪੇਸ਼ ਹੋਏ ਬਿੱਲਾਂ ’ਚ ਜਨਤਕ ਪ੍ਰੀਖਿਆ ਅਨੁਚਿਤ ਸਾਧਨਾਂ ਦੀ ਰੋਕਥਾਮ ਬਾਰੇ ਬਿੱਲ, ਸੁਪਰੀਮ ਕੋਰਟ ’ਚ ਜੱਜਾਂ ਦੀ ਗਿਣਤੀ ਬਾਰੇ ਸੋਧ ਬਿੱਲ, ਜਨਮ-ਮੌਤ ਰਜਿਸਟ੍ਰੇਸ਼ਨ ਸੋਧ ਬਿੱਲ, ਬੈਂਕਰਸ ਬੁਕਸ ਐਵੀਡੈਂਸ ਬਿੱਲ, ਟੈਕਸੈਸ਼ਨ ਅਤੇ ਹੋਰ ਕਾਨੂੰਨ ਸੋਧ ਬਿੱਲ, ਰਾਸ਼ਟਰੀ ਸਹਿਕਾਰੀ ਵਿਕਾਸ ਕਾਰਪੋਰੇਸ਼ਨ ਬਿੱਲ, ਟ੍ਰਿਬਿਊਨਲ ਸੁਧਾਰ ਬਿੱਲ, ਕੇਰਲ ਦਾ ਨਾਂਅ ਬਦਲਾਅ ਬਾਰੇ ਬਿੱਲ ਸ਼ਾਮਿਲ ਹਨ, ਜਦਕਿ ਰਾਜ ਸਭਾ ’ਚ ਦੋ ਬਿੱਲ ਪੇਸ਼ ਕੀਤੇ ਗਏ ਜਿਨ੍ਹਾਂ ’ਚ ਐਮ.ਐਸ.ਐਮ.ਈ. ਵਿਕਾਸ ਸੋਧ ਅਤੇ ਰਾਸ਼ਟਰੀ ਸਨਮਾਨ ਅਪਮਾਨ ਰੋਕਥਾਮ ਬਿੱਲ ਸ਼ਾਮਿਲ ਹੈ। 19 ਦਿਨਾਂ ਦੇ ਇਜਲਾਸ ’ਚ ਰਾਜ ਸਭਾ 37 ਘੰਟੇ 24 ਮਿੰਟ ਚੱਲੀ, ਜਿਸ ’ਚ ਪ੍ਰਸ਼ਨ ਕਾਲ 2 ਘੰਟੇ 18 ਮਿੰਟ, ਵਿਧਾਈ ਕੰਮ 21 ਘੰਟੇ 48 ਮਿੰਟ, ਹੋਰ ਕੰਮ 6 ਘੰਟੇ 24 ਮਿੰਟ, ਹੋਰ ਵਿਧਾਈ ਕੰਮ 5 ਘੰਟੇ 54 ਮਿੰਟ ਅਤੇ ਵਿੱਤੀ ਕੰਮ 54 ਮਿੰਟ ਹੋਇਆ।
ਰਾਜ ਸਭਾ ’ਚ ‘ਸ਼ੁੱਧੀਕਰਨ’ ਨੂੰ ਲੈ ਕੇ ਹੋਇਆ ਹੰਗਾਮਾ
ਰਾਜ ਸਭਾ ’ਚ ਵਿਰੋਧੀ ਧਿਰਾਂ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਦੀ 8 ਅਗਸਤ ਨੂੰ ਉੱਤਰਾਖੰਡ ਦੇ ਹਲਦਵਾਨੀ ਸਥਿਤ ਰਾਮ ਲੀਲ੍ਹਾ ਮੈਦਾਨ ’ਚ ਹੋਈ ‘ਵਿਜੈ ਸ਼ੰਖਨਾਦ ਰੈਲੀ’ ਤੋਂ ਬਾਅਦ ਭਾਜਪਾ ਵਲੋਂ ਕਰਵਾਏ ਗਏ ‘ਸ਼ੁੱਧੀਕਰਨ’ ਨੂੰ ਲੈ ਕੇ ਜੰਮ ਕੇ ਹੰਗਾਮਾ ਹੋਇਆ। ਖੜਗੇ ਨੇ ਇਸ (ਸ਼ੁੱਧੀਕਰਨ) ਨੂੰ ਆਪਣਾ ਅਪਮਾਨ ਕਰਾਰ ਦਿੱਤਾ। ਖੜਗੇ ਦੀ ਟਿੱਪਣੀ ’ਤੇ ਉੱਪਰਲੇ ਸਦਨ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਣਨ ਨੇ ਉਨ੍ਹਾਂ ਦੇ ਸਮਰਥਨ ’ਚ ਆਉਂਦੇ ਹੋਏ ਕਿਹਾ ਕਿ ਜੇਕਰ ਖੜਗੇ ਜੀ ਦਾ ਅਪਮਾਨ ਹੁੰਦਾ ਹੈ, ਤਾਂ ਇਹ ਸਭ ਦਾ ਅਪਮਾਨ ਹੈ। ਸਦਨ ਦੇ ਨੇਤਾ ਜੇ.ਪੀ. ਨੱਢਾ ਨੇ ਵੀ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ। 
ਰਾਜ ਸਭਾ ’ਚੋਂ ਪਾਸ ਹੋਇਆ ਖਾਣਾਂ ਅਤੇ ਖਣਿਜ ਸੋਧ ਬਿੱਲ
ਮੌਨਸੂਨ ਇਜਲਾਸ ਦੇ ਆਖਰੀ ਦਿਨ ਰਾਜ ਸਭਾ ’ਚੋਂ ਸੰਖੇਪ ਚਰਚਾ ਤੋਂ ਬਾਅਦ ਖਾਣਾਂ ਅਤੇ ਖਣਿਜ (ਵਿਕਾਸ ਅਤੇ ਪ੍ਰਬੰਧਨ) ਸੋਧ ਬਿੱਲ ਪਾਸ ਹੋ ਗਿਆ। ਤਕਰੀਬਨ 1 ਘੰਟੇ ਦੀ ਕਾਰਵਾਈ ਤੋਂ ਬਾਅਦ ਸਦਨ ’ਚ ਬਿੱਲ ਪਾਸ ਹੋਣ ਤੋਂ ਬਾਅਦ ਵੰਦੇ ਮਾਤਰਮ ਗਾਇਨ ਵਜਾਇਆ ਗਿਆ ਅਤੇ ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਉਠਾ ਦਿੱਤੀ ਗਈ।
ਆਖਰੀ ਦਿਨ ਵੀ ਸੱਤਾ ਅਤੇ ਵਿਰੋਧੀ ਧਿਰਾਂ ਵਲੋਂ ਪ੍ਰਦਰਸ਼ਨ
ਸੰਸਦ ਦੇ ਮੌਨਸੂਨ ਇਜਲਾਸ ਦੇ ਆਖਰੀ ਦਿਨ ਵੀ ਸੱਤਾ ਅਤੇ ਵਿਰੋਧੀ ਧਿਰਾਂ ਨੇ ਪ੍ਰਦਰਸ਼ਨ ਕੀਤਾ। ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਦੀ ਅਗਵਾਈ ਹੇਠ ਹੋਏ ਪ੍ਰਦਰਸ਼ਨ ’ਚ ਵਿਰੋਧੀ ਧਿਰਾਂ ਨੇ ਚੜ੍ਹਾਵਾ ਚੋਰੀ ਅਤੇ ਸਦਨ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗ਼ੈਰ ਮੌਜੂਦਗੀ ਦਾ ਮੁੱਦਾ ਉਠਾਉਂਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ ਸੱਤਾ ਧਿਰ ਨੇ ਵੀ ਝਾਰਖੰਡ ’ਚ ਭਰਤੀ ਪੇਪਰ ’ਚ ਹੋਈਆਂ ਬੇਨਿਯਮੀਆਂ ਨੂੰ ਲੈ ਕੇ ਸਵਾਲ ਉਠਾਉਂਦਿਆਂ ਰਾਹੁਲ ਗਾਂਧੀ ਤੋਂ ਜਵਾਬ ਦੀ ਮੰਗ ਕੀਤੀ।

 

Ad Position 22
No active advertisement
ਪਿਛਲੀ ਖ਼ਬਰ ਭਾਈ ਹਵਾਰਾ ਵਲੋਂ ਦੋ ਦਿਨਾਂ ਦੀ ਪੈਰੋਲ ਰੱਦ ਅਗਲੀ ਖ਼ਬਰ ਆਰ.ਜੀ.ਕਰ ਮਾਮਲੇ ’ਚ ਟੀ.ਐਮ.ਸੀ. ਦਾ ਸਾਬਕਾ ਵਿਧਾਇਕ ਗ੍ਰਿਫ਼ਤਾਰ
Ad Position 24