ਲਖੀਸਰਾਏ (ਬਿਹਾਰ), 17 ਅਗਸਤ (ਪੀ.ਟੀ.ਆਈ.)-ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਵਿਚ ਸਥਿਤ ਪ੍ਰਸਿੱਧ ਅਸ਼ੋਕ ਧਾਮ ਮੰਦਰ ਵਿਚ ਸੋਮਵਾਰ ਸਵੇਰੇ ਸ਼ਰਧਾਲੂਆਂ ਦੀ ਭਾਰੀ ਭੀੜ ਦਰਮਿਆਨ ਅਚਾਨਕ ਭਾਜੜ ਮਚ ਜਾਣ ਕਾਰਨ ਘੱਟੋ-ਘੱਟ 7 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 14 ਹੋਰ ਗੰਭੀਰ ਜ਼ਖ਼ਮੀ ਹੋ ਗਏ। ਇਹ ਘਟਨਾ ਮੰਦਰ ਤੋਂ ਥੋੜ੍ਹੀ ਦੂਰੀ ’ਤੇ ਸਥਿਤ ਅਸ਼ੋਕ ਧਾਮ ਹਾਲਟ ਰੇਲਵੇ ਸਟੇਸ਼ਨ ’ਤੇ ਸ਼ਰਧਾਲੂਆਂ ਦੀ ਭਾਰੀ ਭੀੜ ਕਾਰਨ ਵਾਪਰੀ। ਪਵਿੱਤਰ ਸਾਵਣ ਮਹੀਨੇ ਦੌਰਾਨ ਸ਼ਰਧਾਲੂ ਭਗਵਾਨ ਸ਼ਿਵ ਨੂੰ ਜਲ ਚੜ੍ਹਾਉਣ ਲਈ ਉਥੇ ਇਕੱਠੇ ਹੋਏ ਸਨ। ਲਖੀਸਰਾਏ ਦੇ ਜ਼ਿਲ੍ਹਾ ਮੈਜਿਸਟ੍ਰੇਟ ਸ਼ੈਲੇਂਦਰ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਲਗਭਗ 6:30 ਵਜੇ ਵਾਪਰੀ। ਭੀੜ ਦੇ ਦਬਾਅ ਕਾਰਨ ਬੈਰੀਕੇਡ ਦਾ ਇਕ ਹਿੱਸਾ ਟੁੱਟ ਗਿਆ, ਜਿਸ ਤੋਂ ਬਾਅਦ ਲੋਕ ਇਕ-ਦੂਜੇ ਉੱਪਰ ਡਿਗਣ ਲੱਗੇ ਅਤੇ ਭਾਜੜ ਮਚ ਗਈ। ਜ਼ਖ਼ਮੀਆਂ ਨੂੰ ਨੇੜਲੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਸ਼ਰਧਾਲੂਆਂ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਅਤੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਜ਼ਖ਼ਮੀਆਂ ਨੂੰ ਤੁਰੰਤ ਅਤੇ ਢੁਕਵੀਂ ਡਾਕਟਰੀ ਸਹਾਇਤਾ ਦੇਣ ਲਈ ਪ੍ਰਸ਼ਾਸਨ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ।
ਬਿਹਾਰ ਦੇ ਅਸ਼ੋਕ ਧਾਮ ਮੰਦਰ ਨੇੜੇ ਮਚੀ ਭਾਜੜ-7 ਮੌਤਾਂ
ਬਿਹਾਰ ਦੇ ਅਸ਼ੋਕ ਧਾਮ ਮੰਦਰ ਨੇੜੇ ਮਚੀ ਭਾਜੜ-7 ਮੌਤਾਂ
ਅਜੀਤ ਡੈਸਕ
18-08-2026