04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਭਾਰਤ ਤੇ ਬੈਲਜੀਅਮ ਅਗਲੇ 5 ਸਾਲਾਂ ’ਚ ਦੁੱਗਣਾ ਕਰਨਗੇ ਦੁਵੱਲਾ ਵਪਾਰ

ਨਵੀਂ ਦਿੱਲੀ, 3 ਸਤੰਬਰ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਵਰ ਦੀ ਮੌਜੂਦਗੀ ’ਚ ਵੀਰਵਾਰ ਨੂੰ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਭਾਰਤ ਅਤੇ ਬੈਲਜੀਅਮ ...

Ad Position 21
repet_subhas-goyals [Copy P29]
ਅਜੀਤ ਡੈਸਕ 04-09-2026

ਰੱਖਿਆ, ਸਵੱਛ ਊਰਜਾ ਸਮੇਤ ਕਈ ਖੇਤਰਾਂ ’ਚ ਹੋਏ ਸਮਝੌਤੇ
ਭਾਰਤ ਅਤੇ ਬੈਲਜੀਅਮ ਦੇ ਸੰਬੰਧਾਂ ਦੀਆਂ ਜੜ੍ਹਾਂ ਇਤਿਹਾਸ ’ਚ ਕਾਫ਼ੀ ਡੂੰਘੀਆਂ-ਮੋਦੀ

ਨਵੀਂ ਦਿੱਲੀ, 3 ਸਤੰਬਰ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਵਰ ਦੀ ਮੌਜੂਦਗੀ ’ਚ  ਵੀਰਵਾਰ ਨੂੰ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਭਾਰਤ ਅਤੇ ਬੈਲਜੀਅਮ ਦਰਮਿਆਨ ਕਈ ਅਹਿਮ ਸਮਝੌਤੇ ਸਹੀਬੱਧ ਹੋਏ। ਦੋਵਾਂ ਦੇਸ਼ਾਂ ਨੇ ਵਪਾਰ ਦੇ ਨਾਲ-ਨਾਲ ਰੱਖਿਆ, ਸਵੱਛ ਊਰਜਾ, ਅਹਿਮ ਖਣਿਜਾਂ, ਸੈਮੀਕੰਡਕਟਰ ਦੀ ਪ੍ਰੋਸੈਸਿੰਗ ਅਤੇ ਨਿਵੇਸ਼ ਦੇ ਖੇਤਰ ’ਚ ਸਹਿਯੋਗ ਵਧਾਉਣ ’ਤੇ ਸਹਿਮਤੀ ਪ੍ਰਗਟਾਈ। ਭਾਰਤ ਅਤੇ ਬੈਲਜੀਅਮ ਨੇ ਅਗਲੇ 5 ਸਾਲਾਂ ’ਚ ਦੋਹਾਂ ਦੇਸ਼ਾਂ ਦਰਮਿਆਨ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ ਵੀ ਰੱਖਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵਾਂ ਦੇਸ਼ਾਂ ਦੇ ਇਤਿਹਾਸਕ ਸੰਬੰਧਾਂ, ਰੱਖਿਆ ਅਤੇ ਸਾਫ਼ ਊਰਜਾ ਦੇ ਖੇਤਰ ’ਚ ਵਧਦੇ ਸਹਿਯੋਗ ਨਾਲ ਮੌਜੂਦਾ ਆਲਮੀ ਹਾਲਾਤ ਦਾ ਵੀ ਜ਼ਿਕਰ ਕੀਤਾ। ਮੋਦੀ ਨੇ ਕਿਹਾ ਕਿ ਭਾਰਤ ਅਤੇ ਬੈਲਜੀਅਮ ਦੇ ਸੰਬੰਧਾਂ ਦੀਆਂ ਜੜ੍ਹਾਂ ਇਤਿਹਾਸ ’ਚ ਕਾਫ਼ੀ ਡੂੰਘੀਆਂ ਹਨ। ਉਨ੍ਹਾਂ ਪਹਿਲੀ ਵਿਸ਼ਵ ਜੰਗ ਦੌਰਾਨ ਬੈਲਜੀਅਮ ’ਚ ਹਜ਼ਾਰਾਂ ਭਾਰਤੀ ਫ਼ੌਜੀਆਂ ਦੀ ਬਹਾਦੁਰੀ ਅਤੇ ਬਲੀਦਾਨ ਨੂੰ ਦੋਹਾਂ ਦੇਸ਼ਾਂ ਦੀ ਸਾਂਝੀ ਯਾਦ ਦਾ ਹਿੱਸਾ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨੇ 10 ਸਾਲ ਪਹਿਲਾਂ ਕੀਤੇ ਬੈਲਜੀਅਮ ਦੇ ਦੌਰੇ ਦਾ ਜ਼ਿਕਰ ਕੀਤਾ ਅਤੇ ਬੈਲਜੀਅਮ ਦੇ ਪ੍ਰਧਾਨ ਮੰਤਰੀ ਦੇ ਵੀ ਭਾਰਤ ਨਾਲ ਜੁੜਾਅ ਦੀ ਗੱਲ ਕਰਦਿਆਂ ਕਿਹਾ ਕਿ ਇਹ ਭਾਵੇਂ ਉਨ੍ਹਾਂ (ਵੇਵਰ) ਦਾ ਭਾਰਤ ਦਾ ਪਹਿਲਾ ਦੌਰਾ ਹੈ ਪਰ ਭਾਰਤ ਨਾਲ ਉਨ੍ਹਾਂ ਦਾ ਲਗਾਅ ਪੁਰਾਣਾ ਹੈ।

ਬਾਰਟ ਡੀ ਵੇਵਰ ਲੰਮੇ ਸਮੇਂ ਤੱਕ ਏਂਟਵਰਪ ਦੇ ਮੇਅਰ ਰਹੇ ਹਨ ਅਤੇ ਉਨ੍ਹਾਂ ਨੇ ਉਥੇ ਰਹਿ ਰਹੇ ਭਾਰਤੀ ਭਾਈਚਾਰੇ ਦੇ ਨਾਲ-ਨਾਲ ਦੋਹਾਂ ਦੇਸ਼ਾਂ ਦਰਮਿਆਨ ਹੀਰਾ ਕਾਰੋਬਾਰ ਨੂੰ ਸਮਰਥਨ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਰੱਖਿਆ ਸਹਿਯੋਗ ਦਾ ਜ਼ਿਕਰ ਕਰਦਿਆਂ 
ਜ਼ੋਰਾਵਰ ਟੈਂਕ ਪ੍ਰਾਜੈਕਟ ਦਾ ਉਚੇਚਾ ਜ਼ਿਕਰ ਕਰਦਿਆਂ ਕਿਹਾ ਕਿ ਦੋਵੇਂ ਦੇਸ਼ਾਂ ਇਸ ਪ੍ਰਾਜੈਕਟ ’ਤੇ ਮਿਲ ਕੇ ਕੰਮ ਕਰ ਰਹੇ ਹਨ। ਭਾਰਤ ਲਗਾਤਾਰ ਆਪਣੇ ਰੱਖਿਆ ਉਤਪਾਦਨ ਨੂੰ ਮਜ਼ਬੂਤ ਕਰਨ ਲਈ ਵਿਦੇਸ਼ੀ ਤਕਨੀਕ ਅਤੇ ਘਰੇਲੂ ਸਮਰੱਥਾ ਦਰਮਿਆਨ ਬਿਹਤਰ ਤਾਲਮੇਲ ’ਤੇ ਜ਼ੋਰ ਦੇ ਰਿਹਾ ਹੈ। ਇਸ ਦੌਰਾਨ ਬੈਲਜੀਅਮ ਨਾਲ ਰੱਖਿਆ ਤਕਨੀਕ ਅਤੇ ਉਦਯੋਗਿਕ ਸਹਿਯੋਗ ਆਉਣ ਵਾਲੇ ਸਮੇਂ ’ਚ ਦੋਹਾਂ ਦੇਸ਼ਾਂ ਲਈ ਕਾਫ਼ੀ ਅਹਿਮ ਹੋ ਸਕਦਾ ਹੈ। ਪ੍ਰਧਾਨ ਮੰਤਰੀ ਨੇ ਆਲਮੀ ਹਾਲਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੁਨੀਆ ਇਸ ਵੇਲੇ ਵੱਡੇ ਉੱਥਲ-ਪੁਥਲ ਦੇ ਦੌਰ ’ਚੋਂ ਲੰਘ ਰਹੀ ਹੈ।

ਕਈ ਹਿੱਸਿਆਂ ’ਚ ਸੰਘਰਸ਼ ਦੀ ਸਥਿਤੀ ਬਣੀ ਹੋਈ ਹੈ ਅਤੇ ਅਨਾਜ, ਈਂਧਣ ਤੇ ਸਪਲਾਈ ਲੜੀ ਸਮੇਤ ਕਈ ਖੇਤਰਾਂ ’ਚ ਅਸਥਿਰਤਾ ਦਾ ਅਸਰ ਵਿਖਾਈ ਦੇ ਰਿਹਾ ਹੈ। ਉਨ੍ਹਾਂ ਅਜਿਹੇ ਚੁਣੌਤੀਪੂਰਨ ਸਮੇਂ ’ਚ ਵੀ ਭਾਰਤ ਦੀ ਆਰਥਿਕਤਾ ਵਲੋਂ ਚੰਗੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੀ ਤਿਮਾਹੀ ’ਚ ਭਾਰਤ ਨੇ 7.8 ਫ਼ੀਸਦੀ ਦਾ ਆਰਥਿਕ ਵਾਧਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਵਿਕਾਸ ਦੀ ਕਹਾਣੀ ਦੁਨੀਆ ਲਈ ਵਿਸ਼ਵਾਸ ਅਤੇ ਨਵੇਂ ਮੌਕਿਆਂ ਦਾ ਸਰੋਤ ਬਣ ਰਹੀ ਹੈ। ਦੋਹਾਂ ਦੇਸ਼ਾਂ ਦਰਮਿਆਨ ਹੋਏ ਸਮਝੌਤਿਆਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਬੈਲਜੀਅਮ ਨੇ ਅਹਿਮ ਖਣਿਜਾਂ (ਕ੍ਰਿਟੀਕਲ ਮਿਨਰਲਜ਼) ਦੇ ਖੇਤਰ ’ਚ ਪ੍ਰੋਸੈਸਿੰਗ ਅਤੇ ਰੀਸਾਈਕਲਿੰਗ ਤੇ ਸੈਮੀਕੰਡਕਟਰ ਦੇ ਖੇਤਰ ’ਚ ਸਹਿਯੋਗ ਵਧਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੈਮੀਕੰਡਕਟਰ ਦੇ ਖੇਤਰ ’ਚ ਬੈਲਜੀਅਮ ਦੀ ਮਾਹਿਰਤਾ ਅਤੇ ਭਾਰਤ ਦਾ ਵੱਡਾ ਬਾਜ਼ਾਰ ਅਤੇ ਉਤਪਾਦਨ ਸਮਰੱਥਾ ਇਕ ਦੂਜੇ ਦੇ ਪੂਰਕ ਹਨ। ਇਸੇ ਦਿਸ਼ਾ ’ਚ ਭਾਰਤ ਅਤੇ ਬੈਲਜੀਅਮ ਮਿਲ ਕੇ ਬੈਲਜੀਅਮ ਦੀ ਆਈ.ਐਮ.ਈ.ਸੀ. ਸੰਸਥਾ ਨੂੰ ਭਾਰਤ ਦੇ ਸੈਮੀਕੰਡਕਟਰ ਈਕੋਸਿਸਟਮ ਨਾਲ ਜੋੜਨ ਲਈ ਕੰਮ ਕਰਨਗੇ।


ਯੂਕਰੇਨ ਅਤੇ ਪੱਛਮੀ ਏਸ਼ੀਆ ’ਚ ਸ਼ਾਂਤੀ ਦਾ ਸਮਰਥਨ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ ਕਾਨੂੰਨ ਦੇ ਸ਼ਾਸਨ, ਗੱਲਬਾਤ ਅਤੇ ਕੂਟਨੀਤੀ ’ਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਯੂਕਰੇਨ ਹੋਵੇ ਜਾਂ ਪੱਛਮੀ ਏਸ਼ੀਆ, ਭਾਰਤ ਸੰਘਰਸ਼ ਨੂੰ ਛੇਤੀ ਖ਼ਤਮ ਕਰਨ ਅਤੇ ਸ਼ਾਂਤੀ ਸਥਾਪਿਤ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਤਵਾਦ ਨੂੰ ਉਸਦੇ ਹਰ ਰੂਪ ’ਚ ਜੜ੍ਹ ਤੋਂ ਖ਼ਤਮ ਕਰਨਾ ਭਾਰਤ ਅਤੇ ਬੈਲਜੀਅਮ ਦੀ ਸਾਂਝੀ ਵਚਨਬੱਧਤਾ ਹੈ।
ਮੁਕਤ ਵਪਾਰ ਸਮਝੌਤੇ ਦਾ ਵੀ ਕੀਤਾ ਜ਼ਿਕਰ
ਪ੍ਰਧਾਨ ਮੰਤਰੀ ਨੇ ਇਸ ਸਾਲ ਦੀ ਸ਼ੁਰੂਆਤ ’ਚ ਭਾਰਤ ਅਤੇ ਯੂਰਪੀ ਯੂਨੀਅਨ ਦਰਮਿਆਨ ਹੋਏ ਮੁਕਤ ਵਪਾਰ ਸਮਝੌਤੇ (ਐਫ.ਟੀ.ਏ.) ਦਾ ਜ਼ਿਕਰ ਕਰਦਿਆਂ ਕਿਹਾ ਕਿ ਐਫ.ਟੀ.ਏ. ਦੋਹਾਂ ਦੇਸ਼ਾਂ ਦੇ ਆਰਥਿਕ ਸੰਬੰਧਾਂ ਲਈ ਨਵੇਂ ਮੌਕੇ ਲੈ ਕੇ ਆਇਆ ਹੈ। ਇਸ ਤੋਂ ਇਲਾਵਾ ਭਾਰਤ ਨੇ ਬੈਲਜੀਅਮ ਦੀਆਂ ਕੰਪਨੀਆਂ ਲਈ ਦੇਸ਼ ’ਚ ਨਿਵੇਸ਼ ਨੂੰ ਸੁਖਾਲਾ ਬਣਾਉਣ ਲਈ ‘ਇਨਵੈਸਟਮੈਂਟ ਫਾਸਟ ਟਰੈਕ ਮੈਕਾਨਿਜ਼ਮ’ ਵੀ ਸਥਾਪਿਤ ਕੀਤਾ ਹੈ। ਦੋਹਾਂ ਦੇਸ਼ਾਂ ਨੇ ਭਾਰਤ ਬੈਲਜੀਅਮ ਬਿਜ਼ਨੈਸ ਫੋਰਮ ਨੂੰ ਨਿਯਮਿਤ ਤੌਰ ’ਤੇ ਕਰਨ ਅਤੇ ਵਿੱਤੀ, ਫਿਨਟੇਕ ਅਤੇ ਪ੍ਰਬੰਧਕੀ ਸੰਸਥਾਵਾਂ ਦਰਮਿਆਨ ਸਹਿਯੋਗ ਵਧਾਉਣ ’ਤੇ ਸਹਿਮਤੀ ਪ੍ਰਗਟਾਈ।
ਬੈਲਜੀਅਮ ਦੇ ਪ੍ਰਧਾਨ ਮੰਤਰੀ ਨੇ ਸੁਣਾਇਆ ‘ਚਾਕਲੇਟ ਦੇ ਇੰਡੀਆ ਗੇਟ’ ਦਾ ਕਿੱਸਾ
ਬੈਲਜੀਅਮ ਦੇ ਪ੍ਰਧਾਨ ਮੰਤਰੀ ਬਾਰਟ ਡੀ ਵੇਵਰ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਲਈ ਚਾਕਲੇਟ ਨਾਲ ਇੰਡੀਆ ਗੇਟ ਦਾ ਮਾਡਲ ਬਣਵਾਇਆ ਸੀ, ਪਰ ਉਹ ਭਾਰਤ ਲਿਆਉਂਦੇ ਸਮੇਂ ਖ਼ਰਾਬ ਹੋ ਗਿਆ। ਵੇਵਰ ਨੇ ਕਿਹਾ ਕਿੱਸਾ ਸੁਣਾਉਂਦਿਆਂ ਕਿਹਾ ਕਿ ਅਸਲੀ ਇੰਡੀਆ ਗੇਟ ਤਕਰੀਬਨ ਇਕ ਸਦੀ ਤੋਂ ਖੜ੍ਹਾ ਹੈ ਪਰ ਚਾਕਲੇਟ ਨਾਲ ਬਣਿਆ ਮਾਡਲ ਭਾਰਤ ਤੱਕ ਦਾ ਸਫ਼ਰ ਵੀ ਪੂਰਾ ਨਹੀਂ ਕਰ ਪਾਇਆ। ਜ਼ਿਕਰਯੋਗ ਹੈ ਕਿ ਬੈਲਜੀਅਮ ਦੀ ਚਾਕਲੇਟ ਦੁਨੀਆ ਦੀਆਂ ਬਿਹਤਰੀਨ ਚਾਕਲੇਟਾਂ ’ਚੋਂ ਇਕ ਮੰਨੀ ਜਾਂਦੀ ਹੈ।

 

Ad Position 22
No active advertisement
ਅਗਲੀ ਖ਼ਬਰ ਟਰੰਪ ਦੀ ਜਨਮ ਅਧਿਕਾਰ ਨਾਗਰਿਕਤਾ ਰੋਕਣ ਦੀ ਦੂਸਰੀ ਕੋਸ਼ਿਸ਼ ਨਾਕਾਮ ਅਦਾਲਤ ਨੇ ਹੁਣ ‘ਬਰਥ ਟੂਰਿਜ਼ਮ’ ’ਤੇ ਪਾਬੰਦੀ ਲਾਉਣ ਵਾ...
Ad Position 24