ਪੰਜਾਬ ਦੇ ਦਿਨੇਸ਼ ਕੁਮਾਰ ਸਮੇਤ 82 ਅਧਿਆਪਕ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ
ਨਵੀਂ ਦਿੱਲੀ, 5 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਅਧਿਆਪਕ ਦਿਵਸ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦੇਸ਼ ਭਰ ਦੇ 82 ਅਧਿਆਪਕਾਂ ਤੇ ਸਿੱਖਿਆ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ-2026 ਨਾਲ ਸਨਮਾਨਿਤ ਕੀਤਾ। ਇਨ੍ਹਾਂ ’ਚ ਸਕੂਲੀ ਸਿੱਖਿਆ ਤੇ ਸਾਖਰਤਾ ਵਿਭਾਗ ਦੇ 48 ਅਧਿਆਪਕ, ਉੱਚ ਸਿੱਖਿਆ ਸੰਸਥਾਵਾਂ ਤੇ ਪੌਲੀਟੈਕਨਿਕਾਂ ਦੇ 21 ਅਧਿਆਪਕ ਜਾਂ ਫੈਕਲਟੀ ਮੈਂਬਰ ਤੇ ਹੁਨਰ ਵਿਕਾਸ ਤੇ ਉੱਦਮਤਾ ਮੰਤਰਾਲੇ ਦੇ 13 ਹੁਨਰ ਸਿਖਲਾਈਕਾਰ ਸ਼ਾਮਿਲ ਹਨ। ਇਨ੍ਹਾਂ ਅਧਿਆਪਕਾਂ ਨੇ ਸਿੱਖਿਆ ਨੂੰ ਹੋਰ ਰਚਨਾਤਮਕ, ਵਿਹਾਰਕ ਤੇ ਵਿਦਿਆਰਥੀ-ਕੇਂਦਰਿਤ ਬਣਾਉਣ ਲਈ ਵਿਲੱਖਣ ਪਹਿਲਕਦਮੀਆਂ ਕੀਤੀਆਂ ਹਨ।
ਇਸ ਮੌਕੇ ਰਾਸ਼ਟਰਪਤੀ ਨੇ ਅਧਿਆਪਕਾਂ ਦੀ ਭੂਮਿਕਾ ਨੂੰ ਦੇਸ਼ ਦੇ ਭਵਿੱਖ ਨਾਲ ਜੋੜਦਿਆਂ ਕਿਹਾ ਕਿ ਇਕ ਸਮਰਪਿਤ ਅਧਿਆਪਕ ਸਿਰਫ਼ ਵਿਦਿਆਰਥੀਆਂ ਨੂੰ ਪਾਠ ਨਹੀਂ ਪੜ੍ਹਾਉਂਦਾ ਸਗੋਂ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣ ਕੇ ਉਨ੍ਹਾਂ ਨੂੰ ਚੰਗਾ ਤੇ ਜ਼ਿੰਮੇਵਾਰ ਨਾਗਰਿਕ ਬਣਾਉਣ ’ਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਰਾਸ਼ਟਰਪਤੀ ਨੇ ਅਧਿਆਪਕਾਂ ਨੂੰ ਨਵੀਂ ਤਕਨਾਲੋਜੀ ਤੇ ਪੜ੍ਹਾਉਣ ਦੇ ਨਵੀਨਤਮ ਤਰੀਕੇ ਅਪਣਾਉਣ ਦੀ ਅਪੀਲ ਵੀ ਕੀਤੀ। ਇਸ ਸਾਲ ਪੁਰਸਕਾਰ ਹਾਸਲ ਕਰਨ ਵਾਲੇ ਅਧਿਆਪਕਾਂ ਦੀਆਂ ਪਹਿਲਕਦਮੀਆਂ ’ਚ ਰੀਸਾਈਕਲ ਕੀਤੀਆਂ ਚੀਜ਼ਾਂ ਨਾਲ ਵਿਗਿਆਨ ਪਾਰਕ ਤਿਆਰ ਕਰਨਾ, ਰੇਹੜੀ ’ਤੇ ਮੋਬਾਈਲ ਸਾਇੰਸ ਲੈਬ ਬਣਾਉਣਾ, ਪੜ੍ਹਨ ਦੀ ਮੁਹਿੰਮ ਚਲਾਉਣਾ ਤੇ ‘ਟ੍ਰੀ ਟਾਕ’ ਰਾਹੀਂ ਦਰੱਖਤਾਂ ਬਾਰੇ ਜਾਣਕਾਰੀ ਦੇਣਾ ਸ਼ਾਮਿਲ ਹੈ।
‘ਟ੍ਰੀ ਟਾਕ’ ’ਚ ਕਿਊ ਆਰ ਕੋਡ ਦੀ ਵਰਤੋਂ ਕਰਕੇ ਵਿਦਿਆਰਥੀਆਂ ਨੂੰ ਬੂਟਿਆਂ ਤੇ ਦਰੱਖਤਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਹ ਪਹਿਲਕਦਮੀਆਂ ਦੱਸਦੀਆਂ ਹਨ ਕਿ ਅੱਜ ਦਾ ਅਧਿਆਪਕ ਸਿਰਫ਼ ਕਿਤਾਬਾਂ ਤੱਕ ਸੀਮਿਤ ਨਹੀਂ ਰਹਿ ਗਿਆ। ਉਹ ਵਿਦਿਆਰਥੀਆਂ ਨੂੰ ਪ੍ਰਯੋਗ, ਤਕਨਾਲੋਜੀ ਤੇ ਰੋਜ਼ਾਨਾ ਜੀਵਨ ਨਾਲ ਜੋੜ ਕੇ ਸਿੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ’ਚ ਪੰਜਾਬ ਦੇ ਦਿਨੇਸ਼ ਕੁਮਾਰ ਵੀ ਸ਼ਾਮਿਲ ਹਨ, ਜਿਨ੍ਹਾਂ ਵਰਚੂਅਲ ਭੌਤਿਕ (ਫਿਜ਼ਿਕਸ) ਪ੍ਰਯੋਗਸ਼ਾਲਾ ਬਣਾਈ ਤੇ 100 ਤੋਂ ਜ਼ਿਆਦਾ ਘੱਟ ਖਰਚੇ ਵਾਲੇ ਮਾਡਲ ਤਿਆਰ ਕਰਵਾਏ, ਜਿਸ ਨਾਲ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਆਸਾਨੀ ਨਾਲ ਸਮਝਣ ’ਚ ਸਹਾਇਤਾ ਮਿਲੀ। ਇਸ ਤੋਂ ਇਲਾਵਾ ਕਾਰਗਿਲ ਦੇ ਵਾਖਾ ਪਿੰਡ ਦੇ ਅਧਿਆਪਕ ਮੁਹੰਮਦ ਮੁਸਤਫਾ ਕਮਾਲ ਨੇ ਪੁਰਾਣੇ ਫੌਜੀ ਬੰਕਰਾਂ ਨੂੰ ਵਿਗਿਆਨ ਪ੍ਰਯੋਗਸ਼ਾਲਾਵਾਂ ’ਚ ਬਦਲਣ ਤੇ ਕਲਾਸਰੂਮਾਂ ’ਚ ਮੌਕ ਪਾਰਲੀਮੈਂਟ ਵਰਗੀਆਂ ਗਤੀਵਿਧੀਆਂ ਕਰਵਾਉਣ ਰਾਹੀਂ ਬੱਚਿਆਂ ਲਈ ਪੜ੍ਹਾਈ ਨੂੰ ਵਿਹਾਰਕ ਬਣਾਇਆ। ਇਸੇ ਤਰ੍ਹਾਂ ਅਸਾਮ ਦੇ ਅਧਿਆਪਕ ਰਾਜੇਸ਼ ਬੋਰਦੋਲੋਈ ਨੇ ਵਿਦਿਆਰਥੀਆਂ ਨੂੰ ਆਪਣੇ ਘਰਾਂ ’ਚ ਮਾਵਾਂ ਨੂੰ ਪੜ੍ਹਾਉਣ ਲਈ ਪ੍ਰੇਰਿਤ ਕੀਤਾ।