10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਮੁੱਖ ਮੰਤਰੀ ਵਲੋਂ ਫ਼ਸਲੀ ਰਹਿੰਦ-ਖੂੰਹਦ ਦੇ ਸਥਾਈ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਸੀ.ਆਈ.ਆਈ. ਨਾਲ ਮਿਲ ਕੇ ਕੰਮ ਕਰਨ ਦੀ ਵਕਾਲਤ

ਚੰਡੀਗੜ੍ਹ, 9 ਸਤੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਸਲੀ ਰਹਿੰਦ-ਖੂੰਹਦ ਦੇ ਸਥਾਈ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ, ਗਿਆਨ ਤੇ ਤਕਨਾਲੋਜੀ ਦੇ ਆਦਾਨ-ਪ੍ਰਦਾਨ ਰਾਹੀਂ ਬਾਗਬਾਨੀ ਨੂੰ ਮਜ਼ਬੂਤ ਕਰਨ ਅਤੇ ...

Ad Position 21
repet_subhas-goyals [Copy P29]
ਅਜੀਤ ਡੈਸਕ 10-09-2026

ਸਾਡੀ ਸਰਕਾਰ ਪੰਜਾਬ ਨੂੰ ਦੇਸ਼ ਦਾ ਮੋਹਰੀ ਉਦਯੋਗਿਕ ਕੇਂਦਰ ਬਣਾਉਣ ਤੇ ਕਾਰੋਬਾਰਾਂ ਲਈ ਅਨੁਕੂਲ ਮਾਹੌਲ ਸਿਰਜਣ ਲਈ ਲਗਾਤਾਰ ਕੰਮ ਕਰ ਰਹੀ ਹੈ-ਭਗਵੰਤ  ਮਾਨ
ਚੰਡੀਗੜ੍ਹ, 9 ਸਤੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਸਲੀ ਰਹਿੰਦ-ਖੂੰਹਦ ਦੇ ਸਥਾਈ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ, ਗਿਆਨ ਤੇ ਤਕਨਾਲੋਜੀ ਦੇ ਆਦਾਨ-ਪ੍ਰਦਾਨ ਰਾਹੀਂ ਬਾਗਬਾਨੀ ਨੂੰ ਮਜ਼ਬੂਤ ਕਰਨ ਅਤੇ ਸੂਬੇ ਵਿਚ ਉਦਯੋਗਿਕ ਵਿਕਾਸ ਨੂੰ ਨਵੀਆਂ ਬੁਲੰਦੀਆਂ ’ਤੇ ਲੈ ਜਾਣ ਲਈ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਵਾਸਤੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਸੀ.ਆਈ.ਆਈ. ਦੇ ਵਫਦ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਸਰੋਤ ਦੀ ਸੁਚੱਜੀ ਵਰਤੋਂ, ਜਲਵਾਯੂ ਪਰਿਵਰਤਨ ਨਾਲ ਨਜਿੱਠਣ ਅਤੇ ਸਾਫ-ਸੁਥਰੀ ਤਕਨਾਲੋਜੀ ’ਤੇ ਜ਼ੋਰ ਦਿੱਤਾ।

ਉਨ੍ਹਾਂ ਮਾਲਵਾ ਖੇਤਰ, ਖਾਸ ਕਰਕੇ ਸੰਗਰੂਰ ਅਤੇ ਬਰਨਾਲਾ ਵਿਚ ਸ਼ੁਰੂ ਕੀਤੀਆਂ ਪਹਿਲਕਦਮੀਆਂ ਦੇ ਨਾਲ-ਨਾਲ ਲੁਧਿਆਣਾ ’ਚ ਪ੍ਰਸਤਾਵਿਤ ਮਲਟੀ-ਸਕਿੱਲ ਟ੍ਰੇਨਿੰਗ ਇੰਸਟੀਚਿਊਟ ਅਤੇ ਜਲੰਧਰ ਵਿਚ ਇਕ ਅਤਿ-ਆਧੁਨਿਕ ਲੈਬਾਰਟਰੀ ਵਾਲਾ ਸੈਂਟਰ ਆਫ ਐਕਸੀਲੈਂਸ ਫਾਰ ਟੈਕਨੀਕਲ ਟੈਕਸਟਾਈਲਜ ਤਿਆਰ ਕਰਨ ਸਮੇਤ ਨਵੀਆਂ ਹੁਨਰ ਨਿਰਮਾਣ ਅਤੇ ਤਕਨਾਲੋਜੀ ਆਧਾਰਿਤ ਪਹਿਲਕਦਮੀਆਂ ਬਾਰੇ ਗੱਲਬਾਤ ਕੀਤੀ। ਮੀਟਿੰਗ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਨੇ ‘ਐਕਸ’ ’ਤੇ ਕਿਹਾ ਕਿ ਅੱਜ ਮੇਰੀ ਚੰਡੀਗੜ੍ਹ ਵਿਚ ਸੀ.ਆਈ.ਆਈ. ਉੱਤਰੀ ਖੇਤਰ ਦੇ ਚੇਅਰਮੈਨ ਨਾਲ ਅਹਿਮ ਮੀਟਿੰਗ ਹੋਈ। ਇਸ ਦੌਰਾਨ ਅਸੀਂ ਪੰਜਾਬ ਵਿਚ ਉਦਯੋਗਿਕ ਵਿਕਾਸ, ਨਵੇਂ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਬਾਰੇ ਵਿਆਪਕ ਚਰਚਾ ਕੀਤੀ।

ਸਾਡੀ ਸਰਕਾਰ ਪੰਜਾਬ ਨੂੰ ਦੇਸ਼ ਦਾ ਮੋਹਰੀ ਉਦਯੋਗਿਕ ਕੇਂਦਰ ਬਣਾਉਣ ਅਤੇ ਕਾਰੋਬਾਰਾਂ ਲਈ ਅਨੁਕੂਲ ਮਾਹੌਲ ਸਿਰਜਣ ਵਾਸਤੇ ਲਗਾਤਾਰ ਕੰਮ ਕਰ ਰਹੀ ਹੈ। ਸੀ.ਆਈ.ਆਈ. ਦੇ ਵਫ਼ਦ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਲਈ ਪੰਜਾਬ ਸਰਕਾਰ ਅਤੇ ਸੀ.ਆਈ.ਆਈ. ਦਾ ਮਿਲ ਕੇ ਕੰਮ ਕਰਨਾ ਬੇਹੱਦ ਜ਼ਰੂਰੀ ਹੈ। ਸਾਡਾ ਧਿਆਨ ਸਥਿਰਤਾ, ਸਰੋਤ ਦੀ ਸੁਚੱਜੀ ਵਰਤੋਂ, ਜਲਵਾਯੂ ਪਰਿਵਰਤਨ ਨਾਲ ਨਜਿੱਠਣ ਅਤੇ ਸਾਫ-ਸੁਥਰੀ ਤਕਨਾਲੋਜੀ ’ਤੇ ਹੋਣਾ ਚਾਹੀਦਾ ਹੈ, ਜਿਸ ਨਾਲ ਇਕ ਪਾਸੇ ਕਿਸਾਨਾਂ ਨੂੰ ਲਾਭ ਹੋਵੇਗਾ ਅਤੇ ਦੂਜੇ ਪਾਸੇ ਪੰਜਾਬ ਨੂੰ ਸਾਫ-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਰਹਿਤ ਬਣਾਇਆ ਜਾਵੇਗਾ। ਮੁੱਖ ਮੰਤਰੀ ਨੇ ਸੀ.ਆਈ.ਆਈ. ਨੂੰ ਮਾਲਵਾ ਖੇਤਰ, ਵਿਸ਼ੇਸ਼ ਤੌਰ ’ਤੇ ਸੰਗਰੂਰ ਅਤੇ ਬਰਨਾਲਾ, ਜਿੱਥੇ ਝੋਨੇ ਦੀ ਪਰਮਲ ਕਿਸਮ ਦੀ ਖੇਤੀ ਹੁੰਦੀ ਹੈ, ਤੋਂ ਇਲਾਵਾ ਪੰਜਾਬ ਦੇ ਹੋਰ ਹਿੱਸਿਆਂ ਵਿਚ ਵੀ ਫਸਲੀ ਰਹਿੰਦ-ਖੂੰਹਦ ਦੇ ਨਿਪਟਾਰੇ ਦੇ ਯਤਨਾਂ ਨੂੰ ਵਧਾਉਣ ਦਾ ਸੱਦਾ ਦਿੱਤਾ।

ਉਨ੍ਹਾਂ ਕਿਹਾ ਕਿ ਪੰਜਾਬ ਫਸਲੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਟਿਕਾਊ ਅਤੇ ਤਕਨਾਲੋਜੀ-ਆਧਾਰਿਤ ਹੱਲ ਅਪਣਾਉਣ ਲਈ ਵਚਨਬੱਧ ਹੈ। ਮੁੱਖ ਮੰਤਰੀ ਨੇ ਸੀ.ਆਈ.ਆਈ. ਐਗਰੋ ਟੈਕ ਇੰਡੀਆ 2026 ਦੌਰਾਨ ‘ਵਰਲਡ ਹੌਰਟੀਕਲਚਰ ਸੈਂਟਰ’ ਦੇ ਭਾਰਤ ਦੌਰੇ ਨੂੰ ਸੁਚਾਰੂ ਬਣਾਉਣ ਲਈ ਸੀ.ਆਈ.ਆਈ. ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਪੰਜਾਬ ਦੇ ਬਾਗਬਾਨੀ ਖੇਤਰ ਨੂੰ ਮਜਬੂਤ ਕਰਨ ਅਤੇ ਸੂਬੇ ਦੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਗਿਆਨ ਦੇ ਆਦਾਨ-ਪ੍ਰਦਾਨ ਅਤੇ ਤਕਨਾਲੋਜੀ ਸਹਿਯੋਗ ’ਤੇ ਹੋਰ ਜ਼ੋਰ ਦਿੱਤਾ। ਉਨ੍ਹਾਂ ਨੇ ਕਾਰੋਬਾਰ ਕਰਨ ਦੀ ਸੌਖ ਅਤੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਮੁੱਖ ਕੇਂਦਰਾਂ ’ਤੇ ਉਦਯੋਗਿਕ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

ਮੁੱਖ ਮੰਤਰੀ ਨੇ ਕਿਹਾ ਕਿ ਕਾਰੋਬਾਰ ਕਰਨ ਦੀ ਸੌਖ ਵਿਚ ਸੁਧਾਰ ਕਰਨ, ਲਾਗਤਾਂ ਘਟਾਉਣ ਅਤੇ ਸੂਬੇ ਵਿਚ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਆਧੁਨਿਕ ਅਤੇ ਯੋਜਨਾਬੱਧ ਬੁਨਿਆਦੀ ਢਾਂਚਾ ਬਹੁਤ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਉਦਯੋਗਿਕ ਖੇਤਰਾਂ ਨੂੰ ਭਰੋਸੇਯੋਗ ਅਤੇ ਮਿਆਰੀ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਨਾਲ-ਨਾਲ ਉਦਯੋਗਿਕ ਕੰਮਕਾਜ ਨੂੰ ਪ੍ਰਭਾਵਿਤ ਕਰਨ ਵਾਲੀਆਂ ਅਹਿਮ ਬੁਨਿਆਦੀ ਢਾਂਚੇ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਵਚਨਬੱਧ ਹੈ। ਭਗਵੰਤ ਮਾਨ ਨੇ ਲੁਧਿਆਣਾ ’ਚ ਪ੍ਰਸਤਾਵਿਤ ਮਲਟੀ-ਸਕਿੱਲ ਟ੍ਰੇਨਿੰਗ ਇੰਸਟੀਚਿਊਟ (ਐਮ.ਐਸ.ਟੀ.ਆਈ.) ਸਥਾਪਿਤ ਕਰਨ ਲਈ ਸੀ.ਆਈ.ਆਈ. ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੰਦਿਆਂ ਕਿਹਾ ਕਿ ਅਜਿਹੀ ਪਹਿਲਕਦਮੀ ਸਮੇਂ ਦੀ ਮੁੱਖ ਲੋੜ ਹੈ।

ਉਨ੍ਹਾਂ ਨੇ ਕਿਹਾ ਕਿ ਪ੍ਰਸਤਾਵਿਤ ਮਲਟੀ-ਸਕਿੱਲ ਟ੍ਰੇਨਿੰਗ ਇੰਸਟੀਚਿਊਟ ਸਥਾਨਕ ਉਦਯੋਗ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਪੰਜਾਬ ਵਿਚ ਹੁਨਰਮੰਦ ਮਨੁੱਖੀ ਸ਼ਕਤੀ ਤਿਆਰ ਕਰਨ ਵਿਚ ਮਦਦ ਕਰਨ ਦੇ ਨਾਲ-ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੀ.ਆਈ.ਆਈ. ਨੂੰ ਜਲੰਧਰ ਵਿਚ ਇਕ ਅਲਟਰਾ-ਮਾਡਰਨ ਲੈਬਾਰਟਰੀ ਦੇ ਨਾਲ ਪੰਜਾਬ ਵਿਚ ‘ਸੈਂਟਰ ਆਫ ਐਕਸੀਲੈਂਸ ਫਾਰ ਟੈਕਨੀਕਲ ਟੈਕਸਟਾਈਲ’ ਸਥਾਪਿਤ ਕਰਨ ਦੀ ਸੰਭਾਵਨਾ ਬਾਰੇ ਪਤਾ ਲਗਾਉਣਾ ਚਾਹੀਦਾ ਹੈ।

ਉਨ੍ਹਾਂ ਨੇ ਸਿਖਲਾਈ ਪ੍ਰਾਪਤ ਮਨੁੱਖੀ ਸ਼ਕਤੀ ਪ੍ਰਦਾਨ ਕਰਨ ਅਤੇ ਸੂਬੇ ਵਿਚ ਆਰਥਿਕ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਣ ਲਈ ਰੱਖਿਆ ਨਿਰਮਾਣ ਉਦਯੋਗਾਂ ਲਈ ਵਿਸ਼ੇਸ਼ ਸਕਿੱਲ ਸੈਂਟਰ ਸਥਾਪਿਤ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਮੀਟਿੰਗ ਦੌਰਾਨ ਖੇਤੀਬਾੜੀ, ਫਸਲੀ ਰਹਿੰਦ-ਖੂੰਹਦ ਪ੍ਰਬੰਧਨ, ਬਾਗਬਾਨੀ, ਬੁਨਿਆਦੀ ਢਾਂਚਾ, ਹੁਨਰ ਵਿਕਾਸ ਅਤੇ ਉੱਭਰ ਰਹੇ ਉਦਯੋਗਿਕ ਖੇਤਰਾਂ ਵਿਚ ਸਰਕਾਰ-ਉਦਯੋਗ ਸਹਿਯੋਗ ਨੂੰ ਹੋਰ ਮਜਬੂਤ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਗਿਆ, ਜਿਸ ਦਾ ਸਾਂਝਾ ਉਦੇਸ਼ ਟਿਕਾਊ ਵਿਕਾਸ ਨੂੰ ਹੁਲਾਰਾ ਦੇਣਾ ਅਤੇ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨਾ ਸੀ। 

Ad Position 22
No active advertisement
ਪਿਛਲੀ ਖ਼ਬਰ ਕੇਜਰੀਵਾਲ ਸਰਬਸੰਮਤੀ ਨਾਲ ਦੁਬਾਰਾ ‘ਆਪ’ ਦੇ ਰਾਸ਼ਟਰੀ ਕਨਵੀਨਰ ਚੁਣੇ ਗਏ ਅਗਲੀ ਖ਼ਬਰ 1 ਅਕਤੂਬਰ ਤੱਕ 18 ਸਾਲ ਦੇ ਹੋਣ ਵਾਲੇ ਨੌਜਵਾਨ 12 ਸਤੰਬਰ ਤੱਕ ਆਪਣਾ ਨਾਂਅ ਵੋਟਰ ਵਜੋਂ ਕਰਵਾ ਸਕਦੇ ਹਨ ਦਰਜ-ਅਨੰਦਿਤਾ ਮਿਤ...
Ad Position 24