ਹਰਜਿੰਦਰ ਸਿੰਘ ਲਾਲ
ਖੰਨਾ, 15 ਸਤੰਬਰ-ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ’ਚ ਝੋਨੇ ਦੀ ਫ਼ਸਲ ਆਉਣੀ ਸ਼ੁਰੂ ਹੋ ਗਈ ਹੈ। ਜਿੱਥੇ ਇਸ ਵਾਰ ਬੰਪਰ ਪੈਦਾਵਾਰ ਦੀ ਖ਼ੁਸ਼ੀ ਹੈ ਉਥੇ ਚੌਲ ਉਦਯੋਗ ਲਈ ਜੰਗ ਕਾਰਨ ਵਿਦੇਸ਼ੀ ਬਾਜ਼ਾਰਾਂ ਦੀ ਅਨਿਸ਼ਚਿਤਤਾ ਵੱਡੀ ਚਿੰਤਾ ਬਣ ਗਈ ਹੈ। ਪੰਜਾਬ ’ਚ 1509 ਬਾਸਮਤੀ ਦਾ ਝਾੜ ਪਿਛਲੇ ਸਾਲ ਨਾਲੋਂ 15-20 ਫ਼ੀਸਦੀ ਜ਼ਿਆਦਾ ਹੋ ਰਿਹਾ ਹੈ। ਪੱਛਮੀ ਏਸ਼ੀਆ ’ਚ ਜੰਗੀ ਤਣਾਅ, ਹੋਰਮੁਜ਼ ਤੇ ਬਾਬ-ਅਲ-ਮੰਦਬ ਜਲਡਮਰੂ-ਮੱਧਾਂ ਨਾਲ ਜੁੜੇ ਸਮੁੰਦਰੀ ਜੋਖ਼ਮ, ਵਧ ਭਾੜਾ ਤੇ ਮਹਿੰਗੇ ਬੀਮੇ ਨੇ ਭਾਰਤੀ ਚੌਲ ਨਿਰਯਾਤਕਾਂ ਲਈ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਪੰਜਾਬ ’ਚ ਇਸ ਸਾਲ ਬਾਸਮਤੀ ਦਾ ਝਾੜ ਕਰੀਬ 23 ਤੋਂ 25 ਕੁਇੰਟਲ ਪ੍ਰਤੀ ਏਕੜ ਰਹਿਣ ਦੇ ਅਨੁਮਾਨ ਹਨ। ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਤੋਂ ਵੀ ਚੰਗੇ ਝਾੜ ਦੇ ਚੰਗੇ ਸੰਕੇਤ ਹਨ। ਆਉਣ ਵਾਲੇ ਦਿਨਾਂ ’ਚ ਬਾਸਮਤੀ ਦੀਆਂ 1121, 1718, 1401, ਸੁਗੰਧਾ ਤੇ ਆਰ.ਐੱਚ.-10 ਵਰਗੀਆਂ ਕਿਸਮਾਂ ਦੀ ਆਮਦ ਵੀ ਸ਼ੁਰੂ ਹੋ ਜਾਵੇਗੀ।
ਚੌਲ ਉਦਯੋਗ ਲਈ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਇਸ ਨਵੀਂ ਫ਼ਸਲ ਨੂੰ ਵਿਦੇਸ਼ੀ ਬਾਜ਼ਾਰਾਂ ਤੱਕ ਪਹੁੰਚਾਉਣਾ ਪਹਿਲਾਂ ਨਾਲੋਂ ਮਹਿੰਗਾ ਤੇ ਜੋਖ਼ਮ ਭਰਿਆ ਹੈ। ਪੱਛਮੀ ਏਸ਼ੀਆ ਦੇ ਜੰਗੀ ਹਾਲਾਤ ਕਾਰਨ ਸਮੁੰਦਰੀ ਭਾੜੇ, ਸਮੁੰਦਰੀ ਬੀਮੇ ਤੇ ਜੰਗੀ ਜੋਖ਼ਮ ਵਾਲੇ ਪ੍ਰੀਮੀਅਮ ’ਚ ਵੱਡਾ ਵਾਧਾ ਹੋਇਆ ਹੈ। ਕੁਝ ਰਾਹਾਂ ’ਤੇ ਭਾੜਾ ਕਈ ਗੁਣਾ ਵਧਣ ਕਾਰਨ ਨਿਰਯਾਤਕਾਂ ਦੀ ਲਾਗਤ ’ਤੇ ਸਿੱਧਾ ਦਬਾਅ ਪੈ ਰਿਹਾ ਹੈ। ਇਰਾਕ, ਕੁਵੈਤ, ਬਹਿਰੀਨ, ਕਤਰ ਤੇ ਸਾਊਦੀ ਅਰਬ ਸਮੇਤ ਕਈ ਮੱਧ-ਪੂਰਬੀ ਬਾਜ਼ਾਰਾਂ ਲਈ ਮਾਲ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਇਸ ਨਾਲ ਨਾ ਸਿਰਫ਼ ਮਾਲ ਦੀ ਸਪਲਾਈ ਲੇਟ ਹੋ ਰਹੀ ਹੈ ਸਗੋਂ ਪ੍ਰਤੀ ਕੰਟੇਨਰ ਲਾਗਤ ਵੀ ਵਧ ਰਹੀ ਹੈ। ਭਾਰਤ ਤੋਂ ਦੂਜਾ ਸਭ ਤੋਂ ਵੱਧ ਬਾਸਮਤੀ ਖਰੀਦਣ ਵਾਲਾ ਦੇਸ਼ ਈਰਾਨ ਇਸ ਸਮੇਂ ਗੰਭੀਰ ਵਿੱਤੀ ਸੰਕਟ ’ਚੋਂ ਲੰਘ ਰਿਹਾ ਹੈ। ਈਰਾਨ ਨਾਲ ਜੁੜੇ ਭਾਰਤੀ ਨਿਰਯਾਤਕਾਂ ਨੂੰ ਲੱਖਾਂ ਡਾਲਰ ਫਸੇ ਹੋਣ ਦੀ ਚਿੰਤਾ ਹੈ। ਈਰਾਨ ਨੂੰ ਭੇਜੀਆਂ ਚੌਲਾਂ ਦੀਆਂ ਕੁਝ ਖੇਪਾਂ ਅਜੇ ਵੀ ਭਾਰਤੀ ਬੰਦਰਗਾਹਾਂ ’ਤੇ ਹੀ ਰੁਕੀਆਂ ਹੋਈਆਂ ਹਨ।
ਬਾਬ-ਅਲ-ਮੰਦੇਬ ਦਾ ਯੂਰਪ ਤੱਕ ਪੈ ਸਕਦੈ ਅਸਰ
ਲਾਲ ਸਾਗਰ ਖੇਤਰ ’ਚ ਹੂਤੀਆਂ ਦੀਆਂ ਸਰਗਰਮੀਆਂ ਤੇ ਸਾਊਦੀ ਅਰਬ ਨਾਲ ਵਧਦੇ ਟਕਰਾਅ ਨੇ ਭਾਰਤੀ ਨਿਰਯਾਤਕਾਂ ਦੀ ਚਿੰਤਾ ਹੋਰ ਵੀ ਵਧਾ ਦਿੱਤੀ ਹੈ। ਜੇਕਰ ਬਾਬ-ਅਲ-ਮੰਦੇਬ ਜਲਡਮਰੂ-ਮੱਧ ’ਚ ਜਹਾਜ਼ਰਾਨੀ ਨੂੰ ਰੁਕਾਵਟ ਪੈਦੀ ਹੈ ਤਾਂ ਇਸ ਦਾ ਪ੍ਰਭਾਵ ਸਿਰਫ਼ ਮੱਧ-ਪੂਰਬ ਤੱਕ ਸੀਮਿਤ ਨਹੀਂ ਰਹੇਗਾ ਸਗੋਂ ਯੂਰਪੀ ਬਾਜ਼ਾਰਾਂ ਤੱਕ ਭਾਰਤੀ ਚੌਲਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਵੇਗੀ।
ਪਾਕਿਸਤਾਨ ਦੀ ਬੰਪਰ ਫ਼ਸਲ ਨਾਲ ਵੀ ਭਾਰਤ ਨੂੰ ਮਿਲੇਗੀ ਤਿੱਖੀ ਟੱਕਰ
ਭਾਰਤੀ ਬਾਸਮਤੀ ’ਚ ਇਸ ਸਾਲ ਪਾਕਿਸਤਾਨ ਵੀ ਵੱਡੀ ਮੁਕਾਬਲੇਬਾਜ਼ ਚੁਣੌਤੀ ਬਣ ਕੇ ਉਭਰ ਸਕਦਾ ਹੈ। ਪਿਛਲੇ ਸਾਲ ਵੱਡੇ ਹੜ੍ਹਾਂ ਕਾਰਨ ਪਾਕਿਸਤਾਨ ’ਚ ਬਾਸਮਤੀ ਦੀ ਫ਼ਸਲ ਘਟ ਕੇ ਸਿਰਫ਼ 8 ਲੱਖ ਮੀਟ੍ਰਿਕ ਟਨ ਦੇ ਕਰੀਬ ਹੋਈ ਸੀ। ਗੌਰਤਲਬ ਹੈ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਪਾਕਿਸਤਾਨੀ ਬਾਸਮਤੀ ਦੀ ਕੀਮਤ ਭਾਰਤੀ ਬਾਸਮਤੀ ਨਾਲੋਂ ਕਰੀਬ 18-19 ਹਜਾਰ ਰੁਪਏ ਪ੍ਰਤੀ ਟਨ ਜ਼ਿਆਦਾ ਰਹੀ ਹੈ। ਇਸ ਸਾਲ ਪਾਕਿਸਤਾਨ ’ਚ ਬਾਸਮਤੀ ਦੀ ਫ਼ਸਲ ਕਰੀਬ 15 ਲੱਖ ਟਨ ਹੋਣ ਦੀ ਉਮੀਦ ਹੈ। ਇਸ ਲਈ ਪਾਕਿਸਤਾਨ ਇਸ ਵਾਰ ਭਾਰਤੀ ਬਾਸਮਤੀ ਨੂੰ ਜ਼ਿਆਦਾ ਤਿੱਖੀ ਟੱਕਰ ਦੇਵੇਗਾ, ਜੋ ਭਾਰਤੀ ਵਪਾਰੀਆਂ ਲਈ ਫ਼ਿਕਰ ਦੀ ਗੱਲ ਹੈ। ਪਾਕਿਸਤਾਨ ਦੇ ਮੁੱਖ ਬਾਜ਼ਾਰਾਂ ’ਚ ਅਫ਼ਗਾਨਿਸਤਾਨ, ਈਰਾਨ ਤੇ ਯੂਰਪ ਸ਼ਾਮਿਲ ਹਨ। ਅਫ਼ਗਾਨਿਸਤਾਨ ਨਾਲ ਉਸ ਦੀਆਂ ਸਰਹੱਦਾਂ ਪਿਛਲੇ ਛੇ ਮਹੀਨਿਆਂ ਤੋਂ ਬੰਦ ਹਨ ਤੇ ਪਾਕਿਸਤਾਨੀ ਚੌਲਾਂ ਦਾ ਵੱਡਾ ਸਟਾਕ ਪਹਿਲਾਂ ਹੀ ਈਰਾਨ ਦੇ ਗੋਦਾਮਾਂ ’ਚ ਮੌਜੂਦ ਹੋਣ ਦੀ ਚਰਚਾ ਹੈ। ਸੋ ਪਾਕਿਸਤਾਨੀ ਬਾਸਮਤੀ ਇਸ ਵਾਰ ਭਾਰਤ ਲਈ ਹੋਰ ਕਈ ਅੰਤਰਰਾਸ਼ਟਰੀ ਬਾਜਾਰਾਂ ’ਚ ਵੀ ਚੁਣੌਤੀ ਬਣ ਸਕਦੀ ਹੈ।
ਨਿਰਯਾਤ ਬਾਜ਼ਾਰ ਸਥਿਰ ਨਾ ਰਿਹਾ ਤਾਂ ਭਾਅ ਘਟ ਸਕਦੈ
ਚੌਲ ਉਦਯੋਗ ਸਾਹਮਣੇ ਇਸ ਵਾਰ ਸਥਿਤੀ ਬੇਹੱਦ ਵਿਰੋਧਾਭਾਸੀ ਹੈ। ਖੇਤਾਂ ’ਚ ਬੰਪਰ ਪੈਦਾਵਾਰ ਦੇ ਸੰਕੇਤ ਹਨ, ਕਿਸਾਨਾਂ ਨੂੰ ਚੰਗੇ ਭਾਅ ਮਿਲ ਰਹੇ ਹਨ, ਪਰ ਜੇਕਰ ਜੰਗੀ ਤਣਾਅ, ਸਮੁੰਦਰੀ ਰਾਹਾਂ ਦੀ ਅਨਿਸ਼ਚਿਤਤਾ, ਉੱਚਾ ਭਾੜਾ ਤੇ ਬੀਮੇ ਦੀ ਮਹਿੰਗਾਈ ਜਾਰੀ ਰਹੀ ਤਾਂ ਨਵੀਂ ਬੰਪਰ ਫ਼ਸਲ ਦੇ ਦਬਾਅ ਕਾਰਨ ਭਾਅ ਘਟ ਵੀ ਸਕਦੇ ਹਨ। ਪੰਜਾਬ ਤੇ ਹਰਿਆਣਾ ਦੇ ਚੌਲ ਉਦਯੋਗ ਲਈ ਇਹ ਦੋਹਰੀ ਪਰਖ ਵਾਲਾ ਸਮਾਂ ਹੈ, ਇਕ ਪਾਸੇ ਬੰਪਰ ਫ਼ਸਲ ਨੂੰ ਸੰਭਾਲਣਾ ਜਰੂਰੀ ਹੈ ਤੇ ਦੂਜੇ ਪਾਸੇ ਉਸ ਲਈ ਵਿਦੇਸ਼ੀ ਬਾਜ਼ਾਰ ਸੁਰੱਖਿਅਤ ਰੱਖਣਾ ਵੀ ਜ਼ਰੂਰੀ ਹੈ।