ਜਲੰਧਰ, 22 ਸਤੰਬਰ (ਜਸਪਾਲ ਸਿੰਘ)-ਜਬਰ-ਜਨਾਹ ਵਰਗੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਤੇ ਹਾਲ ਹੀ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਛੇਕੇ ਗਏ ਅਮਰਜੀਤ ਸਿੰਘ ਚਾਵਲਾ ਤੇ ਮਲਕੀਤ ਸਿੰਘ ਦੇ ਮਾਮਲੇ ’ਚ ਅੱਜ ਉਸ ਸਮੇਂ ਇਕ ਨਵਾਂ ਮੋੜ ਆ ਗਿਆ, ਜਦੋਂ ਉਕਤ ਦੋਵਾਂ ’ਤੇ ਦੋਸ਼ ਲਗਾਉਣ ਵਾਲੀ ਬਹਿਰੀਨ ਤੋਂ ਆਈ ਔਰਤ ਨੇ ਇਕ ਹੋਰ ਵੀਡੀਓ ਜਾਰੀ ਕਰਕੇ ਨਾ ਕੇਵਲ ਇਸ ਮਾਮਲੇ ’ਚ ਕਈ ਅਹਿਮ ਖੁਲਾਸੇ ਕੀਤੇ ਹਨ, ਬਲਕਿ ਪੁਲਿਸ ਨੂੰ ਸੌਂਪੇ ਆਪਣੇ ਮੋਬਾਈਲ ਫੋਨ ਦੀਆਂ ਕਾਲ ਡਿਟੇਲ ਤੇ ਚੈਟ ਆਦਿ ਨੂੰ ਵੀ ਜਨਤਕ ਕੀਤੇ ਜਾਣ ਦੀ ਮੰਗ ਕੀਤੀ ਹੈ। ਕਰੀਬ ਢਾਈ ਮਿੰਟ ਦੀ ਇਸ ਵੀਡੀਓ ਕਲਿੱਪ ’ਚ ਉਕਤ ਬੀਬੀ ਸੰਗਤ ਨੂੰ ਸੰਬੋਧਿਤ ਹੁੰਦੀ ਹੋਈ ਕਹਿ ਰਹੀ ਹੈ ਕਿ ਉਹ 17 ਨਵੰਬਰ ਨੂੰ ਬਹਿਰੀਨ ਤੋਂ ਪੰਜਾਬ ਆਈ ਸੀ ਤੇ ਇਸ ਸੰਬੰਧੀ ਉਸ ਨੂੰ ਸਰਬਜੀਤ ਸਿੰਘ ਝਿੰਜਰ ਤੇ ਵਿਰਸਾ ਸਿੰਘ ਵਲਟੋਹਾ ਵਲੋਂ ਦੋ ਟਿਕਟਾਂ ਭੇਜੀਆਂ ਗਈਆਂ ਸਨ। ਉਸ ਨੇ ਕਿਹਾ ਕਿ ਜਦੋਂ ਉਹ ਪੰਜਾਬ ਆਈ ਤਾਂ ਉਹ ਦੋਵੇਂ (ਵਲਟੋਹਾ ਤੇ ਝਿੰਜਰ) ਮੇਰੇ ਸੰਪਰਕ ’ਚ ਰਹੇ ਅਤੇ ਮੇਰੇ ’ਤੇ ਸਿਆਸੀ ਆਗੂਆਂ ਦੇ ਖਿਲਾਫ਼ ਬੋਲਣ ਲਈ ਲਗਾਤਾਰ ਦਬਾਅ ਪਾਉਂਦੇ ਰਹੇ ਪਰ ਜਦੋਂ ਮੈਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਦੋਵਾਂ ਨੇ ਮੈਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਰਹਿਣ ਲਈ ਕਿਹਾ ਤੇ ਬਾਅਦ ’ਚ ਗੱਲ ਕਰਨ ਲਈ ਆਖਿਆ। ਜਿੱਥੇ ਉਨ੍ਹਾਂ ਮੇਰੇ ਨਾਲ ਗੱਲਬਾਤ ਕਰਨ ਲਈ ਅਮਰਜੀਤ ਸਿੰਘ ਚਾਵਲਾ ਦੀ ਡਿਊਟੀ ਲਗਾ ਦਿੱਤੀ ਤੇ ਮੈਂ ਭਾਈ ਬਚਿੱਤਰ ਸਿੰਘ ਸਰਾਂ ਵਿਖੇ ਰਹੀ ਅਤੇ ਉੱਥੇ ਜੋ ਮੇਰੇ ਨਾਲ ਹੋਇਆ ਉਹ ਸਭ ਦੇ ਸਾਹਮਣੇ ਹੈ। ਉਕਤ ਔਰਤ ਨੇ ਕਿਹਾ ਕਿ ਉਹ ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਵੀ ਦੋ-ਤਿੰਨ ਵਾਰ ਮਿਲੀ ਤੇ ਇਨ੍ਹਾਂ ਇਲਾਵਾ ਉਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਮਿਲ ਕੇ ਸਾਰੀ ਗੱਲ ਦੱਸੀ ਤੇ ਚੈਟਾਂ ਬਾਰੇ ਵੀ ਜਾਣਕਾਰੀ ਦਿੱਤੀ ਪਰ ਕਿਸੇ ਨੇ ਵੀ ਉਸ ਦੀ ਕੋਈ ਗੱਲ ਨਹੀਂ ਸੁਣੀ ਤੇ ਇਹੀ ਕਿਹਾ ਕਿ ਐਫ.ਆਈ.ਆਰ. ਦਰਜ ਕਰਵਾ। ਜਦੋਂ ਕਿਸੇ ਨੇ ਉਸ ਦੀ ਕੋਈ ਗੱਲ ਨਾ ਸੁਣੀ ਤਾਂ ਅਖੀਰ ਉਸ ਨੇ ਐਫ. ਆਈ. ਆਰ. ਦਰਜ ਕਰਵਾ ਦਿੱਤੀ। ਵੀਡੀਓ ’ਚ ਉਕਤ ਬੀਬੀ ਨੇ ਅੱਗੇ ਕਿਹਾ ਹੈ ਕਿ ਉਹ ਆਪਣੇ ਫੋਨ ਪੁਲਿਸ ਨੂੰ ਦੇ ਚੁੱਕੀ ਹੈ, ਜਿਨ੍ਹਾਂ ’ਚ ਵਿਰਸਾ ਸਿੰਘ ਵਲਟੋਹਾ, ਸਰਬਜੀਤ ਸਿੰਘ ਝਿੰਜਰ ਤੇ ਅਮਰਜੀਤ ਸਿੰਘ ਚਾਵਲਾ ਸਮੇਤ ਹੋਰਨਾਂ ਸਿਆਸੀ ਆਗੂਆਂ ਦੀਆਂ ਕਾਲਾਂ ਮੌਜੂਦ ਹਨ ਤੇ ਜੇਕਰ ਇਨ੍ਹਾਂ ਕਾਲਾਂ ਦੀ ਡਿਟੇਲ ਤੇ ਚੈਟ ਜਨਤਕ ਕੀਤੀ ਜਾਵੇ ਤਾਂ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਉਸ ਨੇ ਕਿਹਾ ਕਿ ਉਸ ਨੇ ਆਪਣੇ ਫੋਨ ਖੁਦ ਪੁਲਿਸ ਨੂੰ ਦਿੱਤੇ ਹਨ ਤੇ ਉਸ ਦੀ ਬੇਨਤੀ ਹੈ ਕਿ ਉਸ ਦੇ ਫੋਨ ਕਾਲਾਂ ਦੀ ਡਿਟੇਲ ਤੇ ਚੈਟ ਦਾ ਡਾਟਾ ਸਾਰੀ ਸੰਗਤ ਦੇ ਸਾਹਮਣੇ ਰੱਖਿਆ ਜਾਵੇ ਤਾਂ ਜੋ ਸੰਗਤ ਨੂੰ ਵੀ ਪਤਾ ਲੱਗ ਸਕੇ ਕਿ ਉਸ ਨੂੰ ਕਿਹੜੇ-ਕਿਹੜੇ ਸਿਆਸੀ ਆਗੂਆਂ ਦੇ ਫੋਨ ਆਉਂਦੇ ਸੀ ਤੇ ਕਿਹੜਾ ਉਸ ਨੂੰ ਮੈਸੇਜ ਭੇਜਦਾ ਰਿਹਾ ਹੈ।
ਬਹਿਰੀਨ ਵਾਲੀ ਬੀਬੀ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਕੀਤੇ ਅਹਿਮ ਖੁਲਾਸੇ
* ਕਿਹਾ, ਵਲਟੋਹਾ ਤੇ ਝਿੰਜਰ ਨੇ ਬਹਿਰੀਨ ਤੋਂ ਆਉਣ ਲਈ ਭੇਜੀਆਂ ਸੀ ਟਿਕਟਾਂ * ਸਿਆਸੀ ਆਗੂਆਂ ਖਿਲਾਫ਼ ਬੋਲਣ ਲਈ ਪਾਇਆ ਦਬਾਅ ਜਲੰਧਰ, 22 ਸਤੰਬਰ (ਜਸਪਾਲ ਸਿੰਘ)-ਜਬਰ-ਜਨਾਹ ਵਰਗੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਤੇ ਹਾਲ ਹੀ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਛੇਕੇ ਗਏ ਅਮਰਜੀਤ ਸਿੰਘ ਚਾਵਲਾ ਤੇ ਮਲਕੀਤ ਸਿੰਘ ਦੇ ਮਾਮਲੇ ’ਚ ਅੱਜ ਉਸ ਸਮੇਂ ਇਕ ਨਵਾਂ ਮੋੜ ਆ ਗਿਆ, ਜਦੋਂ ...
ਅਜੀਤ ਡੈਸਕ
23-09-2026