04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਪੰਜਾਬ ਪੁਲਿਸ ’ਚ 10 ਹਜ਼ਾਰ ਨਵੀਆਂ ਅਸਾਮੀਆਂ ਭਰੀਆਂ ਜਾਣਗੀਆਂ-ਭਗਵੰਤ ਮਾਨ ‘ਯੁੱਧ ਨਸ਼ਿਆਂ ਵਿਰੁੱਧ’ ਸਮਾਗਮ ’ਚ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਪੁਲਿਸ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ

ਫਿਲੌਰ, 3 ਅਕਤੂਬਰ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਪੰਜਾਬ ਪੁਲਿਸ ਵਿਚ 10,000 ਨਵੀਆਂ ਅਸਾਮੀਆ ਭਰਨ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ‘ਯੁੱਧ ਨਸ਼ਿਆਂ ਵਿਰੁੱਧ’ ਦੇ ਅੰਤਿਮ ਅਤੇ ਫ਼ੈਸਲਾਕੁੰਨ ...

Ad Position 21
No active advertisement
ਅਜੀਤ ਡੈਸਕ 04-10-2026

ਫਿਲੌਰ, 3 ਅਕਤੂਬਰ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਪੰਜਾਬ ਪੁਲਿਸ ਵਿਚ 10,000 ਨਵੀਆਂ ਅਸਾਮੀਆ ਭਰਨ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ‘ਯੁੱਧ ਨਸ਼ਿਆਂ ਵਿਰੁੱਧ’ ਦੇ ਅੰਤਿਮ ਅਤੇ ਫ਼ੈਸਲਾਕੁੰਨ ਪੜਾਅ ’ਤੇ ਜੰਗ ਲੜ ਰਿਹਾ ਹੈ। ਆਪਣੀ ਤਰ੍ਹਾਂ ਦੀ ਪਹਿਲੀ ‘ਐਸ.ਐਚ.ਓਜ਼. ਮਿਲਣੀ’ ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਨੂੰ ਨਸ਼ਿਆਂ ਖ਼ਿਲਾਫ਼ ਹਰ ਜਾਇਜ਼ ਕਾਰਵਾਈ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ ਗਈ ਹੈ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਪਿੰਡਾਂ ਤੇ ਕਸਬਿਆਂ ਵਿਚ ਜਾਣ, ਲੋਕਾਂ ਨੂੰ ਨਾਲ ਲੈਣ ਅਤੇ ਇਸ ਲਾਹਨਤ ’ਤੇ ਰੋਕ ਲਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਹੁਣ ਪੂਰੇ ਪੰਜਾਬ ਵਿਚ ਲੋਕ ਲਹਿਰ ਬਣ ਚੁੱਕਾ ਹੈ, ਜਦਕਿ ਪੁਲਿਸ ਫੋਰਸ ਨੂੰ ਜਲਦ ਹੀ 450 ਏ.ਐਸ.ਆਈ. ਅਤੇ 3,400 ਪੁਲਿਸ ਜਵਾਨ ਮਿਲਣਗੇ। ਇਸ ਸਮਾਗਮ ਦੀਆਂ ਕੁੱਝ ਝਲਕੀਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਨੇ ‘ਐਕਸ’ ’ਤੇ ਲਿਖਿਆ: ‘ਅੱਜ ਮਹਾਰਾਜਾ ਰਣਜੀਤ ਸਿੰਘ ਅਕੈਡਮੀ, ਫਿਲੌਰ ਵਿਖੇ ਡੀ.ਜੀ.ਪੀ. ਤੋਂ ਲੈ ਕੇ ਐਸ.ਐਚ.ਓ. ਤੱਕ ਦੇ ਪੰਜਾਬ ਪੁਲਿਸ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅਸੀਂ ਪੁਲਿਸ ਨੂੰ ਨਸ਼ਾ ਤਸਕਰਾਂ ਵਿਰੁੱਧ ਕਾਨੂੰਨ ਦੇ ਦਾਇਰੇ ਵਿਚ ਸਖ਼ਤ ਕਾਰਵਾਈ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਹੈ। ਫੋਰਸ ਨੂੰ ਅਤਿ-ਆਧੁਨਿਕ ਸਹੂਲਤਾਂ ਦੇਣ ਦੇ ਨਾਲ-ਨਾਲ ਅਸੀਂ ਬਿਨਾਂ ਕਿਸੇ ਸਿਫ਼ਾਰਸ਼ ਜਾਂ ਪੱਖਪਾਤ ਦੇ 10,000 ਨਵੀਆਂ ਭਰਤੀਆਂ ਵੀ ਕਰਨ ਜਾ ਰਹੇ ਹਾਂ। ਆਓ ਸੰਕਲਪ ਲਈਏ ਕਿ ਜਦੋਂ ਤੱਕ ਨਸ਼ਿਆਂ ਦੀ ਲਾਹਨਤ ਨੂੰ ਜੜ੍ਹੋਂ ਨਹੀਂ ਪੁੱਟ ਦਿੱਤਾ ਜਾਂਦਾ, ਅਸੀਂ ਨਾ ਰੁਕਾਂਗੇ ਅਤੇ ਨਾ ਹੀ ਝੁਕਾਂਗੇ। ਅਸੀਂ ਕਿਸੇ ਵੀ ਮਾਂ ਜਾਂ ਭੈਣ ਦੀ ਅੱਖ ਵਿਚ ਅੱਥਰੂ ਨਹੀਂ ਆਉਣ ਦੇਵਾਂਗੇ ਅਤੇ ਨਸ਼ਾ ਮੁਕਤ ‘ਰੰਗਲਾ ਪੰਜਾਬ’ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ’। ਪੁਲਿਸ ਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਇਕ ਇਤਿਹਾਸਕ ਪਹਿਲਕਦਮੀ ਹੈ ਜਿਸ ਰਾਹੀਂ ਮੈਂ, ਡੀ.ਜੀ.ਪੀ. ਨਾਲ ਮਿਲ ਕੇ ਤੁਹਾਡੇ ਕੰਮਕਾਜ ਦੇ ਹਾਲਾਤ ਨੂੰ ਸਮਝਣ, ਤੁਹਾਡੀਆਂ ਸਮੱਸਿਆਵਾਂ ਸੁਣਨ ਅਤੇ ਤੁਹਾਡੀ ਭਲਾਈ ਲਈ ਕਦਮ ਚੁੱਕਣ ਵਾਸਤੇ ਐਸ.ਐਚ.ਓਜ਼ ਨਾਲ ਸਿੱਧਾ ਰਾਬਤਾ ਕਾਇਮ ਕਰ ਰਿਹਾ ਹਾਂ। ਆਪਣੀ ਡਿਊਟੀ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਐਸ.ਐਚ.ਓਜ਼ ’ਤੇ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਜ਼ਮੀਨੀ ਪੱਧਰ ’ਤੇ ਤੁਸੀਂ ਹੀ ਪੁਲਿਸ ਦਾ ਚਿਹਰਾ ਹੋ। ਲੋਕ ਆਪਣੀਆਂ ਫਰਿਆਦਾਂ ਲੈ ਕੇ ਤੁਹਾਡੇ ਕੋਲ ਆਉਂਦੇ ਹਨ ਅਤੇ ਇਨਸਾਫ਼, ਸੁਰੱਖਿਆ ਤੇ ਤੁਰੰਤ ਕਾਰਵਾਈ ਦੀ ਉਮੀਦ ਰੱਖਦੇ ਹਨ। ਉਨ੍ਹਾਂ ਨੇ ਐਸ.ਐਚ.ਓਜ਼ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਹਰ ਸ਼ਿਕਾਇਤ ਅਤੇ ਕਾਰਵਾਈ ਨੂੰ ਬਿਨਾਂ ਕਿਸੇ ਡਰ ਜਾਂ ਪੱਖਪਾਤ ਤੋਂ ਨਜਿੱਠਿਆ ਜਾਣਾ ਚਾਹੀਦਾ ਹੈ। ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਅਤੇ ਅਪਰਾਧ ਤੋਂ ਬਚਾਉਣ ਦੇ ਮਾਮਲੇ ਵਿਚ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਫੋਰਸ ਨੂੰ ਮਜ਼ਬੂਤ ਕਰਨ ਲਈ ਸੀ.ਸੀ.ਟੀ.ਵੀ., ਐਂਟੀ-ਡਰੋਨ ਸਿਸਟਮ, ਆਧੁਨਿਕ ਵਾਹਨ ਅਤੇ ਹੋਰ ਆਹਲਾ ਦਰਜੇ ਦਾ ਬੁਨਿਆਦੀ ਢਾਂਚਾ ਅਤੇ ਤਕਨਾਲੋਜੀ ਮੁਹੱਈਆ ਕਰਵਾ ਰਹੇ ਹਾਂ ਤੇ ਪੰਜਾਬ ਤਕਨਾਲੋਜੀ-ਆਧਾਰਿਤ ਪੁਲਿਸਿੰਗ ਵੱਲ ਵਧ ਰਿਹਾ ਹੈ, ਜਿਸ ਵਿਚ ਏ.ਆਈ. ਆਧਾਰਿਤ ਨਿਗਰਾਨੀ ਪ੍ਰਣਾਲੀ  ਦੀ ਵਰਤੋਂ ਵੀ ਸ਼ਾਮਿਲ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਕੇਂਦਰ ਸਰਕਾਰ ਨਾਲ ਐਨ.ਡੀ.ਪੀ.ਐਸ. ਐਕਟ ਨੂੰ ਹੋਰ ਸਖ਼ਤ ਬਣਾਉਣ ਲਈ ਵੀ ਗੱਲਬਾਤ ਕਰ ਰਹੀ ਹੈ ਤਾਂ ਜੋ ਨਸ਼ਾ ਤਸਕਰੀ ਨਾਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕੇ। ਪੁਲਿਸ ਫੋਰਸ ਨੂੰ ਮਜ਼ਬੂਤ ਕਰਨ ਬਾਰੇ ਉਨ੍ਹਾਂ ਕਿਹਾ ਕਿ ਅਸੀਂ 450 ਏ.ਐਸ.ਆਈਜ਼. ਦੀ ਸਿੱਧੀ ਭਰਤੀ ਕਰ ਰਹੇ ਹਾਂ। ਲਗਭਗ 3,400 ਨਵੇਂ ਰੰਗਰੂਟ ਇਸ ਵੇਲੇ ਸਿਖਲਾਈ ਲੈ ਰਹੇ ਹਨ, ਜਦਕਿ ਅਗਲੇ ਵਿੱਤੀ ਵਰ੍ਹੇ ਵਿਚ ਪੁਲਿਸ ਦੀਆਂ 10,000 ਹੋਰ ਅਸਾਮੀਆਂ ਦਾ ਇਸ਼ਤਿਹਾਰ ਦੇਣ ਦੀ ਤਜਵੀਜ਼ ਹੈ। ਭਰਤੀ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਮੈਰਿਟ ਆਧਾਰਿਤ ਪ੍ਰਕਿਰਿਆ ਰਾਹੀਂ ਕੀਤੀ ਜਾ ਰਹੀ ਹੈ। 
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਪਾਕਿਸਤਾਨ ਨਾਲ 553 ਕਿਲੋਮੀਟਰ ਕੌਮਾਂਤਰੀ ਸਰਹੱਦ ਲੱਗਦੀ ਹੈ। ਛੇ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਦੀ ਪਾਕਿਸਤਾਨ ਨਾਲ ਸਰਹੱਦ ਸਾਂਝੀ ਹੈ। ਸਾਡਾ ਗੁਆਂਢੀ ਮੁਲਕ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਦੀ ਨੀਅਤ ਨਾਲ ਡਰੋਨਾਂ ਰਾਹੀਂ ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ। ਇਸ ਲਈ ਸਾਨੂੰ ਚੌਕਸ ਰਹਿਣਾ ਪਵੇਗਾ ਅਤੇ ਅਸੀਂ ਇਨ੍ਹਾਂ ਕੋਸ਼ਿਸ਼ਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿਚ ਸੂਬਾ ਸਰਕਾਰ ਨੇ ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਐੱਨ.ਡੀ.ਪੀ.ਐੱਸ. ਐਕਟ ਤਹਿਤ 95,644 ਤੋਂ ਵੱਧ ਐੱਫ.ਆਈ.ਆਰਜ਼. ਦਰਜ ਕੀਤੀਆਂ ਗਈਆਂ ਹਨ ਅਤੇ ਲਗਭਗ 1,27,821 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਇਸਦੇ ਨਾਲ ਹੀ 7,265 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ। ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰਾਂ ਦੀ 375 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵਿਰੋਧੀ ਮੁਹਿੰਮ ਵਿਚ ਲੋਕਾਂ ਦੀ ਭਾਈਵਾਲੀ ਅਹਿਮ ਹਿੱਸਾ ਬਣ ਕੇ ਉੱਭਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ 24 ਘੰਟੇ ਲੋਕ ਸੇਵਾ ਨੂੰ ਸਮਰਪਿਤ ਹੈ ਤੇ ਸਮਾਜ ਦੇ ਹਰੇਕ ਵਰਗ ਨੂੰ ਨਸ਼ਿਆਂ ਖਿਲਾਫ਼ ਲੜਾਈ ’ਚ ਇਕਜੁੱਟ ਹੋਣਾ ਪਵੇਗਾ। ਇਸ ਮੌਕੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਡੀ.ਜੀ.ਪੀ. ਗੌਰਵ ਯਾਦਵ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। 

Ad Position 22
No active advertisement
ਪਿਛਲੀ ਖ਼ਬਰ ਹੁਣ ਤੂੰ ਕਦੇ ਹੱਸੀਂ ਨਾ ਅਗਲੀ ਖ਼ਬਰ ਅਜੇ ਧੀ ਜਿਊਾਦੀ ਹੈ
Ad Position 24