04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਹੁਣ ਤੂੰ ਕਦੇ ਹੱਸੀਂ ਨਾ

ਹੁਣ ਤੂੰ ਕਦੇ ਹੱਸੀਂ ਨਾ

Ad Position 21
No active advertisement
ਅਜੀਤ ਡੈਸਕ 04-10-2026

 

'ਕੀ ਗੱਲ, ਬੜੀ ਉਦਾਸ ਬੈਠੀ ਏਾ, ਕੀ ਸੋਚਦੀ ਏਾ?' ਗੁਆਂਢਣ ਨੇ ਆਪਣੇ ਘਰ ਦੀ ਛੱਤ ਤੋਂ ਪੁੱਛਿਆ |
'ਬੱਸ ਐਵੇਂ ਹੀ, ਸੋਚਦੀ ਸੀ', ਮੈਂ ਹੱਸ ਕੇ ਜਵਾਬ ਦਿੱਤਾ |
'ਫਿਰ ਵੀ ਦੱਸ ਤਾਂ ਸਹੀ ਕੀ ਸੋਚਦੀ ਸੀ?' ਉਹਨੇ ਫਿਰ ਪੁੱਛਿਆ |
'ਜੇ ਮੈਂ ਦੱਸ ਦਿੱਤਾ, ਤੂੰ ਫੇਰ ਕਹਿਣੈ, ਤੂੰ ਤੇ ਐਵੇਂ ਸੋਚਦੀ ਰਹਿੰਦੀ ਏਾ', ਮੈਂ ਨਿਹੋਰੇ ਜਿਹੇ ਨਾਲ ਕਿਹਾ |
'ਨਹੀਂ ਕਹਿੰਦੀ, ਦਸ |' ਉਹਨੇ ਜ਼ੋਰ ਦੇ ਕੇ ਕਿਹਾ |
'ਜਦੋਂ ਮੈਂ ਛੋਟੀ ਹੁੰਦੀ ਸੀ, ਖਿੜਖਿੜਾ ਕੇ ਹੱਸਦੀ ਹੁੰਦੀ ਸੀ | ਮੇਰੀ ਦਾਦੀ ਨੇ ਝਿੜਕ ਕੇ ਕਹਿਣਾ, 'ਕੁੜੀਆਂ ਨੀਂ ਬਹੁਤਾ ਹੱਸਦੀਆਂ ਹੁੰਦੀਆਂ ਤੇ ਉਹਨੇ ਮਾਂ ਨੂੰ  ਵੀ ਝਿੜਕਣਾ, ਇਹਨੂੰ ਹੁਣ ਤੋਂ ਸਮਝਾ ਲੈ, ਨਹੀਂ ਆਦਤ ਪੱਕ ਜਾਣੀ ਦੰਦ ਕੱਢਣ ਦੀ |'
ਮੈਨੂੰ ਪਾਪਾ ਜੀ ਸਾਹਮਣੇ ਤਾਂ ਬਿਲਕੁਲ ਨਾ ਹੱਸਣ ਦੇਣਾ ਕਿ ਬਾਪੂ ਮੂਹਰੇ ਬੈਠ ਕੇ ਬਹੁਤਾ ਨੀਂ ਹੱਸੀ ਦਾ |
ਘਰੋਂ ਬਾਹਰ ਤੁਰਨਾ ਤਾਂ ਵੱਡੇ ਵੀਰ ਨੇ ਘੂਰ ਕੇ ਕਹਿਣਾ, 'ਬਾਹਰ ਜਾ ਕੇ ਹਿੜ ਹਿੜ ਨੀਂ ਕਰਨੀ, ਮੇਰੀ ਅੱਖ ਤੇਰੇ 'ਤੇ ਈ ਏ |'
ਹੱਸਣ ਤੋਂ ਡਰ ਲਗਦਾ ਸੀ | ਵਿਆਹ ਕੇ ਆਈ | ਹਫ਼ਤਾ ਕੁ ਹੋਇਆ ਸੀ | ਕਿਸੇ ਗੱਲੋਂ ਪਤੀ ਨਾਲ ਖੁੱਲ੍ਹ ਕੇ ਹੱਸੀ ਤਾਂ ਸੱਸ ਨੇ ਝਿੜਕ ਕੇ ਕਿਹਾ, 'ਮੇਰਾ ਭਰਾ ਮਰ ਗਿਆ, ਤੈਨੂੰ ਕਾਹਦੀ ਖੁਸ਼ੀ ਚੜ੍ਹੀ ਏ?'
'ਮਾਮਾ ਜੀ ਨੂੰ  ਪੂਰੇ ਹੋਇਆਂ ਨੂੰ  ਕਿੰਨਾ ਚਿਰ ਹੋ ਗਿਆ ਜੀ?' ਮੈਂ ਇਨ੍ਹਾਂ ਨੂੰ  ਪੁੱਛਿਆ |
'ਪੰਜ ਛੇ ਸਾਲ ਹੋ ਹੀ ਹੋਣੇ ਨੇ |' ਇਨ੍ਹਾਂ ਨੇ ਕਿਹਾ |
ਮੈਂ ਸੋਚਦੀ ਹਾਂ ਕਿ ਐਨੇ ਸਾਲਾਂ ਵਿਚ ਕੀ ਮੰਮੀ ਕਦੇ ਹੱਸੇ ਨਹੀਂ ਹੋਣਗੇ | ਜਦੋਂ ਅਸੀਂ ਖਾਣਾ-ਪੀਣਾ, ਪਹਿਨਣਾ, ਬਾਕੀ ਹੋਰ ਕੰਮਕਾਜ ਨਹੀਂ ਛੱਡਦੇ ਤਾਂ ਹੱਸਣਾ ਕਿਉਂ ਛੱਡ ਦਿੰਦੇ ਆਂ?'
'ਹਾਂ, ਫੇਰ?' ਗੁਆਂਢਣ ਪੁੱਛ ਰਹੀ ਸੀ |
'ਤੈਨੂੰ ਪਤੈ, ਪਹਿਲਾਂ ਬੰਦੇ ਦੇ ਵੀ ਜਾਨਵਰਾਂ ਵਾਂਗੂ ਪੂਛ ਲੱਗੀ ਹੁੰਦੀ ਸੀ, ਪਰ ਉਹ ਬਹੁਤੀ ਵਰਤੋਂ ਵਿਚ ਨਾ ਆਉਣ ਕਰਕੇ ਹੌਲੀ-ਹੌਲੀ ਖ਼ਤਮ ਹੋ ਗਈ | ਮੈਂ ਇਹ ਹੀ ਸੋਚਦੀ ਸੀ ਕਿ ਹੁਣ ਸਾਰੇ ਹੱਸਣਾ ਭੁੱਲ ਗਏ ਨੇ | ਹੌਲੀ-ਹੌਲੀ ਇਹ ਹਾਸਾ ਵੀ ਸਰੀਰ ਵਿਚੋਂ ਖ਼ਤਮ ਹੋ ਜਾਵੇਗਾ | ਬੱਚੇ ਕਿਤਾਬਾਂ ਵਿਚ ਪੜਿ੍ਹਆ ਕਰਨਗੇ ਕਿ ਸਾਡੇ ਬਜ਼ੁਰਗ ਹੱਸਦੇ ਹੁੰਦੇ ਸੀ | ਤੈਨੂੰ ਵੀ ਇੰਝ ਲਗਦੈ |' ਮੈਂ ਗੱਲ ਖ਼ਤਮ ਕਰਕੇ ਗੁਆਂਢਣ ਵੱਲ ਦੇਖਣ ਲੱਗੀ |
'ਤੂੰ ਤੇ ਐਵੇਂ ਹੀ ਸੋਚਦੀ ਰਹਿੰਨੀ ਏਾ', ਉਹ ਥੋੜ੍ਹੀ ਦੇਰ ਚੁੱਪ ਰਹਿ ਕੇ ਬੋਲੀ |
ਮੈਂ ਖਿੜਖਿੜਾ ਕੇ ਹੱਸ ਪਈ |
'ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਤੂੰ ਵੀ ਐਦਾਂ ਹੀ ਕਹਿਣਾ ਏ |'
ਸੱਚੀਂ ਦੱਸਾਂ, ਕਈ ਵਾਰ ਮੈਨੂੰ ਵੀ ਇੰਝ ਹੀ ਲਗਦੈ ਕਿ ਮੈਂ ਐਵੇਂ ਹੀ ਸੋਚਦੀ ਰਹਿੰਨੀ ਆਂ |
-ਪਿੰਡ ਤੇ ਡਾਕ: ਰੁੜਕੀ ਕਲਾਂ, ਜ਼ਿਲ੍ਹਾ ਮਾਲੇਰਕੋਟਲਾ-148023
ਮੋਬਾਈਲ : 81980-85028

Ad Position 22
No active advertisement
ਪਿਛਲੀ ਖ਼ਬਰ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਏ.ਆਈ.ਐਸ.ਏ. ਕਾਰਕੁਨਾਂ ਵਲੋਂ ਰੋਸ ਮਾਰਚ ਲਗਭਗ 200 ਪ੍ਰਦਰਸ਼ਨਕਾਰੀ... ਅਗਲੀ ਖ਼ਬਰ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਪੰਜਾਬ ਪੁਲਿਸ ’ਚ 10 ਹਜ਼ਾਰ ਨਵੀਆਂ ਅਸਾਮੀਆਂ ਭਰੀਆਂ ਜਾਣਗੀਆਂ-ਭਗਵੰਤ ਮਾਨ ‘ਯੁੱਧ ਨਸ਼ਿਆ...
Ad Position 24