09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਦੇਸ਼ ਭਰ ’ਚ ਮੀਂਹ ਦੀ ਘਾਟ ਕਾਰਨ ਝੋਨੇ ਹੇਠਲਾ ਰਕਬਾ 15.56 ਲੱਖ ਹੈਕਟੇਅਰ ਘਟਿਆ ਮੱਕੀ ਤੇ ਕਪਾਹ ਦੀ ਬਿਜਾਈ ਵੀ ਘਟੀ ਪਰ ਤੇਲ ਬੀਜਾਂ ਤੇ ਦਾਲਾਂ ਦੇ ਰਕਬੇ ’ਚ ਵਾਧਾ

ਸੱਤਪਾਲ ਸਿੰਘ ਸਿਵੀਆਂ ਬਠਿੰਡਾ, 8 ਅਕਤੂਬਰ-ਇਸ ਵਰ੍ਹੇ ਦੇਸ਼ ਭਰ ਅੰਦਰ ਮੌਨਸੂਨ ਦੇ ਸ਼ੁਰੂਆਤੀ ਮਹੀਨਿਆਂ ’ਚ ਪਏ ਘੱਟ ਮੀਹਾਂ ਕਾਰਨ ਦੇਸ਼ ਦੇ ਖੇਤੀਬਾੜੀ ਖੇਤਰ ਨੂੰ ਵੱਡਾ ਝਟਕਾ ਲੱਗਾ ਹੈ। ਇਸ ਕਾਰਨ ਦੇਸ਼ ਭਰ ’ਚ ਸਾਉਣੀ ਦੀ ਮੁੱਖ ਫ਼ਸਲ ਝੋਨੇ ਦੀ ਬਿਜਾਈ ..

Ad Position 21
No active advertisement
ਅਜੀਤ ਡੈਸਕ 09-10-2026

ਸੱਤਪਾਲ ਸਿੰਘ ਸਿਵੀਆਂ
ਬਠਿੰਡਾ, 8 ਅਕਤੂਬਰ-ਇਸ ਵਰ੍ਹੇ ਦੇਸ਼ ਭਰ ਅੰਦਰ ਮੌਨਸੂਨ ਦੇ ਸ਼ੁਰੂਆਤੀ ਮਹੀਨਿਆਂ ’ਚ ਪਏ ਘੱਟ ਮੀਹਾਂ ਕਾਰਨ ਦੇਸ਼ ਦੇ ਖੇਤੀਬਾੜੀ ਖੇਤਰ ਨੂੰ ਵੱਡਾ ਝਟਕਾ ਲੱਗਾ ਹੈ। ਇਸ ਕਾਰਨ ਦੇਸ਼ ਭਰ ’ਚ ਸਾਉਣੀ ਦੀ ਮੁੱਖ ਫ਼ਸਲ ਝੋਨੇ ਦੀ ਬਿਜਾਈ ਹੇਠਲਾ ਰਕਬਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਜਦਕਿ ਹੋਰ ਫ਼ਸਲਾਂ ਦੀ ਕਾਸ਼ਤ ਹੇਠ ਵੀ ਰਕਬਾ ਘਟਿਆ ਹੈ। ਇਸ ਦਾ ਖੁਲਾਸਾ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵਲੋਂ ਹਾਲੀਆ ’ਚ ਜਾਰੀ ਕੀਤੀ ਗਈ ਅੰਤਿਮ ਫ਼ਸਲਵਾਰ ਬਿਜਾਈ ਦੇ ਅੰਕੜਿਆਂ ਸੰਬੰਧੀ ਪ੍ਰਗਤੀ ਰਿਪੋਰਟ ’ਚ ਹੋਇਆ ਹੈ। ਮੰਤਰਾਲੇ ਦੇ ਅੰਕੜਿਆਂ ਅਨੁਸਾਰ ਮੀਂਹ ਘੱਟ ਪੈਣ ਕਰਕੇ ਪਾਣੀ ਦੀ ਕਿੱਲਤ ਖੜ੍ਹੀ ਹੋਣ ਕਾਰਨ ਇਸ ਸਾਲ ਦੇਸ਼ ਭਰ ’ਚ ਝੋਨੇ ਦੀ ਬਿਜਾਈ ਹੇਠਲਾ ਰਕਬਾ ਘਟ ਕੇ 433.62 ਲੱਖ ਹੈਕਟੇਅਰ ਰਹਿ ਗਿਆ ਹੈ, ਜਦਕਿ ਪਿਛਲੇ ਸਾਲ ਇਹ ਰਕਬਾ 449.18 ਲੱਖ ਹੈਕਟੇਅਰ ਸੀ। ਇਸ ਅਨੁਸਾਰ ਇਸ ਵਾਰ ਝੋਨੇ ਹੇਠਲੇ ਰਕਬੇ ’ਚ 15.56 ਲੱਖ ਹੈਕਟੇਅਰ (3.46 ਫ਼ੀਸਦੀ) ਦੀ ਸਿੱਧੀ ਗਿਰਾਵਟ ਦੇਖਣ ਨੂੰ ਮਿਲੀ ਹੈ। ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸੂਬਿਆਂ ਮੁਤਾਬਿਕ ਅੰਕੜਿਆਂ ਅਨੁਸਾਰ ਤੇਲੰਗਾਨਾ ਸੂਬੇ ’ਚ ਝੋਨੇ ਹੇਠ ਰਕਬਾ ਸਭ ਤੋਂ ਵੱਧ 4.26 ਲੱਖ ਹੈਕਟੇਅਰ ਘਟ ਕੇ 22.99 ਲੱਖ ਹੈਕਟੇਅਰ ਰਹਿ ਗਿਆ, ਜਦਕਿ ਪਿਛਲੇ ਸਾਲ ਇਹ ਰਕਬਾ 27.25 ਲੱਖ ਹੈਕਟੇਅਰ ਸੀ। ਕਰਨਾਟਕ ’ਚ ਵੀ 4.23 ਲੱਖ ਹੈਕਟੇਅਰ ਦੀ ਕਮੀ ਦਰਜ ਕੀਤੀ ਗਈ ਤੇ ਰਕਬਾ ਘਟ ਕੇ 6.2 ਲੱਖ ਹੈਕਟੇਅਰ ਰਹਿ ਗਿਆ। ਦੇਸ਼ ਦੇ ਸਭ ਤੋਂ ਵੱਡੇ ਝੋਨਾ ਉਤਪਾਦਕ ਸੂਬੇ ਉੱਤਰ ਪ੍ਰਦੇਸ਼ ’ਚ ਝੋਨੇ ਹੇਠ ਰਕਬਾ 1.84 ਲੱਖ ਹੈਕਟੇਅਰ ਘਟ ਕੇ 69.21 ਲੱਖ ਹੈਕਟੇਅਰ ਰਹਿ ਗਿਆ। ਮੱਧ ਪ੍ਰਦੇਸ਼ ’ਚ 1.75 ਲੱਖ ਹੈਕਟੇਅਰ, ਆਂਧਰਾ ਪ੍ਰਦੇਸ਼ ’ਚ 1.70 ਲੱਖ ਹੈਕਟੇਅਰ ਅਤੇ ਤਾਮਿਲਨਾਡੂ ’ਚ 1.41 ਲੱਖ ਹੈਕਟੇਅਰ ਦੀ ਗਿਰਾਵਟ ਦਰਜ ਕੀਤੀ ਗਈ। ਝਾਰਖੰਡ ਅਤੇ ਮਹਾਂਰਾਸ਼ਟਰ ’ਚ ਵੀ ਝੋਨੇ ਦੀ ਬਿਜਾਈ ਹੇਠਲਾ ਰਕਬਾ ਕ੍ਰਮਵਾਰ 1 ਲੱਖ ਅਤੇ 1.15 ਲੱਖ ਹੈਕਟੇਅਰ ਘਟਿਆ ਹੈ, ਜਦਕਿ ਇਸ ਦੇ ਉਲਟ ਓਡੀਸ਼ਾ ’ਚ ਸਭ ਤੋਂ ਵੱਧ 0.66 ਲੱਖ ਹੈਕਟੇਅਰ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਅਸਾਮ ’ਚ ਰਕਬਾ 0.59 ਲੱਖ ਹੈਕਟੇਅਰ ਅਤੇ ਬਿਹਾਰ ’ਚ 0.26 ਲੱਖ ਹੈਕਟੇਅਰ ਵਧਿਆ ਹੈ ਤੇ ਗੁਜਰਾਤ, ਹਰਿਆਣਾ ਤੇ ਪੰਜਾਬ ’ਚ ਵੀ ਝੋਨੇ ਹੇਠ ਰਕਬੇ ’ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਇਸ ਦੌਰਾਨ ਕਿਸਾਨਾਂ ਵਲੋਂ ਘੱਟ ਪਾਣੀ ਦੀ ਖਪਤ ਵਾਲੀਆਂ ਫ਼ਸਲਾਂ ਦਾਲਾਂ ਵਗੈਰਾ ਦੀ ਕਾਸ਼ਤ ਨੂੰ ਤਰਜੀਹ ਦਿੱਤੀ ਗਈ, ਜਿਸ ਦੇ ਚੱਲਦਿਆਂ ਦੇਸ਼ ਭਰ ਅੰਦਰ ਦਾਲਾਂ ਦੀ ਕੁਲ ਬਿਜਾਂਦ ਹੇਠਲਾ ਰਕਬਾ ਪਿਛਲੇ ਸਾਲ ਦੇ 119.82 ਲੱਖ ਹੈਕਟੇਅਰ ਤੋਂ ਵਧ ਕੇ 122.39 ਲੱਖ ਹੈਕਟੇਅਰ ਹੋ ਗਿਆ, ਜੋ ਵਾਧਾ 2.57 ਲੱਖ ਹੈਕਟੇਅਰ ਬਣਦਾ ਹੈ। ਇਸ ਤਰਾਂ ਮਾਂਹ ਦੀ ਦਾਲ ਹੇਠ ਰਕਬਾ 2.96 ਲੱਖ ਹੈਕਟੇਅਰ ਵਧਿਆ, ਜਦਕਿ ਅਰਹਰ ਹੇਠ ਰਕਬਾ 1.49 ਲੱਖ ਹੈਕਟੇਅਰ ਤੇ ਮੂੰਗੀ ਹੇਠ ਰਕਬਾ 1.17 ਲੱਖ ਹੈਕਟੇਅਰ ਘਟਿਆ ਹੈ। ਮੋਟੇ ਅਨਾਜਾਂ ’ਚ ਜਵਾਰ ਹੇਠ ਰਕਬਾ 1.30 ਲੱਖ ਹੈਕਟੇਅਰ ਅਤੇ ਬਾਜਰੇ ਹੇਠ ਰਕਬਾ 2.09 ਲੱਖ ਹੈਕਟੇਅਰ ਵਧਿਆ ਹੈ ਪਰ ਮੱਕੀ ਹੇਠ ਰਕਬੇ ’ਚ 2.8 ਲੱਖ ਹੈਕਟੇਅਰ ਦੀ ਕਮੀ ਦਰਜ ਕੀਤੀ ਗਈ ਹੈ। ਇਸ ਸਮੇਂ ਦੌਰਾਨ ਤੇਲ ਬੀਜਾਂ ਹੇਠ ਰਕਬੇ ’ਚ 1.11 ਲੱਖ ਹੈਕਟੇਅਰ ਦਾ ਮਾਮੂਲੀ ਵਾਧਾ ਹੋਇਆ ਹੈ, ਜੋ ਵਧ ਕੇ 196.66 ਲੱਖ ਹੈਕਟੇਅਰ ਹੋ ਗਿਆ ਹੈ। ਤਿਲ ਹੇਠ ਰਕਬਾ 1.37 ਲੱਖ ਹੈਕਟੇਅਰ ਤੇ ਸੂਰਜਮੁਖੀ ਹੇਠ ਰਕਬਾ 0.59 ਲੱਖ ਹੈਕਟੇਅਰ ਵਧਿਆ ਹੈ, ਜਦਕਿ ਅਰੰਡੀ ਹੇਠ ਰਕਬਾ 0.80 ਲੱਖ ਹੈਕਟੇਅਰ ਘਟਿਆ ਹੈ। ਇਸੇ ਤਰ੍ਹਾਂ ਕਪਾਹ ਹੇਠ ਰਕਬਾ ਪਿਛਲੇ ਸਾਲ ਦੇ 111.08 ਲੱਖ ਹੈਕਟੇਅਰ ਤੋਂ ਘਟ ਕੇ 110.53 ਲੱਖ ਹੈਕਟੇਅਰ ਰਹਿ ਗਿਆ ਹੈ, ਜਿਸ ਵਿਚ 0.55 ਲੱਖ ਹੈਕਟੇਅਰ ਦੀ ਕਮੀ ਆਈ ਹੈ। ਇਸ ਤੋਂ ਇਲਾਵਾ ਗੰਨੇ ਦੀ ਬਿਜਾਂਦ ਹੇਠਲੇ ਰਕਬੇ ’ਚ ਵੀ 0.26 ਲੱਖ ਹੈਕਟੇਅਰ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਮੰਤਰਾਲੇ ਦੇ ਅੰਕੜਿਆਂ ਅਨੁਸਾਰ ਝੋਨੇ ਹੇਠਲੇ ਰਕਬੇ ’ਚ ਆਈ ਵੱਡੀ ਕਮੀ ਵਿਸ਼ੇਸ਼ ਮਹੱਤਵ ਰੱਖਦੀ ਹੈ, ਕਿਉਂਕਿ ਝੋਨਾ ਭਾਰਤ ਦੇ ਅਨਾਜ ਉਤਪਾਦਨ ਅਤੇ ਖੁਰਾਕ ਸੁਰੱਖਿਆ ਦੀ ਮੁੱਖ ਫ਼ਸਲ ਹੈ। ਝੋਨੇ ਹੇਠਲਾ ਰਕਬਾ ਵੱਡੀ ਮਾਤਰਾ ’ਚ ਘਟ ਜਾਣ ਕਰਕੇ ਹੁਣ ਜਦੋਂ ਦੇਸ਼ ਭਰ ’ਚ ਝੋਨੇ ਦੀ ਫ਼ਸਲ ਦੀ ਕਟਾਈ ਅਤੇ ਖ਼ਰੀਦ ਪਹਿਲੇ ਦੌਰ ’ਚ ਚੱਲ ਰਹੀ ਹੈ ਤਾਂ ਇਸ ਦੌਰਾਨ ਚੌਲਾਂ ਦਾ ਕੁਲ ਉਤਪਾਦਨ ਘਟਣਾ ਸੁਭਾਵਿਕ ਹੈ। ਇਹ ਅੰਕੜੇ ਸਾਹਮਣੇ ਆਉਣ ਬਾਅਦ ਕੇਂਦਰ ਸਰਕਾਰ ਹੁਣ ਫ਼ਸਲਾਂ ਦੀ ਕਟਾਈ ਦੌਰਾਨ ਅਸਲ ਪੈਦਾਵਾਰ ’ਤੇ ਖਾਸ ਨਜ਼ਰ ਰੱਖ ਰਹੀ ਹੈ ਤਾਂ ਜੋ ਦੇਸ਼ ਅੰਦਰ ਅਨਾਜ ਭੰਡਾਰਨ ਅਤੇ ਸਪਲਾਈ ਨੂੰ ਸੁਚਾਰੂ ਬਣਾਇਆ ਜਾ ਸਕੇ। ਇਨ੍ਹਾਂ ਅੰਕੜਿਆਂ ਅਤੇ ਮੀਂਹਾਂ ਦੀ ਅਨਿਸ਼ਚਿਤਤਾ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਅਗਾਮੀ ਸਮੇਂ ਦੌਰਾਨ ਬਦਲਵੇਂ ਜਲ-ਪ੍ਰਬੰਧਨ ਅਤੇ ਹੋਰ ਫ਼ਸਲਾਂ ਵੱਲ ਰੁਖ਼ ਕਰਨਾ ਪੈ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਤੋਂ 49 ਸਿੱਖ ਸ਼ਰਧਾਲੂ ਦਿੱਲੀ ਪੁੱਜੇ ਅਗਲੀ ਖ਼ਬਰ ਐਸ.ਆਈ. ਆਰ. ਦੇ ਸਮਰਥਨ ’ਚ 42 ਸਾਬਕਾ ਜੱਜਾਂ ਨੇ ਲਿਖੀ ਖੁੱਲ੍ਹੀ ਚਿੱਠੀ
Ad Position 24