ਜਗਤਾਰ ਸਿੰਘ
ਨਵੀਂ ਦਿੱਲੀ, 2 ਨਵੰਬਰ -ਦਿੱਲੀ ਦੀ ਆਬੋ-ਹਵਾ ਇਕ ਵਾਰ ਫਿਰ ਗੰਭੀਰ ਰੂਪ ’ਚ ਜ਼ਹਿਰੀਲੀ ਹੋ ਚੁੱਕੀ ਹੈ। ਸੋਮਵਾਰ ਸਵੇਰੇ ਇਥੋਂ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ 314 ਦਰਜ ਕੀਤਾ ਗਿਆ ਹੈ, ਜੋ ਕਿ ‘ਬਹੁਤ ਖ਼ਰਾਬ’ ਸ਼੍ਰੇਣੀ ’ਚ ਆਉਂਦਾ ਹੈ। ਇਸ ਮੌਸਮ ’ਚ ਹਵਾ ਗੁਣਵੱਤਾ ਸੂਚਕ ਅੰਕ ਪਹਿਲੀ ਵਾਰ 300 ਦਾ ਅੰਕੜਾ ਪਾਰ ਕਰਕੇ ‘ਬਹੁਤ ਖ਼ਰਾਬ’ ਸ਼੍ਰੇਣੀ ’ਚ ਪੁੱਜਾ ਹੈ। ਦਿੱਲੀ ਦੇ ਕਈ ਇਲਾਕਿਆਂ ਜਿਵੇਂ ਕਿ ਜਹਾਂਗੀਰਪੁਰੀ ’ਚ ਏ.ਕਿਯੂ.ਆਈ. 420 (ਗੰਭੀਰ) ਅਤੇ ਅਲੀਪੁਰ ਵਿਚ 382 ਤੱਕ ਪੁੱਜ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ’ਚ ਤਕਲੀਫ਼ ਅਤੇ ਅੱਖਾਂ ’ਚ ਜਲ਼ਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ, ਆਰ.ਕੇ. ਪੁਰਮ ਦੇ ਆਸ-ਪਾਸ ਦੇ ਇਲਾਕੇ ’ਚ ਹਵਾ ਗੁਣਵੱਤਾ ਸੂਚਕ ਅੰਕ 370 ਹੈ, ਜਿਸ ਨੂੰ ‘ਬਹੁਤ ਖ਼ਰਾਬ’ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਅਕਸ਼ਰਧਾਮ ਮੰਦਰ ਦੇ ਆਸ-ਪਾਸ ਦੇ ਇਲਾਕੇ ਵਿਚ ਹਵਾ ਗੁਣਵੱਤਾ ਸੂਚਕ ਅੰਕ 349, ਜਨਪਥ ਦੇ ਆਸ-ਪਾਸ ਦੇ ਇਲਾਕੇ ਵਿਚ 335, ਆਈ.ਟੀ.ਓ. ਦੇ ਆਸ-ਪਾਸ ਦੇ ਇਲਾਕੇ ’ਚ 349 ਹੈ, ਜਿਸ ਨੂੰ ‘ਬਹੁਤ ਖ਼ਰਾਬ’ ਸ਼੍ਰੇਣੀ ’ਚ ਰੱਖਿਆ ਗਿਆ ਹੈ। ਦਿੱਲੀ ਦੇ ਕਈ ਇਲਾਕਿਆਂ ਜਿਵੇਂ ਕਿ ਜਹਾਂਗੀਰਪੁਰੀ ’ਚ ਹਾਲਾਤ ਹੋਰ ਵੀ ਗੰਭੀਰ ਹਨ, ਜਿਥੇ ਹਵਾ ਗੁਣਵੱਤਾ ਸੂਚਕ ਅੰਕ 420 ਨੂੰ ਪਾਰ ਕਰਕੇ ‘ਗੰਭੀਰ’ ਸ਼੍ਰੇਣੀ ’ਚ ਪੁੱਜ ਗਿਆ ਹੈ। ਆਉਣ ਵਾਲੇ ਦਿਨਾਂ ’ਚ ਇਹ ਸਥਿਤੀ ਹੋਰ ਵੀ ਗੰਭੀਰ ਹੋਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਠੰਢ ਸ਼ੁਰੂ ਹੋਣ, ਹਵਾ ਦੀ ਗਤੀ ਘਟਣ, ਤਿਉਹਾਰਾਂ ਦੇ ਪਟਾਕਿਆਂ ਅਤੇ ਗੁਆਂਢੀ ਰਾਜਾਂ ’ਚ ਪਰਾਲੀ ਸਾੜਨ ਕਾਰਨ ਪ੍ਰਦੂਸ਼ਣ ਦੇ ਕਣ ਹਵਾ ’ਚ ਜੰਮ ਗਏ ਹਨ। ਇਸ ਵਧਦੇ ਪ੍ਰਦੂਸ਼ਣ ਨੂੰ ਦੇਖਦਿਆਂ ਦਿੱਲੀ ਸਰਕਾਰ ਨੇ 1 ਨਵੰਬਰ ਤੋਂ ‘ਸਥਾਈ ਵਿੰਟਰ ਐਕਸ਼ਨ ਪਲਾਨ’ ਲਾਗੂ ਕਰ ਦਿੱਤਾ ਹੈ।
ਜ਼ਹਿਰੀਲੀ ਹੋਈ ਦਿੱਲੀ ਦੀ ਆਬੋ-ਹਵਾ
ਜ਼ਹਿਰੀਲੀ ਹੋਈ ਦਿੱਲੀ ਦੀ ਆਬੋ-ਹਵਾ
ਅਜੀਤ ਡੈਸਕ
03-11-2026