ਪਤਨੀ ਦੇ ਦਾਦਾ ਸਨ ਕਰਨਾਟਕ ’ਚ ਮੰਤਰੀ
ਵਾਸ਼ਿੰਗਟਨ, 4 ਨਵੰਬਰ (ਏਜੰਸੀ)-ਡੈਮੋਕ੍ਰੇਟਿਕ ਪਾਰਟੀ ਦੇ ਡਾਕਟਰ ਅਬਦੁਲ ਅਲ-ਸਈਦ ਅਮਰੀਕਾ ਦੇ ਪਹਿਲੇ ਮੁਸਲਿਮ ਵਿਧਾਇਕ ਹਨ, ਜੋ ਹੁਣ ਸੰਸਦ ਮੈਂਬਰ ਬਣ ਗਏ ਹਨ।ਅਬਦੁਲ ਅਲ-ਸਈਦ, ਜੋ ਕਿ ਅਮਰੀਕਾ ਦੇ ਮਿਸ਼ੀਗਨ ਰਾਜ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਉਮੀਦਵਾਰ ਵਜੋਂ ਜਿੱਤੇ ਸਨ, ਦਾ ਭਾਰਤ ਦੇ ਕਰਨਾਟਕ ਨਾਲ ਇਕ ਵਿਸ਼ੇਸ਼ ਪਰਿਵਾਰਕ ਸੰਬੰਧ ਹੈ।ਉਨ੍ਹਾਂ ਦੀ ਪਤਨੀ ਡਾ. ਸਾਰਾ ਜੁਕਾਕੂ ਦੇ ਦਾਦਾ, ਜੁਕਾਕੂ ਸ਼ਮਸਉਦੀਨ, ਉਹ ਵਿਅਕਤੀ ਸਨ, ਜਿਨ੍ਹਾਂ ਨੇ ਉੱਤਰ ਕੰਨੜ ਜ਼ਿਲ੍ਹੇ ਦੇ ਭਟਕਲ ਵਿਚ ਬਿਜਲੀ ਲਿਆਂਦੀ ਸੀ।ਉਹ ਇਸ ਖੇਤਰ ਦੇ ਪਹਿਲੇ ਵਕੀਲ ਵੀ ਸਨ। ਬਾਅਦ ਵਿਚ ਉਹ ਮੁੱਖ ਮੰਤਰੀ ਬੀ.ਡੀ. ਜਾਤੀ (1958-1962) ਦੀ ਸਰਕਾਰ ਵਿਚ ਉਪ ਮੰਤਰੀ ਬਣੇ।ਡਾ. ਸਾਰਾ ਜੁਕਾਕੂ ਦੇ ਇਕ ਹੋਰ ਰਿਸ਼ਤੇਦਾਰ, ਐਸ.ਐਮ. ਯਾਹੀਆ ਵੀ ਵਕੀਲ ਸਨ। ਬਾਅਦ ਵਿਚ ਉਹ ਮੁੱਖ ਮੰਤਰੀ ਦੇਵਰਾਜ ਉਰਸ (1972-1977 ਅਤੇ 1978-1980) ਦੀ ਅਗਵਾਈ ਵਾਲੀ ਸਰਕਾਰ ਵਿਚ ਮੰਤਰੀ ਬਣੇ। ਉਨ੍ਹਾਂ ਨੇ ਖੇਤਰ ਵਿਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ।