ਅੰਮ੍ਰਿਤਸਰ, 9 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਦੇਸ਼ ’ਚ ਨਵੇਂ ਸੂਬੇ ਬਣਾਉਣ ਦੇ ਵਿਚਾਰ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ 12 ਸੂਬੇ ਬਣਾਉਣ ਦੀ ਤਜਵੀਜ਼ ਹੈ ਤਾਂ 12 ਹੀ ਬਣਾ ਦਿੱਤੇ ਜਾਣ, ਬਸ਼ਰਤੇ ਇਹ ਵੰਡ ਭਾਸ਼ਾਈ, ਨਸਲੀ ਜਾਂ ਸਿਆਸੀ ਹਿਤਾਂ ਦੀ ਬਜਾਏ ਪੂਰੀ ਤਰ੍ਹਾਂ ਪ੍ਰਸ਼ਾਸਕੀ ਆਧਾਰ ’ਤੇ ਹੋਣੀ ਚਾਹੀਦੀ ਹੈ। ਗੱਲਬਾਤ ਦੌਰਾਨ ਖ਼ਵਾਜਾ ਨੇ ਦਲੀਲ ਦਿੱਤੀ ਕਿ ਪਾਕਿ ਦੀ ਵਧਦੀ ਆਬਾਦੀ ਨੂੰ ਵੇਖਦਿਆਂ ਜਨਤਕ ਸੇਵਾਵਾਂ ਦੀ ਬਿਹਤਰ ਪਹੁੰਚ ਯਕੀਨੀ ਬਣਾਉਣ ਲਈ ਛੋਟੀਆਂ ਪ੍ਰਸ਼ਾਸਕੀ ਇਕਾਈਆਂ ਬਣਾਉਣਾ ਸਮੇਂ ਦੀ ਲੋੜ ਹੈ।ਖ਼ਵਾਜਾ ਆਸਿਫ਼ ਨੇ ਕਿਹਾ ਕਿ ਤਾਕਤਾਂ ਦਾ ਕੇਂਦਰੀਕਰਨ ਲਾਹੌਰ, ਕਰਾਚੀ, ਕੋਇਟਾ ਅਤੇ ਪਿਸ਼ਾਵਰ ਵਰਗੀਆਂ ਸੂਬਾਈ ਰਾਜਧਾਨੀਆਂ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਇਹ ਅਧਿਕਾਰ ਹੇਠਲੇ ਪੱਧਰ ’ਤੇ ਛੋਟੀਆਂ ਇਕਾਈਆਂ ਨੂੰ ਦਿੱਤੇ ਜਾਣੇ ਚਾਹੀਦੇ ਹਨ। ਉਨ੍ਹਾਂ ਵਿੱਤੀ ਵਸੀਲਿਆਂ ਦੀ ਮੌਜੂਦਾ ਵੰਡ ਪ੍ਰਣਾਲੀ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਕੇਂਦਰ ਵਲੋਂ ਭੇਜੇ ਗਏ ਫ਼ੰਡ ਸੂਬਾਈ ਸਰਕਾਰਾਂ ਦੀ ਮਰਜ਼ੀ ’ਤੇ ਨਿਰਭਰ ਰਹਿੰਦੇ ਹਨ, ਜਦਕਿ ਅਸਲ ’ਚ ਇਹ ਫ਼ੰਡ ਸਥਾਨਕ ਸਰਕਾਰਾਂ ਲਈ ਹੁੰਦੇ ਹਨ ਜੋ ਅੱਜ ਵੀ ਸੂਬਾਈ ਅਧਿਕਾਰੀਆਂ ਦੀਆਂ ਮੁਥਾਜ ਹਨ। ਦੂਜੇ ਪਾਸੇ, ਵਿਰੋਧੀ ਸਿਆਸੀ ਪਾਰਟੀਆਂ ਨੇ ਇਸ ਨੂੰ ‘ਵੰਡੋ ਅਤੇ ਰਾਜ ਕਰੋ’ ਦੀ ਨੀਤੀ ਦੱਸਦਿਆਂ ਕਿਹਾ ਕਿ ਛੋਟੇ ਸੂਬੇ ਬਣਾਉਣ ਨਾਲ ਸਥਾਨਕ ਪਛਾਣ ਅਤੇ ਸੱਭਿਆਚਾਰ ਕਮਜ਼ੋਰ ਹੋ ਸਕਦਾ ਹੈ। ਵੱਡੇ ਸੂਬਿਆਂ ਦੀ ਰਾਜਨੀਤਿਕ ਸ਼ਕਤੀ ਟੁੱਟ ਜਾਵੇਗੀ, ਜਿਸ ਨਾਲ ਫ਼ੌਜ ਅਤੇ ਕੇਂਦਰ ਸਰਕਾਰ ਦੀ ਪਕੜ ਮਜ਼ਬੂਤ ਹੋਵੇਗੀ। ਇਸ ਤੋਂ ਇਲਾਵਾ ਖ਼ੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਵਰਗੇ ਖੇਤਰਾਂ ’ਚ ਤਣਾਅ ਹੋਰ ਭੜਕ ਸਕਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਸੰਭਾਵਿਤ 28ਵੀਂ ਸੰਵਿਧਾਨਕ ਸੋਧ ਤੋਂ ਪਹਿਲਾਂ ਪਾਕਿ ਨੂੰ 12 ਸੂਬਿਆਂ ’ਚ ਵੰਡਣ ਦੇ ਮੁੱਦੇ ’ਤੇ ਦੇਸ਼ ਵਿਆਪੀ ਰਾਇ-ਸ਼ੁਮਾਰੀ ਕਰਵਾਈ ਜਾਵੇਗੀ। ਇਹ ਪ੍ਰਸਤਾਵ ਅਜੇ ਸ਼ੁਰੂਆਤੀ ਪੜਾਅ ’ਤੇ ਹੈ ਅਤੇ ਹੱਦਬੰਦੀ ਜਾਂ ਸੰਵਿਧਾਨਕ ਪ੍ਰਕਿਰਿਆ ਸੰਬੰਧੀ ਫ਼ਿਲਹਾਲ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ। ਹਾਲਾਂਕਿ, ਚਰਚਾ ਹੈ ਕਿ ਲਹਿੰਦੇ ਪੰਜਾਬ ਨੂੰ ਉੱਤਰੀ ਪੰਜਾਬ, ਕੇਂਦਰੀ ਪੰਜਾਬ, ਦੱਖਣੀ ਪੰਜਾਬ; ਸਿੰਧ ਨੂੰ ਕਰਾਚੀ ਸਿੰਧ, ਕੇਂਦਰੀ ਸਿੰਧ, ਉੱਪਰੀ ਸਿੰਧ; ਕੇ. ਪੀ. ਕੇ. (ਖ਼ੈਬਰ ਪਖਤੂਨਖਵਾ) ਨੂੰ ਉੱਤਰੀ ਕੇ. ਪੀ. ਕੇ., ਦੱਖਣੀ ਕੇ. ਪੀ. ਕੇ., ਕਬਾਇਲੀ ਕੇ. ਪੀ. ਕੇ./ਫਾਟਾ ਖੇਤਰ ਅਤੇ ਸੂਬਾ ਬਲੋਚਿਸਤਾਨ ਨੂੰ ਪੂਰਬੀ ਬਲੋਚਿਸਤਾਨ, ਪੱਛਮੀ ਬਲੋਚਿਸਤਾਨ, ਦੱਖਣੀ ਬਲੋਚਿਸਤਾਨ ’ਚ ਵੰਡਿਆ ਜਾ ਸਕਦਾ ਹੈ।