ਚੰਡੀਗੜ੍ਹ, 9 ਨਵੰਬਰ (ਅਜੀਤ ਬਿਊਰੋ)-‘ਗੈਂਗਸਟਰਾਂ ’ਤੇ ਵਾਰ’ ਤਹਿਤ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਖ਼ਿਲਾਫ਼ ਵੱਡੀ ਸਫ਼ਲਤਾ ਹਾਸਿਲ ਕਰਦਿਆਂ ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ) ਨੇ ਕਾਊਂਟਰ ਇੰਟੈਲੀਜੈਂਸ ਦੇ ਓਵਰਸੀਜ਼ ਫਿਊਜ਼ੀਟਿਵ ਟਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ (ਓ.ਐੱਫ.ਟੀ.ਈ.ਸੀ) ਨਾਲ ਨਜ਼ਦੀਕੀ ਤਾਲਮੇਲ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਭਗੌੜੇ ਗੈਂਗਸਟਰ ਗੁਰਵਿੰਦਰ ਸਿੰਘ ਉਰਫ਼ ਅਫਰੀਦੀ ਨੂੰ ਇਥੋਪੀਆ ਤੋਂ ਸਫਲਤਾਪੂਰਵਕ ਡਿਪੋਰਟ ਕਰਵਾ ਲਿਆ ਹੈ । ਇਹ ਜਾਣਕਾਰੀ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ । ਪੰਜਾਬ ਪੁਲਿਸ ਹੈੱਡਕੁਆਰਟਰ (ਪੀ.ਪੀ.ਐੱਚ.ਕਿਊ.) ਵਿਖੇ ਡੀ.ਜੀ.ਪੀ. ਗੌਰਵ ਯਾਦਵ, ਜਿਨ੍ਹਾਂ ਨਾਲ ਸਪੈਸ਼ਲ ਡੀ.ਜੀ.ਪੀ. ਏ.ਜੀ.ਟੀ.ਐੱਫ. ਪ੍ਰਮੋਦ ਬਾਨ ਤੇ ਸਪੈਸ਼ਲ ਡੀ.ਜੀ.ਪੀ. ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸਾਦ ਵੀ ਮੌਜੂਦ ਸਨ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਵਲੋਂ ਅਫ਼ਰੀਕੀ ਦੇਸ਼ ਤੋਂ ਭਗੌੜੇ ਅਪਰਾਧੀ ਦੀ ਇਹ ਹੁਣ ਤੱਕ ਦੀ ਪਹਿਲੀ ਡਿਪੋਰਟੇਸ਼ਨ ਹੈ, ਜਿਸ ਨਾਲ ਸੂਬੇ ਵਿਚ ਸੰਗਠਿਤ ਅਪਰਾਧ ਖ਼ਿਲਾਫ਼ ਵਿੱਢੀ ਸਖ਼ਤ ਮੁਹਿੰਮ ਵਿਚ ਇੱਕ ਨਵੀਂ ਸਫ਼ਲਤਾ ਜੁੜ ਗਈ ਹੈ । ਪੁਲਿਸ ਮੁਖੀ ਨੇ ਕਿਹਾ ਕਿ ਗੁਰਵਿੰਦਰ ਉਰਫ਼ ਅਫ਼ਰੀਦੀ, ਡੋਨੀ ਬੱਲ-ਪ੍ਰਭ ਦਾਸੂਵਾਲ ਗੈਂਗ ਦਾ ਮੁੱਖ ਸਰਗਣਾ ਹੈ, ਜਿਸ ਨੂੰ ਗ੍ਰਿਫ਼ਤਾਰ ਕਰਵਾਉਣ ਸੰਬੰਧੀ ਸੂਚਨਾ ਦੇਣ ’ਤੇ ਪੰਜਾਬ ਸਰਕਾਰ ਵਲੋਂ 5 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ ਤੇ ਉਹ ਵਿਦੇਸ਼ ਵਿਚ ਬੈਠ ਕੇ ਪੰਜਾਬ ਅੰਦਰ ਟਾਰਗੈੱਟ ਕਿਲਿੰਗ, ਫਿਰੌਤੀ ਲਈ ਗੋਲੀ ਚਲਾਉਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣਾ ਤੇ ਸੰਗਠਿਤ ਅਪਰਾਧਿਕ ਨੈੱਟਵਰਕ ਚਲਾਉਣ ਵਰਗੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਿਹਾ ਸੀ ।
17 ਨਵੰਬਰ ਤੱਕ ਪੁਲਿਸ ਰਿਮਾਂਡ ’ਤੇ ਭੇਜਿਆ
ਤਰਨ ਤਾਰਨ, (ਹਰਿੰਦਰ ਸਿੰਘ)-ਵਿਦੇਸ਼ ਤੋਂ ਏ.ਜੀ.ਟੀ.ਐਫ. ਦੇ ਐਸ.ਪੀ. ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਭਾਰਤ ਲਿਆਂਦੇ ਇਨਾਮੀ ਗੈਂਗਸਟਰ ਗੁਰਵਿੰਦਰ ਸਿੰਘ ਉਰਫ਼ ਅਫਰੀਦੀ ਨੂੰ ਤਰਨ ਤਾਰਨ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ, ਜਿਥੇ ਥਾਣਾ ਪੱਟੀ ਸਿਟੀ ਦੀ ਪੁਲਿਸ ਵਲੋਂ ਸਰਪੰਚ ਰਾਜਵਿੰਦਰ ਸਿੰਘ ਰਾਜ ਤਲਵੰਡੀ ਦੇ ਕਤਲ ਦੇ ਮਾਮਲੇ ਵਿਚ ਨਾਮਜ਼ਦ ਕਰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ 17 ਨਵੰਬਰ ਤੱਕ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ । ਅਦਾਲਤ ਵਿਚ ਗੁਰਵਿੰਦਰ ਸਿੰਘ ਅਫਰੀਦੀ ਦੀ ਤਰਫੋਂ ਪੇਸ਼ ਹੋਏ ਵਕੀਲ ਅੰਮ੍ਰਿਤਪਾਲ ਸਿੰਘ ਬੁੱਟਰ ਨੇ ਅਦਾਲਤ ਵਿਚ ਅਫਰੀਦੀ ਨੂੰ ਝੂਠੇ ਮੁਕਾਬਲੇ ਵਿਚ ਮਾਰਨ ਜਾਂ ਸਰੀਰਕ ਤਸ਼ੱਦਦ ਦਾ ਖਦਸ਼ਾ ਪ੍ਰਗਟਾਉਂਦਿਆਂ ਕਾਨੂੰਨ ਅਨੁਸਾਰ ਹੀ ਉਸ ਪਾਸੋਂ ਪੁੱਛਗਿੱਛ ਦੀ ਮੰਗ ਕੀਤੀ ਹੈ । ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਤੂਤ ਨਿਵਾਸੀ ਗੁਰਵਿੰਦਰ ਸਿੰਘ ਉਰਫ਼ ਅਫਰੀਦੀ ’ਤੇ ਤਰਨ ਤਾਰਨ ਪੁੁਲਿਸ ਵਲੋਂ ਕਤਲ, ਇਰਾਦਾ ਕਤਲ, ਫਿਰੌਤੀਆਂ, ਗੋਲੀ ਚਲਾਉਣ ਤੇ ਆਰਮਜ਼ ਐਕਟ ਦੇ ਕਈ ਪਰਚੇ ਦਰਜ ਹਨ । ਤਰਨ ਤਾਰਨ ਦੇ ਐਸ.ਐਸ.ਪੀ. ਸੁਰਿੰਦਰ ਲਾਂਬਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਗੁਰਵਿੰਦਰ ਸਿੰਘ ਅਫਰੀਦੀ ਤਰਨ ਤਾਰਨ ਜ਼ਿਲ੍ਹੇ ਵਿਚ 34 ਤੋਂ ਵੱਧ ਮਾਮਲਿਆਂ ਵਿਚ ਪੁਲਿਸ ਨੂੰ ਲੋੜੀਂਦਾ ਸੀ । ਅਫਰੀਦੀ ਨੂੰ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਮੁਕੱਦਮਾ ਨੰਬਰ 133/24 ਦੇ ਵਿਚ ਸਰਪੰਚ ਰਾਜਵਿੰਦਰ ਸਿੰਘ ਉਰਫ ਰਾਜ ਤਲਵੰਡੀ ਦੇ ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰੀ ਪਾ ਕੇ ਉਸ ਨੂੰ ਪੱਟੀ ਦੇ ਇਲਾਕਾ ਮੈਜਿਸਟ੍ਰੇਟ ਮਾਣਕ ਕੌੜਾ ਦੀ ਅਦਾਲਤ ਵਿਚ ਪੇਸ਼ ਕੀਤਾ ਹੈ, ਜਿਥੇ ਪੁਲਿਸ ਨੇ ਉਸ ਦਾ 17 ਨਵੰਬਰ ਤੱਕ ਰਿਮਾਂਡ ਹਾਸਿਲ ਕੀਤਾ ਹੈ ।
ਪੰਜਾਬ ਪੁਲਿਸ ਨੇ ਭਗੌੜੇ ਗੈਂਗਸਟਰ ਅਫਰੀਦੀ ਨੂੰ ਇਥੋਪੀਆ ਤੋਂ ਵਾਪਸ ਲਿਆਂਦਾ- ਡੀ.ਜੀ.ਪੀ.
ਪੰਜਾਬ ਪੁਲਿਸ ਨੇ ਭਗੌੜੇ ਗੈਂਗਸਟਰ ਅਫਰੀਦੀ ਨੂੰ ਇਥੋਪੀਆ ਤੋਂ ਵਾਪਸ ਲਿਆਂਦਾ- ਡੀ.ਜੀ.ਪੀ.
ਅਜੀਤ ਡੈਸਕ
10-11-2026