ਲੁਧਿਆਣਾ, 9 ਨਵੰਬਰ (ਜਸਵਿੰਦਰ ਸਿੰਘ)-ਪੰਜਾਬ ਵਿਚ ਵਧ ਰਹੀਆਂ ਗੱਡੀਆਂ, ਫੈਕਟਰੀਆਂ ਦੇ ਧੂੰਏਂ, ਪਰਾਲੀ ਸਾੜਨ ਤੇ ਦੀਵਾਲੀ ਦੇ ਪਟਾਕਿਆਂ ਕਾਰਨ ਹਵਾ ਪ੍ਰਦੂਸ਼ਣ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ । ਪੁਰਾਣੀਆਂ ਅਤੇ ਕੰਡਮ ਗੱਡੀਆਂ ਵੀ ਪ੍ਰਦੂਸ਼ਣ ਵਧਾਉਣ ਵਿਚ ਯੋਗਦਾਨ ਪਾ ਰਹੀਆਂ ਹਨ । ਬਠਿੰਡਾ, ਫਰੀਦਕੋਟ, ਮਲੋਟ, ਬਰਨਾਲਾ, ਅਬੋਹਰ, ਪਟਿਆਲਾ ਅਤੇ ਅੰਮ੍ਰਿਤਸਰ ਸਮੇਤ ਕਈ ਜ਼ਿਲ੍ਹਿਆਂ ਵਿਚ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ ਤੱਕ ਪਹੁੰਚ ਗਈ ਹੈ । ਪਰਾਲੀ ਸਾੜਨ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ । ਠੰਢੇ ਮੌਸਮ ਤੇ ਹਵਾ ਦੀ ਘੱਟ ਰਫ਼ਤਾਰ ਕਾਰਨ ਪ੍ਰਦੂਸ਼ਕ ਹਵਾ ਵਿਚ ਜਮ੍ਹਾਂ ਹੋ ਕੇ ਸਮੋਗ ਬਣਾਉਂਦੇ ਹਨ । ਪੰਜਾਬ ਵਿਚ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਮੋਬਾਈਲ ਫ਼ੋਨ ਦੇ ਰਾਹੀਂ ਗ੍ਰੀਨ ਦੀਵਾਲੀ ਮਨਾਉਣ ਦੇ ਸੁਨੇਹੇ ਤੱਕ ਵੀ ਭੇਜੇ ਗਏ, ਪਰ ਸੁਨੇਹਿਆਂ ਉੱਪਰ ਅਮਲ ਕਰਵਾਉਣ ਲਈ ਸੰਬੰਧਿਤ ਅਧਿਕਾਰੀਆਂ ਵਲੋਂ ਹਕੀਕਤ ਵਿਚ ਸ਼ਾਇਦ ਹੀ ਕੁਝ ਕੀਤਾ ਗਿਆ ਹੋਵੇ।
ਪ੍ਰਹੇਜ਼ ਤੇ ਬਚਾਅ ਹੀ ਸਭ ਤੋਂ ਉੱਤਮ ਦਵਾਈ-ਡਾ. ਵਾਂਡਰ
ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਗੁਰਪ੍ਰੀਤ ਸਿੰਘ ਵਾਂਡਰ ਨੇ ਸੂਬੇ ਵਿਚ ਪ੍ਰਦੂਸ਼ਣ ਦੀ ਭਿਆਨਕ ਸਥਿਤੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਥਿਤੀ ਵਿਚ ਪ੍ਰੱਹੇਜ਼ ਤੇ ਬਚਾਅ ਹੀ ਸਭ ਤੋਂ ਉੱਤਮ ਦਵਾਈ ਹੈ । ਉਨ੍ਹਾਂ ਕਿਹਾ ਕਿ ਸਵੇਰ ਤੇ ਸ਼ਾਮ ਦੀ ਸੈਰ, ਭਾਰੀ ਕਸਰਤ, ਬਹੁਤ ਜ਼ਿਆਦਾ ਤੇਜ਼ ਦੌੜਨਾ ਤੇ ਬਾਹਰ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ । ਜੇਕਰ ਹੋ ਸਕਦਾ ਹੈ ਤਾਂ ਘਰਾਂ ਵਿਚ ਏਅਰ ਫ਼ਿਲਟਰ ਇਸਤੇਮਾਲ ਕਰਨੇ ਚਾਹੀਦੇ ਹਨ । ਦਿਲ ਦੇ ਮਰੀਜ਼, ਫੇਫੜਿਆਂ ਦੀ ਮਰੀਜ਼, ਬੀੜੀ ਸਿਗਰਟ ਪੀਣ ਵਾਲੇ ਤੇ ਹੋਰ ਗੰਭੀਰ ਬਿਮਾਰੀ ਵਾਲੇ ਮਰੀਜ਼ ਨੂੰ ਸਭ ਤੋਂ ਜ਼ਿਆਦਾ ਪਰਹੇਜ਼ ਕਰਨਾ ਚਾਹੀਦਾ ਹੈ। ਬਾਹਰ ਆਉਣ ਜਾਣ ਵੇਲੇ ਮਾਸਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ ।
ਹਵਾ ਪ੍ਰਦੂਸ਼ਣ ਇਕ ਅਦਿੱਖ ਜ਼ਹਿਰ -ਡਾ. ਗਿੱਲ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਖ਼ਰਾਬ ਵਾਤਾਵਰਨ ਅਤੇ ਵਧ ਰਹੇ ਪ੍ਰਦਰਸ਼ਨ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਹਵਾ ਪ੍ਰਦੂਸ਼ਣ ਇਕ ਅਦਿੱਖ ਜ਼ਹਿਰ ਵਾਂਗ ਕੰਮ ਕਰਦਾ ਹੈ, ਜੋ ਮਨੁੱਖਾਂ ਤੇ ਜਾਨਵਰਾਂ ਦੋਵਾਂ ਦੇ ਬੁਨਿਆਦੀ ਜੈਵਿਕ ਪ੍ਰਣਾਲੀਆਂ ’ਤੇ ਹਮਲਾ ਕਰਦਾ ਹੈ, ਕਿਉਂਕਿ ਦੋਵੇਂ ਜਿਊਂਦੇ ਰਹਿਣ ਲਈ ਆਕਸੀਜਨ ’ਤੇ ਨਿਰਭਰ ਕਰਦੇ ਹਨ । ਹਵਾ ਵਿਚ ਮੌਜੂਦ ਜ਼ਹਿਰੀਲੇ ਤੱਤ ਸਰੀਰ ਨੂੰ ਇਕੋ ਜਿਹੇ ਤਰੀਕਿਆਂ ਨਾਲ ਨੁਕਸਾਨ ਪਹੁੰਚਾਉਂਦੇ ਹਨ ਖ਼ਾਸ ਕਰਕੇ ਸਾਹ, ਦਿਲ ਤੇ ਪ੍ਰਤੀਰੋਧਕ ਪ੍ਰਣਾਲੀ ਨੂੰ । ਉਨ੍ਹਾਂ ਕਿਹਾ ਕਿ ਪਸ਼ੂਆਂ ਤੇ ਘਰੇਲੂ ਪਾਲਤੂ ਜਾਨਵਰਾਂ ਨੂੰ ਸਾਫ਼-ਸੁਥਰਾ ਪਾਣੀ, ਖ਼ੁਰਾਕ ਤੇ ਚਾਰਾ ਪਾਇਆ ਜਾਵੇ । ਜਾਨਵਰਾਂ ਨੂੰ ਧੂੰਏਂ ਤੋਂ ਦੂਰ ਅਤੇ ਉਨ੍ਹਾਂ ਦੇ ਨੇੜੇ ਪਟਾਕੇ ਨਾ ਚਲਾਏ ਜਾਣ।
ਪਟਾਕਿਆਂ ਕਾਰਨ ਹਵਾ ਪ੍ਰਦੂਸ਼ਣ ਹੋਇਆ ਹੋਰ ਗੰਭੀਰ
ਪਟਾਕਿਆਂ ਕਾਰਨ ਹਵਾ ਪ੍ਰਦੂਸ਼ਣ ਹੋਇਆ ਹੋਰ ਗੰਭੀਰ
ਅਜੀਤ ਡੈਸਕ
10-11-2026