27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਕੇਂਦਰੀ ਮੰਤਰੀ ਮੰਡਲ ਵਲੋਂ ਹੱਦਬੰਦੀ ਤੇ ਮਹਿਲਾ ਰਾਖਵਾਂਕਰਨ ਬਿੱਲ ਨੂੰ ਮਨਜ਼ੂਰੀ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 27 ਨਵੰਬਰ-ਹੱਦਬੰਦੀ ਰਾਹੀਂ ਔਰਤਾਂ ਨੂੰ ਲੋਕ ਸਭਾ ਅਤੇ ਵਿਧਾਨ ਸਭਾਵਾਂ ’ਚ 33 ਫ਼ੀਸਦੀ ਰਾਖਵਾਂਕਰਨ ਦੇਣ ਦੀ ਯੋਜਨਾ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਸੋਮਵਾਰ ਨੂੰ ਲੋਕ ਸਭਾ ’ਚ ਨਵਾਂ ਸੰਵਿਧਾਨਕ ਸੋਧ ਬਿੱਲ ਪੇਸ਼ ਕਰੇਗੀ। ਬਿੱਲ ’ਚ ਹਰ ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਲੋਕ ਸਭਾ ਸੀਟਾਂ ਅਤੇ ਵਿਧਾਨ ਸਭਾ ਸੀਟਾਂ ’ਚ 50 ਫ਼ੀਸਦੀ ਵਾਧਾ ਕਰਨ ਦੀ ਤਜਵੀਜ਼ ਹੈ। ਨਵੇਂ ਬਿੱਲ ’ਚ ਦੱਖਣੀ ਸੂਬਿਆਂ ਦੀਆਂ ਚਿੰਤਾਵਾਂ ਦੂਰ ਕਰਨ ਲਈ ਸਾਰੇ ਸੂਬਿਆਂ ਦੀਆਂ ਸੀਟਾਂ ’ਚ ਬਰਾਬਰ 50 ਫ਼ੀਸਦੀ...

Ad Position 21
No active advertisement
ਅਜੀਤ ਡੈਸਕ 28-11-2026

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 27 ਨਵੰਬਰ-ਹੱਦਬੰਦੀ ਰਾਹੀਂ ਔਰਤਾਂ ਨੂੰ ਲੋਕ ਸਭਾ ਅਤੇ ਵਿਧਾਨ ਸਭਾਵਾਂ ’ਚ 33 ਫ਼ੀਸਦੀ ਰਾਖਵਾਂਕਰਨ ਦੇਣ ਦੀ ਯੋਜਨਾ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਸੋਮਵਾਰ ਨੂੰ ਲੋਕ ਸਭਾ ’ਚ ਨਵਾਂ ਸੰਵਿਧਾਨਕ ਸੋਧ ਬਿੱਲ ਪੇਸ਼ ਕਰੇਗੀ। ਬਿੱਲ ’ਚ ਹਰ ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਲੋਕ ਸਭਾ ਸੀਟਾਂ ਅਤੇ ਵਿਧਾਨ ਸਭਾ ਸੀਟਾਂ ’ਚ 50 ਫ਼ੀਸਦੀ ਵਾਧਾ ਕਰਨ ਦੀ ਤਜਵੀਜ਼ ਹੈ। ਨਵੇਂ ਬਿੱਲ ’ਚ ਦੱਖਣੀ ਸੂਬਿਆਂ ਦੀਆਂ ਚਿੰਤਾਵਾਂ ਦੂਰ ਕਰਨ ਲਈ ਸਾਰੇ ਸੂਬਿਆਂ ਦੀਆਂ ਸੀਟਾਂ ’ਚ ਬਰਾਬਰ 50 ਫ਼ੀਸਦੀ ਵਾਧੇ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ ਹੀ ਨਵੀਂ ਹੱਦਬੰਦੀ ਅਤੇ ਸੀਟਾਂ ਦੀ ਵੰਡ ਨੂੰ 2051 ਤੱਕ ਬਰਕਰਾਰ ਰੱਖਣ ਦੀ ਤਜਵੀਜ਼ ਹੈ। ਸੰਵਿਧਾਨ (132ਵੀਂ ਸੋਧ) ਬਿੱਲ, 2026 ਤਹਿਤ ਲੋਕ ਸਭਾ ਦੀ ਵੱਧ ਤੋਂ ਵੱਧ ਮੈਂਬਰ ਗਿਣਤੀ 850 ਕਰਨ ਦੀ ਯੋਜਨਾ ਹੈ, ਜਿਸ ’ਚ ਸੂਬਿਆਂ ਤੋਂ 815 ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ 35 ਮੈਂਬਰ ਹੋ ਸਕਣਗੇ। ਇਸੇ ਤਰ੍ਹਾਂ ਸੂਬਾਈ ਵਿਧਾਨ ਸਭਾਵਾਂ ਦੀ ਵੱਧ ਤੋਂ ਵੱਧ ਮੈਂਬਰ ਗਿਣਤੀ 500 ਤੋਂ ਵਧਾ ਕੇ 650 ਕਰਨ ਦੀ ਤਜਵੀਜ਼ ਹੈ। ਬਿੱਲ ਅਨੁਸਾਰ ਔਰਤਾਂ ਲਈ ਰਾਖਵਾਂਕਰਨ ਨਵੀਂ ਸੋਧ ਲਾਗੂ ਹੋਣ ਤੋਂ ਬਾਅਦ ਹੋਣ ਵਾਲੀ ਪਹਿਲੀ ਹੱਦਬੰਦੀ ਪ੍ਰਕਿਰਿਆ ਤੋਂ ਬਾਅਦ ਲਾਗੂ ਹੋਵੇਗਾ। ਇਸ ਲਈ ਹਰੇਕ ਸੂਬੇ ਦੀਆਂ ਮੌਜੂਦਾ ਸੀਟਾਂ ’ਚ 50 ਫ਼ੀਸਦੀ ਵਾਧਾ ਕੀਤਾ ਜਾਵੇਗਾ। ਸਰਕਾਰ 2029 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਹਿਲਾ ਰਾਖਵਾਂਕਰਨ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਨਾਲ ਹੀ ਪੇਸ਼ ਕੀਤੇ ਜਾਣ ਵਾਲੇ ਹੱਦਬੰਦੀ (ਦੂਜਾ) ਬਿੱਲ, 2026 ’ਚ ਤਿੰਨ ਮੈਂਬਰੀ ਕਮਿਸ਼ਨ ਬਣਾਉਣ ਦੀ ਵਿਵਸਥਾ ਹੈ, ਜਿਸ ਦੀ ਅਗਵਾਈ ਸੁਪਰੀਮ ਕੋਰਟ ਦਾ ਮੌਜੂਦਾ ਜਾਂ ਸਾਬਕਾ ਜੱਜ ਕਰੇਗਾ। ਇਹ ਕਮਿਸ਼ਨ ਸੀਟਾਂ ਦੀ ਵੰਡ, ਹਲਕਿਆਂ ਦੀ ਹੱਦਬੰਦੀ ਤੇ ਔਰਤਾਂ ਲਈ ਰਾਖਵੀਆਂ ਸੀਟਾਂ ਦੀ ਪਛਾਣ ਕਰੇਗਾ। ਜ਼ਿਕਰਯੋਗ ਹੈ ਕਿ ਇਸ ਸਾਲ 17 ਅਪ੍ਰੈਲ ਨੂੰ ਪੇਸ਼ ਕੀਤਾ ਗਿਆ ਪਿਛਲਾ ਸੰਵਿਧਾਨਕ ਸੋਧ ਬਿੱਲ ਲੋਕ ਸਭਾ ’ਚ ਦੋ-ਤਿਹਾਈ ਬਹੁਮਤ ਹਾਸਲ ਕਰਨ ’ਚ ਅਸਫ਼ਲ ਰਿਹਾ ਸੀ।
ਮੰਤਰੀ ਮੰਡਲ ਵਲੋਂ ਹੱਦਬੰਦੀ ਨਾਲ ਸੰਬੰਧਿਤ ਦੋ ਅਹਿਮ ਪ੍ਰਸਤਾਵਾਂ ਨੂੰ ਮਨਜ਼ੂਰੀ : ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ’ਚ ਹੱਦਬੰਦੀ ਨਾਲ ਸੰਬੰਧਿਤ ਦੋ ਅਹਿਮ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ। ਕੇਂਦਰੀ ਮੰਤਰੀ ਅਮਿਤ ਸ਼ਾਹ, ਨਿਤਿਨ ਗਡਕਰੀ ਅਤੇ ਨਿਰਮਲਾ ਸੀਤਾਰਮਨ ਸਮੇਤ ਤਮਾਮ ਸੀਨੀਅਰ ਨੇਤਾਵਾਂ ਦੀ ਮੌਜੂਦਗੀ ’ਚ ਹੋਈ ਬੈਠਕ ’ਚ ਸਾਰੇ ਰਾਜਾਂ ’ਚ ਲੋਕ ਸਭਾ ਸੀਟਾਂ ਦੀ ਗਿਣਤੀ 50 ਫ਼ੀਸਦੀ ਤੱਕ ਵਧਾਉਣ ਅਤੇ ਹੱਦਬੰਦੀ ਦੇ ਅਮਲ ਨੂੰ ਮਰਦਮਸ਼ੁਮਾਰੀ ਤੋਂ ਵੱਖ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ।  ਇਹ ਫ਼ੈਸਲੇ 30 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਵਿਸ਼ੇਸ਼ ਇਜਲਾਸ ਤੋਂ ਐਨ ਪਹਿਲਾਂ ਲਏ ਗਏ, ਜਿਸ ਦੌਰਾਨ ਸਰਕਾਰ ਵਲੋਂ ਹੱਦਬੰਦੀ ਨਾਲ ਜੁੜੇ ਸੰਸਦ ਅਤੇ ਵਿਧਾਨ ਸਭਾਵਾਂ ’ਚ ਔਰਤਾਂ ਦੇ ਰਾਖਵੇਂਕਰਨ ਬਾਰੇ ਬਿੱਲ ’ਚ ਬਦਲਾਵਾਂ ਨੂੰ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ ’ਚ ਫਿਲਹਾਲ 543 ਸੀਟਾਂ ਹਨ। 50 ਫ਼ੀਸਦੀ ਵਾਧੇ ਤੋਂ ਬਾਅਦ ਇਹ ਸੀਟਾਂ 815 ਹੋ ਜਾਣਗੀਆਂ ਭਾਵ 272 ਸੀਟਾਂ ਦਾ ਵਾਧਾ ਹੋਏਗਾ। ਵਧਾਈਆਂ ਗਈਆਂ  ਸਾਰੀਆਂ ਸੀਟਾਂ ਔਰਤਾਂ ਲਈ ਰਾਖਵੀਆਂ ਕੀਤੀਆਂ ਜਾ ਸਕਦੀਆਂ ਹਨ। ਮਿਸਾਲ ਵਜੋਂ ਪੰਜਾਬ ’ਚ ਮੌਜੂਦਾ 13 ਲੋਕ ਸਭਾ ਸੀਟਾਂ ’ਚ 50 ਫ਼ੀਸਦੀ ਦੇ ਵਾਧੇ ਤੋਂ ਬਾਅਦ ਕੁੱਲ ਸੀਟਾਂ ਦੀ ਗਿਣਤੀ ਵਧ ਕੇ 20 ਹੋ ਜਾਏਗੀ।
360 ਨੰਬਰਾਂ ਦਾ ਗਣਿਤ : ਲੋਕ ਸਭਾ ’ਚ ਹੱਦਬੰਦੀ ਅਤੇ ਸੰਸਦ ਤੇ ਵਿਧਾਨ ਸਭਾਵਾਂ ’ਚ ਔਰਤਾਂ ਦੇ ਰਾਖਵੇਂਕਰਨ ਬਾਰੇ ਬਿੱਲ ਨੂੰ ਪਾਸ ਕਰਵਾਉਣ ਲਈ ਸਰਕਾਰ ਨੂੰ 360 ਵੋਟਾਂ ਦੀ ਲੋੜ ਹੈ। ਸੰਵਿਧਾਨਕ ਸੋਧ ਬਿੱਲ ਹੋਣ ਕਾਰਨ ਇਸ ਨੂੰ ਸਦਨ ’ਚੋਂ ਪਾਸ ਕਰਵਾਉਣ ਲਈ ਦੋ ਤਿਹਾਈ ਬਹੁਮਤ ਦੀ ਲੋੜ ਹੁੰਦੀ ਹੈ। ਇਸ ਤੋਂ ਪਹਿਲਾਂ ਅਪ੍ਰੈਲ ’ਚ ਇਹ ਬਿੱਲ ਲੋਕ ਸਭਾ ’ਚ ਦੋ ਤਿਹਾਈ ਬਹੁਮਤ ਨਾ ਮਿਲਣ ਕਾਰਨ ਇਹ ਪਾਸ ਨਹੀਂ ਹੋ ਪਾਇਆ ਸੀ। ਇਸ ਵਾਰ ਸਰਕਾਰ ਦਾ ਧਿਆਨ ਪਹਿਲਾਂ ਬਿੱਲ ਦਾ ਵਿਰੋਧ ਕਰਨ ਵਾਲੇ ਡੀ.ਐਮ.ਕੇ. ਅਤੇ ਐਨ.ਸੀ.ਪੀ. (ਸ਼ਰਦ ਧੜੇ) ਵੱਲ ਹੈ। ਦੋਵਾਂ ਪਾਰਟੀਆਂ ਨੇ ਸੰਕੇਤ ਦਿੱਤੇ ਹਨ ਕਿ 50 ਫ਼ੀਸਦੀ ਦੇ ਵਾਧੇ ਦੀ ਮਨਜ਼ੂਰੀ ਨਾਲ ਉਹ ਬਿੱਲ ਨੂੰ ਸਮਰਥਨ ਦੇ ਸਕਦੇ ਹਨ। ਸ਼ਰਦ ਧੜੇ ਦੀ ਐਨ.ਸੀ.ਪੀ. ਨੇ ਨਾ ਸਿਰਫ਼ ਆਪਣੇ ਅੱਠੋਂ ਸੰਸਦ ਮੈਂਬਰਾਂ ਨੂੰ ਵਿਸ਼ੇਸ਼ ਇਜਲਾਸ ਦਰਮਿਆਨ ਸਦਨ ’ਚ ਰਹਿਣ ਲਈ ਵ੍ਹਿਪ ਜਾਰੀ ਕਰ ਦਿੱਤਾ ਹੈ।, ਉਥੇ ਲੋਕ ਸਭਾ ’ਚ ਐਨ.ਸੀ.ਪੀ. (ਸ਼ਰਦ ਧੜੇ) ਦੀ ਨੇਤਾ ਸੁਪਰਿਆ ਸੁਲੇ ਨੇ ਵੀ ਪਾਰਟੀ ਵਲੋਂ ਬਿੱਲ ਨੂੰ ਸਮਰਥਨ ਦੇਣ ਦੀ ਨੀਤੀ ’ਤੇ ‘ਤਕਰੀਬਨ’ ਮੋਹਰ ਲਗਾਉਂਦਿਆਂ ਸਨਿਚਰਵਾਰ ਨੂੰ ਹੋਣ ਵਾਲੀ ‘ਇੰਡੀਆ’ ਬਲਾਕ ਦੀ ਮੀਟਿੰਗ ’ਚ ਸ਼ਾਮਿਲ ਹੋਣ ਤੋਂ ਮਨ੍ਹਾਂ ਕਰ ਦਿੱਤਾ ਹੈ। ਦੂਜੇ ਪਾਸੇ ਡੀ.ਐਮ.ਕੇ., ਜਿਸਦੇ ਲੋਕ ਸਭਾ ’ਚ 22 ਸੰਸਦ ਮੈਂਬਰ ਹਨ, ਨੇ ਵੀ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਨਾਲ ਗੱਠਜੋੜ ਤੋੜਣ ਤੋਂ ਬਾਅਦ ਬਿੱਲ ਦੇ ਵਿਰੋਧ ਨੂੰ ਲੈ ਕੇ ਆਪਣਾ ਸਟੈਂਡ ਨਰਮ ਕਰਦਿਆਂ ਦੋ ਸ਼ਰਤਾਂ ਰੱਖੀਆਂ ਸਨ, ਜਿਸ ’ਚ ਹੱਦਬੰਦੀ ਤੋਂ ਬਾਅਦ ਸੰਸਦ ’ਚ ਤਾਮਿਲਨਾਡੂ ਦਾ 7.2 ਫ਼ੀਸਦੀ ਹਿੱਸਾ ਬਣਿਆ ਰਹਿਣ ਅਤੇ ਅਗਲੇ 25 ਸਾਲਾਂ ਤੱਕ ਹੱਦਬੰਦੀ ਨਾ ਕਰਵਾਉਣ ਦੀ ਸ਼ਰਤ ਸ਼ਾਮਿਲ ਸੀ। ਸਰਕਾਰ ਵਲੋਂ ਸ਼ੁੱਕਰਵਾਰ ਨੂੰ ਇਨ੍ਹਾਂ ਸ਼ਰਤਾਂ ਦੇ ਨਾਲ ਹੱਦਬੰਦੀ ਤਹਿਤ ਔਰਤਾਂ ਦੇ ਰਾਖਵੇਂਕਰਨ ਦੇ ਬਿੱਲ ਨੂੰ ਮਨਜ਼ੂਰੀ ਤੋਂ ਬਾਅਦ ਪਾਰਟੀ ਵਲੋਂ ਬਿੱਲ ਨੂੰ ਸਮਰਥਨ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵਾਈ.ਐਸ.ਆਰ.ਸੀ.ਪੀ., ਜਿਸਦੇ ਲੋਕ ਸਭਾ ’ਚ 4 ਮੈਂਬਰ ਹਨ, ਵੀ ਬਿੱਲ ਨੂੰ ਆਪਣਾ ਸਮਰਥਨ ਦੇ ਸਕਦੀ ਹੈ। ਐਨ.ਡੀ.ਏ. ਦੇ 320 ਮੈਂਬਰ ਅਤੇ ਐਨ.ਸੀ.ਪੀ. (ਐਸ.ਪੀ.) ਦੇ 8, ਡੀ.ਐਮ.ਕੇ. ਦੇ 22 ਅਤੇ ਵਾਈ.ਐਸ.ਆਰ.ਸੀ.ਪੀ. ਦੇ 4 ਮੈਂਬਰਾਂ ਦੇ ਸਮਰਥਨ ਨਾਲ ਸਰਕਾਰ ਕੋਲ ਕੁੱਲ 354 ਵੋਟਾਂ ਹਮਾਇਤ ’ਚ ਹੋਣਗੀਆਂ। ਸਰਕਾਰ ਨੂੰ ਲੋੜੀਂਦਾ 360 ਨੰਬਰ ਦਾ ਅੰਕੜਾ ਉਸ ਵੇਲੇ ਹੋਰ ਹੇਠਾਂ ਆ ਸਕਦਾ ਹੈ, ਜੇਕਰ ਕੁਝ ਸੰਸਦ ਮੈਂਬਰ ਸਦਨ ’ਚ ਗ਼ੈਰ-ਹਾਜ਼ਰ ਹੋਣ। ਹਲਕਿਆਂ ਮੁਤਾਬਿਕ ‘ਆਪ’ 3, ਸੁਤੰਤਰ 3 ਅਤੇ ਜ਼ੈੱਡ. ਪੀ. ਐਮ., ਏ.ਐਸ.ਪੀ. ਅਤੇ ਏ. ਆਈ. ਐਮ. ਆਈ. ਐਮ. ਦੇ 1-1 ਮੈਂਬਰਾਂ ਨੂੰ ਵੀ ਪਹੁੰਚ ਕੀਤੀ ਜਾ ਰਹੀ ਹੈ ਤਾਂ ਜੋ ਲੋੜੀਂਦਾ ਬਹੁਮਤ ਹਾਸਿਲ ਕੀਤਾ ਜਾ ਸਕੇ।

Ad Position 22
No active advertisement
ਪਿਛਲੀ ਖ਼ਬਰ 15 ਦਸੰਬਰ ਤੋਂ ਪਹਿਲਾਂ ਠੇੇਕੇਦਾਰਾਂ ਨੂੰ ਪੂਰੇ ਕਰਨੇ ਪੈਣਗੇ ਲੁੱਕ, ਬਜਰੀ ਦੀਆਂ ਸੜਕਾਂ ਬਣਾਉਣ ਦੇ ਕੰਮ ਇੰਟਰਲਾਕ ਟਾਈਲਾ... ਅਗਲੀ ਖ਼ਬਰ ਵਿਰੋਧੀ ਧਿਰਾਂ ਵਲੋਂ ਨਿਖੇਧੀ
Ad Position 24