ਮੁਕੇਰੀਆਂ, 31 ਦਸੰਬਰ (ਰਾਮਗੜ੍ਹੀਆ)- ਮੁਕੇਰੀਆਂ ਸ਼ਹਿਰ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ ਪਰ ਨਗਰ ਕੌਂਸਲ ਮੁਕੇਰੀਆਂ ਦੇ ਕਰਮਚਾਰੀ ਗੂੜ੍ਹੀ ਨੀਂਦ ਸੁੱਤੇ ਪਏ ਹਨ | ਵਾਰਡ ਨੰਬਰ 10 ਵਿਚ ਆਰੀਆ ਸਕੂਲ ਨੇੜੇ ਸੀਵਰੇਜ ਸਿਸਟਮ ਮਹੀਨਿਆਂ ਤੋਂ ਬੰਦ ਹੈ, ਕੋਈ ਠੋਸ ਹੱਲ ਨਹੀਂ ਕੱਢਿਆ ਜਾ ਰਿਹਾ | ਮੁਕੇਰੀਆਂ ਦਾ ਸਭ ਤੋਂ ਵੱਡਾ ਏ.ਐੱਸ. ਸੀਨੀਅਰ ਸੈਕੰਡਰੀ ਸਕੂਲ ਫ਼ਾਰ ਬੁਆਏ, ਜਿਸ ਵਿਚ 1500 ਤੋਂ ਵੱਧ ਵਿਦਿਆਰਥੀ ਹਨ, ਦੇ ਨਜ਼ਦੀਕ ਸੀਵਰੇਜ ਦਾ ਗੰਦਾ ਪਾਣੀ ਲੀਕ ਹੋਣ ਕਾਰਨ ਵਿਦਿਆਰਥੀ ਅਤੇ ਸਟਾਫ਼ ਜਿੱਥੇ ਪ੍ਰੇਸ਼ਾਨ ਹੈ ਉੱਥੇ ਮੁਹੱਲਾ ਵਾਸੀ ਵੀ ਪ੍ਰੇਸ਼ਾਨ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਭਜਨ ਸਿੰਘ, ਸਮਾਜ ਸੇਵਕ ਕਸ਼ਮੀਰ ਸਿੰਘ, ਸੁਸ਼ੀਲ ਕੁਮਾਰੀ ਅਤੇ ਵਿਜੇ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਨਗਰ ਕੌਂਸਲ ਮੁਕੇਰੀਆਂ ਕੋਲ ਸ਼ਿਕਾਇਤਾਂ ਕਈ ਵਾਰ ਕਰ ਚੁੱਕੇ ਹਾਂ, ਪਰੰਤੂ ਨਗਰ ਕੌਂਸਲ ਵਲੋਂ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਸਿਹਤ ਵਿਭਾਗ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਮੇਲ ਰਾਹੀਂ ਜਾਣਕਾਰੀ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਤੋਂ ਸਕੂਲ ਦੇ ਵਿਦਿਆਰਥੀ ਇਸ ਗੰਦੇ ਪਾਣੀ ਵਿਚੋਂ ਲੰਘਦੇ ਰਹੇ ਹਨ ਜਿਸ ਕਾਰਨ ਉਨ੍ਹਾਂ ਦੀਆਂ ਵਰਦੀਆਂ ਜਿੱਥੇ ਖ਼ਰਾਬ ਹੋ ਰਹੀਆਂ ਹਨ, ਉੱਥੇ ਹੀ ਉਹ ਬਿਮਾਰ ਵੀ ਹੋ ਰਹੇ ਹਨ | ਉਨ੍ਹਾਂ ਦਸਿਆ ਕਿ ਸਰਦੀਆਂ ਦੇ ਮੌਸਮ ਦੌਰਾਨ ਬਿਮਾਰੀਆਂਂ ਫ਼ੈਲਣ ਦਾ ਲੋਕਾਂ ਨੂੰ ਡਰ ਸਤਾ ਰਿਹਾ ਹੈ ਪਰੰਤੁ ਨਗਰ ਕੌਂਸਲ ਮੁਕੇਰੀਆਂ ਕੁੰਭਕਰਨੀ ਨੀਂਦ ਸੁੱਤੀ ਪਈ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਪਾਸੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਹੱਲ ਤੁਰੰਤ ਕੀਤਾ ਜਾਵੇ |