ਭੰਗਾਲਾ, 3 ਜਨਵਰੀ (ਬਲਵਿੰਦਰਜੀਤ ਸਿੰਘ ਸੈਣੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲਾਨਾ ਧਾਰਮਿਕ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਸੰਤ ਹਰਜਿੰਦਰ ਸਿੰਘ ਮੰਝਪੁਰ ਵਾਲਿਆਂ ਅਤੇ ਇਲਾਕਾ ਨਿਵਾਸੀਆਂ ਸੰਗਤਾਂ ਦੇ ਸਹਿਯੋਗ ਨਾਲ 7 ਜਨਵਰੀ ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਭਾਈ ਦਿਲਬਾਗ ਸਿੰਘ ਮੰਝਪੁਰ ਨੇ ਦੱਸਿਆ ਕਿ ਸਮਾਗਮ ਨੂੰ ਮੁੱਖ ਰੱਖ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਸੇਵਾਦਾਰਾਂ ਦੀਆਂ ਵੱਖ-ਵੱਖ ਖੇਤਰਾਂ 'ਚ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਅਤੇ ਪਾਰਕਿੰਗ, ਜੋੜਾ ਘਰ, ਰਿਹਾਇਸ਼ ਦੇ ਵਿਸ਼ੇਸ਼ ਪ੍ਰਬੰਧ ਕਰ ਲਏ ਹਨ | ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਬਹੁਤ ਹੀ ਸਮੁੱਚੇ ਅਤੇ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ | ਉਨ੍ਹਾਂ ਇਹ ਵੀ ਦੱਸਿਆ ਕਿ 5 ਜਨਵਰੀ ਸੋਮਵਾਰ ਨੂੰ 18ਵੀਂ ਲੜੀ ਦੇ ਭੋਗ ਪਾਏ ਜਾਣਗੇ ਉਪਰੰਤ 19ਵੀਂ ਲੜੀ ਦੀ ਅਰੰਭਤਾ ਕਰ ਦਿੱਤੀ ਜਾਵੇਗੀ ਜਿਸ ਦੇ ਸੰਪੂਰਨਤਾਈ ਭੋਗ 7 ਜਨਵਰੀ ਦਿਨ ਬੁੱਧਵਾਰ ਨੂੰ ਪੈਣਗੇ ਉਪਰੰਤ ਖੁੱਲੇ੍ਹ ਪੰਡਾਲ ਵਿਚ ਮਹਾਨ ਕੀਰਤਨ ਦਰਬਾਰ 10 ਵਜੇ ਤੋਂ 1 ਵਜੇ ਤੱਕ ਸਜਾਇਆ ਜਾਵੇਗਾ |