ਗੜ੍ਹਦੀਵਾਲਾ, 5 ਜਨਵਰੀ (ਚੱਗਰ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੀਤੀ ਦੇਰ ਸ਼ਾਮ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜਾ ਦੇ ਤਪ ਅਸਥਾਨ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਤ ਬਾਬਾ ਹਰਨਾਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ | ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਸੰਤ ਬਾਬਾ ਹਰਨਾਮ ਸਿੰਘ ਦੀ 43ਵੀਂ ਬਰਸੀ ਸੰਬੰਧੀ ਚਰ ਰਹੇ ਸਮਾਗਮ ਵਿਚ ਸ਼ਮੂਲੀਅਤ ਕਰਨੀ ਸੀ ਪ੍ਰੰਤੂ ਉਹ ਕੁੱਝ ਰੁਝੇਵਿਆਂ ਕਰਕੇ ਲੇਟ ਹੋ ਗਏ | ਇਸ ਮੌਕੇ ਉਨ੍ਹਾਂ ਦੇ ਨਾਲ ਜਸਵੀਰ ਸਿੰਘ ਰਾਜਾ ਵਿਧਾਇਕ ਟਾਂਡਾ ਉੜਮੁੜ, ਕਰਮਵੀਰ ਸਿੰਘ ਘੁੰਮਣ ਵਿਧਾਇਕ ਦਸੂਹਾ,'ਆਪ' ਦੇ ਬਲਾਕ ਪ੍ਰਧਾਨ ਸ਼ੁਭਮ ਸਹੋਤਾ, ਸਾਬਕਾ ਕੌਂਸਲਰ ਰਾਜੂ ਗੁਪਤਾ ਅਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਹਾਜ਼ਰ ਸੀ | ਇਸ ਮੌਕੇ ਉਨ੍ਹਾਂ ਮੁੱਖ ਸੇਵਾਦਾਰ ਸੰਤ ਸੇਵਾ ਸਿੰਘ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਉਨ੍ਹਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਸੱਚਖੰਡ ਵਾਸੀ ਸੰਤ ਬਾਬਾ ਹਰਨਾਮ ਸਿੰਘ ਦੀ ਖ਼ਾਲਸਾ ਪੰਥ ਨੂੰ ਬਹੁਤ ਵੱਡੀ ਦੇਣ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਜੀਵਨ ਦੌਰਾਨ ਦੇਸ਼-ਵਿਦੇਸ਼ ਵਿਚ ਵਿਚਰ ਕੇ ਸੰਗਤਾਂ ਨੂੰ ਗੁਰੂ ਪੰਥ ਅਤੇ ਗੁਰੂ ਗ੍ਰੰਥ ਪ੍ਰਤੀ ਸੁਚੇਤ ਕੀਤਾ ਅਤੇ ਹਜ਼ਾਰਾਂ ਪ੍ਰਾਣੀਆਂ ਨੂੰ ਅੰਮਿ੍ਤ ਛਕਾ ਕੇ ਗੁਰੂ ਵਾਲੇ ਬਣਾਇਆ ਜਦ ਕਿ ਉਨ੍ਹਾਂ ਵੱਲੋਂ ਵਰੋਸਾਏ ਸੰਤ ਸੇਵਾ ਸਿੰਘ ਦੀ ਪ੍ਰੇਰਣਾ ਸਦਕਾ ਅੱਜ ਵੀ ਲੱਖਾਂ ਸੰਗਤਾਂ ਸਿੱਖ ਵਿਰਸੇ ਨਾਲ ਜੁੜ ਰਹੀਆਂ ਹਨ | ਇਸ ਮੌਕੇ ਸੰਤ ਸੇਵਾ ਸਿੰਘ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਜਦ ਕਿ ਭਾਈ ਭੁਪਿੰਦਰ ਸਿੰਘ ਰਾਮਪੁਰ ਖੇੜਾ ਨੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਸਮਾਜ ਭਲਾਈ ਤੇ ਗੁਰਮਤਿ ਕਾਰਜਾਂ ਬਾਰੇ ਜਾਣਕਾਰੀ ਦਿੱਤੀ |
ਵਿਧਾਨ ਸਭਾ ਦੇ ਸਪੀਕਰ ਸੰਧਵਾਂ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਨਤਮਸਤਕ ਹੋਏ
ਅਜੀਤ ਡੈਸਕ
06-01-2026