ਹੁਸ਼ਿਆਰਪੁਰ, 6 ਜਨਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਵਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਨੇ ਆਮ ਆਦਮੀ ਕਲੀਨਿਕ ਜਨੌੜੀ, ਬਾੜੀ ਖੱਡ ਅਤੇ ਬਹੇੜਾ ਦਾ ਦੌਰਾ ਕਰਕੇ ਉੱਥੇ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਜਾਂਚ ਕੀਤੀ ਅਤੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਫੀਡਬੈਕ ਲਿਆ | ਇਸ ਤੋਂ ਬਾਅਦ ਡਾ. ਰਣਜੀਤ ਸਿੰਘ ਵਲੋਂ ਸੀ.ਐਚ.ਸੀ. ਕਮਾਹੀ ਦੇਵੀ ਦਾ ਦੌਰਾ ਕੀਤਾ ਗਿਆ, ਜਿੱਥੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਵਿਤਾ ਰਾਣਾ ਦੇ ਸਹਿਯੋਗ ਨਾਲ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ਼ ਨਾਲ ਵਿਸਥਾਰਪੂਰਵਕ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਮਾਂ ਅਤੇ ਬੱਚੇ ਦੀ ਸਿਹਤ (ਮੈਟਰਨਲ ਹੈਲਥ), ਗਰਭਵਤੀ ਮਹਿਲਾਵਾਂ ਦੇ ਏ.ਐਨ.ਸੀ. ਚੈੱਕਅਪ, ਐਮ.ਟੀ.ਪੀ. ਕਿੱਟਾਂ ਦੀ ਉਪਲਬਧਤਾ ਅਤੇ ਸਹੀ ਵਰਤੋਂ, ਗੈਰ-ਸੰਕ੍ਰਾਮਕ ਰੋਗਾਂ (ਐਨ.ਸੀ.ਡੀ.) ਸੰਬੰਧੀ ਸੇਵਾਵਾਂ ਅਤੇ ਪਰਿਵਾਰ ਨਿਯੋਜਨ ਨਾਲ ਜੁੜੇ ਵਿਸ਼ਿਆਂ 'ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਡਾ. ਰਣਜੀਤ ਸਿੰਘ ਵੱਲੋਂ ਨਿਰਦੇਸ਼ ਦਿੱਤੇ ਗਏ ਕਿ ਹਰੇਕ ਗਰਭਵਤੀ ਮਹਿਲਾ ਦੀ ਸਮੇਂ-ਸਿਰ ਏ.ਐਨ.ਸੀ. ਰਜਿਸਟਰੇਸ਼ਨ ਯਕੀਨੀ ਬਣਾਈ ਜਾਵੇ ਅਤੇ ਉਨ੍ਹਾਂ ਨੂੰ ਸਾਰੇ ਲੋੜੀਂਦੇ ਚੈੱਕਅਪ ਤੇ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ | ਉਨ੍ਹਾਂ ਨੇ ਸਟਾਫ਼ ਨੂੰ ਨਿਰਦੇਸ਼ ਦਿੱਤੇ ਕਿ ਪਰਿਵਾਰ ਨਿਯੋਜਨ ਅਤੇ ਐਨ.ਸੀ.ਡੀ. ਸੇਵਾਵਾਂ ਨੂੰ ਹੋਰ ਪ੍ਰਭਾਵਸ਼ੀਲ ਬਣਾਇਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਦਾ ਪੂਰਾ ਲਾਭ ਮਿਲ ਸਕੇ |