ਹੁਸ਼ਿਆਰਪੁਰ, 28 ਜਨਵਰੀ (ਨਰਿੰਦਰ ਸਿੰਘ ਬੱਡਲਾ)-ਹੋਲਾ ਮਹੱਲਾ ਮਨਾਉਣ ਸੰਬੰਧੀ ਨਿਰਮਲ ਭੇਖ ਮੰਡਲ ਦੀ ਇਕੱਤਰਤਾ ਡੇਰਾ ਸੰਤਗੜ੍ਹ ਹਰਖੋਵਾਲ ਵਿਖੇ ਸੰਤ ਅਮਰਜੀਤ ਸਿੰਘ ਮੁਖੀ ਹਰਖੋਵਾਲ ਸੰਪਰਦਾਇ ਦੀ ਅਗਵਾਈ 'ਚ ਹੋਈ | ਜਿਸ 'ਚ ਹੋਲੇ ਮਹੱਲੇ 'ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਗਰ ਕੀਰਤਨ ਸਜਾਉਣ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ | ਨਿਰਮਲ ਭੇਖ ਵਲੋਂ 2 ਮਾਰਚ ਦਿਨ ਸੋਮਵਾਰ ਨੂੰ ਗੁਰਦੁਆਰਾ ਟਿੱਬਾ ਸਾਹਿਬ ਚੱਕ ਹੋਲਗੜ੍ਹ ਸ੍ਰੀ ਅਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਤ ਮਹਾਪੁਰਸ਼ਾਂ ਨੇ ਦੱਸਿਆ ਕਿ ਇਹ ਨਗਰ ਕੀਰਤਨ ਗੁਰਦੁਆਰਾ ਟਿੱਬਾ ਸਾਹਿਬ ਤੋਂ ਆਰੰਭ ਹੋ ਕੇ ਸੰਤ ਪ੍ਰੀਤਮ ਸਿੰਘ ਡੁਮੇਲੀ ਵਾਲਿਆਂ ਦੇ ਅਸਥਾਨ 'ਤੇ ਪਹਿਲਾ ਪੜਾਅ ਕਰੇਗਾ | ਉਪਰੰਤ ਪੰਜ ਪਿਆਰਿਆਂ ਪਾਰਕ ਤੋਂ ਹੁੰਦਾ ਹੋਇਆ ਵੱਖ-ਵੱਖ ਪੜਾਵਾਂ ਤੇ ਰੁਕਦਿਆਂ ਹੋਇਆ ਸੰਤ ਸੰਤੋਖ ਸਿੰਘ ਪਾਲਦੀ ਵਾਲਿਆਂ ਦੇ ਅਸਥਾਨ 'ਤੇ ਪਹੁੰਚੇਗਾ | ਉਨ੍ਹਾਂ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਕੇ ਨਗਰ ਕੀਰਤਨ ਦੀ ਸੰਪੂਰਨਤਾ ਹੋਵੇਗੀ | ਇਸ ਮੌਕੇ ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ, ਗਿਆਨੀ ਤਰਸੇਮ ਸਿੰਘ ਜੌਹਲਾਂ ਵਾਲੇ, ਸੰਤ ਮਹਾਂਵੀਰ ਸਿੰਘ ਤਾਜੇਵਾਲ, ਸੰਤ ਬਲਬੀਰ ਸਿੰਘ ਟਿੱਬਾ ਸਾਹਿਬ, ਸੰਤ ਬਿਕਰਮਜੀਤ ਸਿੰਘ ਨੰਗਲ, ਸੰਤ ਅਮਰੀਕ ਸਿੰਘ ਮੰਨਣਹਾਣਾ, ਸੰਤ ਹਰਜਿੰਦਰ ਸਿੰਘ ਅਟਾਰੀ, ਸੰਤ ਬਲਬੀਰ ਸਿੰਘ ਲੰਗੇਰੀ, ਸੰਤ ਪ੍ਰੀਤਮ ਸਿੰਘ ਡੁਮੇਲੀ, ਗਿਆਨੀ ਸੁਰਜੀਤ ਸਿੰਘ ਹਰਖੋਵਾਲ, ਸੰਤ ਪ੍ਰੀਤਮ ਸਿੰਘ ਬਾੜੀਆ ਆਦਿ ਹਾਜ਼ਰ ਸਨ |