ਤਲਵਾੜਾ, 30 ਜਨਵਰੀ (ਮਹਿਤਾ)- ਪੰਜਾਬ ਸਰਕਾਰ ਅਤੇ ਵਣ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਸਖ਼ਤ ਹਦਾਇਤਾਂ 'ਤੇ ਅਮਲ ਕਰਦੇ ਹੋਏ ਵਣ ਰੇਂਜ ਤਲਵਾੜਾ-2 ਦੇ ਸਟਾਫ਼ ਨੇ 29 ਜਨਵਰੀ ਨੂੰ ਸ਼ਾਮ 5:30 ਵਜੇ ਦੇ ਕਰੀਬ ਨਾਜਾਇਜ਼ ਕਟਾਈ ਕਰਨ ਵਾਲਿਆਂ ਦੇ ਖ਼ਿਲਾਫ਼ ਇੱਕ ਵੱਡੀ ਸਫਲਤਾ ਹਾਸਿਲ ਕੀਤੀ ਹੈ | ਜਾਣਕਾਰੀ ਅਨੁਸਾਰ ਦਲਜੀਤ ਕੁਮਾਰ ਵਣ ਰੇਂਜ ਅਫ਼ਸਰ ਤਲਵਾੜਾ-2 ਦੀ ਅਗਵਾਈ ਹੇਠ ਵਿਭਾਗ ਦੀਆਂ ਟੀਮਾਂ ਪੂਰੀ ਤਰ੍ਹਾਂ ਮੁਸਤੈਦ ਹਨ | 29 ਜਨਵਰੀ ਨੂੰ ਸ਼ਾਮ ਕਰੀਬ 5:30 ਵਜੇ ਗੁਰਮੇਲ ਸਿੰਘ ਵਣ ਗਾਰਡ ਇੰਚਾਰਜ ਧਰਮਪੁਰ ਬੀਟ ਅਤੇ ਪਰਮਜੀਤ ਸਿੰਘ ਵਣ ਗਾਰਡ ਇੰਚਾਰਜ ਤਲਵਾੜਾ ਬੀਟ ਨੇ ਗਸ਼ਤ ਦੌਰਾਨ ਪਿੰਡ ਅਲੇਰਾ ਵਿਖੇ ਇੱਕ ਗੱਡੀ ਸ਼ੱਕੀ ਹਾਲਤ 'ਚ ਸੜਕ 'ਤੇ ਜਾਂਦੀ ਦੇਖੀ, ਜੋ ਕਿ ਪਿੱਛੇ ਤਰਪਾਲ ਨਾਲ ਢਕੀ ਹੋਈ ਸੀ ਦਾ ਪਿੱਛਾ ਕਰਨ 'ਤੇ ਗੱਡੀ ਨੂੰ ਡਰਾਈਵਰ ਨੇ ਰੋਕਿਆ ਅਤੇ ਗੱਡੀ ਛੱਡ ਕੇ ਭੱਜ ਗਿਆ | ਇਹ ਗੱਡੀ ਨੰ. ਐਚ. ਪੀ. 31-6367 ਨੂੰ ਫੜਨ ਉਪਰੰਤ ਪੜਤਾਲ ਕਰਨ 'ਤੇ ਪਤਾ ਲਗਾ ਕਿ ਇਹ ਗੱਡੀ ਕਿਰਨ ਮਹਿਤਾ ਉਰਫ਼ ਕਾਕਾ ਠੇਕੇਦਾਰ ਪੁੱਤਰ ਦੇਵ ਪ੍ਰਸਾਦ ਮਹਿਤਾ, ਪਿੰਡ ਧਰਮਪੁਰ ਦੀ ਹੈ | ਇਸ ਸਮੇਂ ਦੌਰਾਨ ਕਿਰਨ ਮਹਿਤਾ ਵੀ ਮੌਕੇ 'ਤੇ ਪਹੁੰਚ ਗਿਆ | ਇਸ ਸਮੇਂ ਕਿਰਨ ਮਹਿਤਾ ਖ਼ੈਰ ਨਾਲ ਲੋਡ ਗੱਡੀ ਬਾਰੇ ਕੋਈ ਵੀ ਪਰਮਿਟ ਅਤੇ ਨਾ ਹੀ ਇਸ ਲੱਕੜ ਨਾਲ ਸੰਬੰਧਿਤ ਕੋਈ ਦਸਤਾਵੇਜ਼/ਸਬੂਤ ਪੇਸ਼ ਕਰ ਸਕਿਆ | ਇਸ ਲਈ ਗੱਡੀ ਨੂੰ ਵਿਭਾਗ ਨੇ ਆਪਣੇ ਕਬਜ਼ੇ ਵਿਚ ਲੈ ਲਿਆ | ਇਹ ਵਿਅਕਤੀ ਪਹਿਲਾਂ ਵੀ ਇਸ ਹਲਕੇ ਵਿਚ ਰੁੱਖਾਂ ਨੂੰ ਕੱਟਣ ਦਾ ਆਦੀ ਹੈ ਅਤੇ ਇਸ ਖ਼ਿਲਾਫ਼ ਪਹਿਲਾਂ ਵੀ ਨਾਜਾਇਜ਼ ਕਟਾਈ ਦੇ ਕੇਸ ਦਰਜ ਹੋਇਆ ਹੈ | ਇਸ ਲਈ ਇਸ ਵਿਅਕਤੀ ਖ਼ਿਲਾਫ਼ ਪੁਲਿਸ ਪਰਚਾ ਦਰਜ ਕਰਕੇ ਪੜਤਾਲ ਕਰਨ ਲਈ ਮੁੱਖ ਥਾਣਾ ਅਫ਼ਸਰ ਤਲਵਾੜਾ ਨੂੰ ਲਿਖਿਆ ਜਾ ਰਿਹਾ ਹੈ | ਇਸ ਸੰਬੰਧੀ ਵਿਭਾਗੀ ਪੜਤਾਲ ਵੀ ਕੀਤੀ ਜਾ ਰਹੀ ਹੈ |