ਮਾਹਿਲਪੁਰ, 30 ਜਨਵਰੀ (ਰਜਿੰਦਰ ਸਿੰਘ)-ਚੋਰਾਂ ਦੇ ਗਰੋਹ ਵਲੋਂ ਬੀਤੇ ਬੁੱਧਵਾਰ ਰਾਤ ਨੂੰ ਪਿੰਡ ਬਾਹੋਵਾਲ, ਮਰੂਲੇ ਅਤੇ ਭੂੰਨੋਂ ਦੇ ਪਿੰਡਾਂ 'ਚ ਪੀਣ ਵਾਲੇ ਪਾਣੀ ਦੇ ਸਰਕਾਰੀ ਟਿਊਬਵੈੱਲਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਬਿਜਲੀ ਦੀਆਂ ਤਾਰਾਂ ਚੋਰੀ ਕਰ ਲਈਆਂ | ਜਾਣਕਾਰੀ ਅਨੁਸਾਰ ਪਿੰਡ ਬਾਹੋਵਾਲ ਦੇ ਸਰਪੰਚ ਠੇਕੇਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਨੇ ਬੁੱਧਵਾਰ ਦੇਰ ਰਾਤ ਪਿੰਡ ਦੇ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਕਰ ਲਈਆਂ | ਇਸੇ ਤਰ੍ਹਾਂ ਪਿੰਡ ਭੁੰਨੋਂ ਦੇ ਅਪਰੇਟਰ ਸੋਮ ਨਾਥ ਨੇ ਦੱਸਿਆ ਕਿ ਉਹ ਬੁੱਧਵਾਰ ਰਾਤ ਨੂੰ ਰੋਜ਼ਾਨਾ ਦੀ ਤਰ੍ਹਾਂ ਟੈਂਕੀ ਭਰ ਕੇ ਘਰ ਵਾਪਸ ਆ ਗਿਆ | ਜਦੋਂ ਉਹ ਸਵੇਰੇ ਟੈਂਕੀ 'ਤੇ ਪਹੁੰਚਿਆ ਤਾਂ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਚੋਰਾਂ ਨੇ ਬਿਜਲੀ ਦੀਆਂ ਤਾਰਾਂ ਚੋਰੀ ਕਰ ਲਈਆਂ ਸਨ | ਚੋਰਾਂ ਨੇ ਬਾਹੋਵਾਲ ਦੇ ਕਿਸਾਨ ਪਾਲ ਸਿੰਘ ਦੀ ਭੂੰਨੋਂ ਦੇ ਰਸਤੇ ਤੋਂ ਮੋਟਰ ਤੋਂ ਤਾਰਾਂ ਚੋਰੀ ਕਰ ਲਈਆਂ | ਇਸ ਤੋਂ ਪਹਿਲਾਂ ਪਾਲ ਸਿੰਘ ਦੇ ਖੇਤ 'ਤੇ ਲਗਾਏ ਗਏ ਟਰਾਂਸਫ਼ਰ ਉਪਕਰਨ ਵੀ ਚੋਰੀ ਹੋ ਗਏ ਸਨ | ਇਸੇ ਤਰ੍ਹਾਂ ਬੁੱਧਵਾਰ ਰਾਤ ਨੂੰ ਚੋਰਾਂ ਨੇ ਪਿੰਡ ਮਰੂਲਾ ਵਿਚ ਪੀਣ ਵਾਲੇ ਪਾਣੀ ਦੇ ਟਿਊਬਵੈੱਲ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਕਰ ਲਈਆਂ | ਇਸ ਸਬੰਧੀ ਥਾਣਾ ਚੱਬੇਵਾਲ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ |