ਹੁਸ਼ਿਆਰਪੁਰ, 30 ਜਨਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਵੀਪ ਪ੍ਰੋਗਰਾਮ ਅਧੀਨ ਵਿਧਾਨ ਸਭਾ ਹਲਕਾ-043 ਹੁਸ਼ਿਆਰਪੁਰ 'ਚ 'ਮੇਰੀ ਵੋਟ, ਮੇਰਾ ਭਾਰਤ' ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਸਰਕਾਰੀ ਕਾਲਜ ਹੁਸ਼ਿਆਰਪੁਰ ਕਰਵਾਇਆ ਗਿਆ | ਇਹ ਪ੍ਰੋਗਰਾਮ ਬਹੁ ਕਲਾ ਰੰਗ ਮੰਚ ਹੁਸ਼ਿਆਰਪੁਰ ਅਤੇ ਮੇਰਾ ਯੁਵਾ ਭਾਰਤ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ | ਪ੍ਰੋਗਰਾਮ ਦੇ ਮੁੱਖ ਮਹਿਮਾਨ ਚੋਣਕਾਰ ਰਜਿਸਟਰੇਸ਼ਨ ਅਫ਼ਸਰ (ਈ.ਆਰ.ਓ) 043 ਅਤੇ ਐਸ.ਡੀ.ਐਮ. ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ ਸਨ | ਇਸ ਮੌਕੇ ਕਾਲਜ ਪਿ੍ੰਸੀਪਲ ਡਾ: ਗਗਨਦੀਪ ਚੀਮਾ, ਡਾ: ਅਸ਼ੋਕ ਪੁਰੀ, ਕਰਨਲ ਰਘੁਵੀਰ ਸਿੰਘ, ਸਵੀਪ ਇੰਚਾਰਜ ਪ੍ਰੋ: ਪਲਵਿੰਦਰ ਕੌਰ, ਸਵੀਪ ਨੋਡਲ ਅਫ਼ਸਰ ਚੰਦਰ ਪ੍ਰਕਾਸ਼ ਸਿੰਘ ਅਤੇ ਚੋਣ ਕਾਨੂੰਗੋ ਹਰਪ੍ਰੀਤ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਐਸ.ਡੀ.ਐਮ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੋਟਿੰਗ ਲੋਕਤੰਤਰ ਦੀ ਸਭ ਤੋਂ ਵੱਡੀ ਸ਼ਕਤੀ ਹੈ ਅਤੇ ਹਰੇਕ ਨਾਗਰਿਕ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰਨੀ ਚਾਹੀਦੀ ਹੈ | ਇਸ ਪ੍ਰੋਗਰਾਮ 'ਚ ਲਗਪਗ 500 ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਦੌਰਾਨ ਵੋਟ ਦੀ ਮਹੱਤਤਾ ਨੂੰ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਦਸਤਖ਼ਤ ਮੁਹਿੰਮ, 'ਮੇਰੀ ਵੋਟ' ਵਿਸ਼ੇ 'ਤੇ ਸੈਮੀਨਾਰ, ਨੁੱਕੜ ਨਾਟਕ ਅਤੇ ਰੈਲੀ ਰਾਹੀਂ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ | ਪ੍ਰੋਗਰਾਮ ਦੇ ਆਖੀਰ ਵਿਚ ਸਾਰੇ ਭਾਗੀਦਾਰਾਂ ਨੇ ਨਿਰਪੱਖ, ਸੁਤੰਤਰ ਅਤੇ ਜਾਗਰੂਕਤਾ ਨਾਲ ਵੋਟ ਪਾਉਣ ਦਾ ਪ੍ਰਣ ਲਿਆ | 30 ਐਚ ਐਸ ਪੀ 07