ਰਾਮਗੜ੍ਹ ਸੀਕਰੀ, 2 ਫਰਵਰੀ (ਕਟੋਚ)-ਭਾਰਤ ਸਰਕਾਰ ਅਤੇ ਰੇਲਵੇ ਵਿਭਾਗ ਦੀ ਮਹੱਤਵਪੂਰਨ ਨੰਗਲ ਡੈਮ-ਤਲਵਾੜਾ-ਮੁਕੇਰੀਆਂ ਨਵੀਂ ਰੇਲ ਲਾਈਨ ਯੋਜਨਾ ਇਸ ਸਮੇਂ ਆਖ਼ਰੀ ਅਤੇ ਅਹਿਮ ਪੜਾਅ 'ਤੇ ਪਹੁੰਚ ਚੁੱਕੀ ਹੈ | ਰੇਲਵੇ ਸੂਤਰਾਂ ਅਨੁਸਾਰ ਦੌਲਤਪੁਰ-ਕਰਟੋਲੀ ਰੇਲ ਸੈਕਸ਼ਨ ਤੇ ਸਾਰੇ ਤਕਨੀਕੀ ਪ੍ਰੀਖਣ ਕਰ ਲਏ ਗਏ ਹਨ | ਦੌਲਤਪੁਰ ਤੋਂ ਕਰਟੋਲੀ (ਪੰਜਾਬ) ਦੀ ਦੂਰੀ ਕਰੀਬ 12 ਕਿੱਲੋ ਮੀਟਰ ਹੈ ਅਤੇ 13 ਕਿੱਲੋ ਮੀਟਰ ਅੱਗੇ ਤਲਵਾੜਾ ਹੈ | ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਯਾਤਰੀ ਰੇਲਗੱਡੀ ਕਰਟੋਲੀ (ਪੰਜਾਬ) ਰੇਲਵੇ ਸਟੇਸ਼ਨ ਤੱਕ ਚਲਾਈ ਜਾਵੇਗੀ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਹਿਲੇ ਪੜਾਅ ਵਿਚ ਟਰੈਕ 'ਤੇ ਇੰਜਨ ਚਲਾ ਕੇ ਰੇਲ ਲਾਈਨ ਦਾ ਸਫਲ ਨਿਰੀਖਣ ਕੀਤਾ ਗਿਆ ਸੀ ਜਿਸ ਉਪਰੰਤ ਮਾਲ ਗੱਡੀ ਚਲਾ ਕੇ ਭਾਰ ਸਹਿਣ ਦੀ ਵੀ ਜਾਂਚ ਪੂਰੀ ਹੋ ਚੁੱਕੀ ਹੈ | ਹੁਣ ਆਖ਼ਰੀ ਪੜਾਅ ਅਧੀਨ ਯਾਤਰੀ ਗੱਡੀ ਚਲਾ ਕੇ ਸੁਰੱਖਿਆ, ਸਿਗਨਲ ਅਤੇ ਹੋਰ ਤਕਨੀਕੀ ਮਾਪਦੰਡ ਦੀ ਵੀ ਮੁਕੰਮਲ ਜਾਂਚ ਕੀਤੀ ਜਾਵੇਗੀ | ਇੱਥੇ ਇਹ ਵੀ ਦੱਸਣਯੋਗ ਹੈ ਕਿ ਦੌਲਤਪੁਰ ਚੌਕ (ਹਿਮਾਚਲ ਪ੍ਰਦੇਸ਼) ਤੱਕ ਰੇਲ ਲਾਈਨ ਜ਼ਮੀਨ 'ਤੇ ਵਿਛਾਈ ਗਈ ਹੈ ਜਦੋਂ ਕਿ ਇਸ ਤੋਂ ਅੱਗੇ ਨੀਮ ਪਹਾੜੀ ਇਲਾਕੇ ਅਤੇ ਹੜ੍ਹ ਪ੍ਰਭਾਵਿਤ ਖੱਡਾਂ ਵਾਲੇ ਇਲਾਕੇ ਵਿਚ ਪਿਲਰਾਂ 'ਤੇ ਟਰੈਕ ਵਿਛਾਇਆ ਗਿਆ ਹੈ | ਰੇਲਵੇ ਇੰਜੀਨੀਅਰਾਂ ਵਲੋਂ ਅਪਣਾਈ ਗਈ ਇਹ ਨਵੀਂ ਤਕਨੀਕ ਹੜ੍ਹਾਂ, ਬਰਸਾਤੀ ਨਾਲਿਆਂ ਤੋਂ ਸੁਰੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਜ਼ਮੀਨ ਗ੍ਰਹਿਣ ਦੀ ਸਮੱਸਿਆ ਨੂੰ ਵੀ ਘੱਟ ਕਰਦੀ ਹੈ | ਰੇਲਵੇ ਸੂਤਰਾਂ ਅਨੁਸਾਰ ਇਸ ਪ੍ਰਾਜੈਕਟ ਦੀ ਕੁਲ ਲੰਬਾਈ ਕਰੀਬ 123 ਕਿੱਲੋਮੀਟਰ ਹੈ ਅਤੇ ਇਸ ਦੀ ਅਨੁਮਾਨਿਤ ਲਾਗਤ ਕਰੀਬ ਦੋ ਹਜ਼ਾਰ ਕਰੋੜ ਹੈ | ਇਸ ਰੇਲ ਲਾਈਨ 'ਤੇ ਪ੍ਰਸਤਾਵਿਤ ਸਟੇਸ਼ਨ ਕਰਟੋਲੀ, ਡੋਹਰ (ਤਲਵਾੜਾ), ਹਾਜੀਪੁਰ ਅਤੇ ਮੁਕੇਰੀਆਂ ਹਨ | ਇਸ ਪ੍ਰਾਜੈਕਟ ਦਾ ਨੰਗਲ ਡੈਮ, ਊਨਾ, ਅੰਬ (ਇੰਦੋਰਾ), ਦੌਲਤਪੁਰ ਚੌਕ ਕਰੀਬ 60 ਕਿੱਲੋਮੀਟਰ ਸੈਕਸ਼ਨ ਪਹਿਲਾਂ ਵੀ ਚਾਲੂ ਹੋ ਚੁੱਕਾ ਹੈ ਜਦੋਂ ਕਿ ਦੌਲਤਪੁਰ ਚੌਕ, ਕਰਟੋਲੀ, ਤਲਵਾੜਾ ਕਰੀਬ 52 ਕਿੱਲੋਮੀਟਰ ਸੈਕਸ਼ਨ 'ਤੇ ਕੰਮ ਚੱਲ ਰਿਹਾ ਹੈ | ਲੋਕਾਂ ਦਾ ਮੰਨਣਾ ਹੈ ਕਿ ਇਹ ਪ੍ਰੋਜੈਕਟ ਨਾ ਕੇਵਲ ਯਾਤਰੀ ਸਹੂਲਤਾਂ ਦੇ ਲਈ ਹੀ ਨਹੀਂ ਬਲਕਿ ਦੇਸ਼ ਦੀ ਸੁਰੱਖਿਆ ਅਤੇ ਵਪਾਰਿਕ ਗਤੀਵਿਧੀਆਂ ਲਈ ਵੀ ਮੀਲ ਦਾ ਪੱਧਰ ਸਾਬਤ ਹੋਵੇਗਾ |
ਦੌਲਤਪੁਰ ਤੋਂ ਅੱਗੇ ਕਰਟੋਲੀ ਰੇਲਵੇ ਸਟੇਸ਼ਨ ਤੱਕ ਜਲਦੀ ਪਹੁੰਚੇਗੀ ਪੈਸੇਂਜਰ ਰੇਲ ਗੱਡੀ
ਅਜੀਤ ਡੈਸਕ
03-02-2026