22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਨਗਰ ਨਿਗਮ ਵਲੋਂ ਪਾਰਕਿੰਗ ਨੂੰ ਅਚਾਨਕ ਬੰਦ ਕਰ ਦਿੱਤੇ ਜਾਣ ਕਾਰਨ ਲੋਕ ਹੋਏ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 03-02-2026
ਹੁਸ਼ਿਆਰਪੁਰ, 2 ਫਰਵਰੀ (ਹਰਪ੍ਰੀਤ ਕੌਰ)-ਰੇਲਵੇ ਰੋਡ 'ਤੇ ਪੁਰਾਣੀ ਤਹਿਸੀਲ ਦੀ ਥਾਂ 'ਤੇ ਨਗਰ ਨਿਗਮ ਦੀ ਪਾਰੀਕਿੰਗ 'ਤੇ ਸੋਮਵਾਰ ਬਾਅਦ ਦੁਪਹਿਰ ਅਚਾਨਕ ਤਾਲਾ ਲਗਾ ਦਿੱਤੇ ਜਾਣ ਕਾਰਨ ਵੱਡਾ ਵਿਵਾਦ ਖੜ੍ਹਾ ਹੋ ਗਿਆ | ਜਿਹੜੇ ਲੋਕਾਂ ਦੀਆਂ ਗੱਡੀਆਂ ਪਾਰਕਿੰਗ 'ਚ ਖੜ੍ਹੀਆਂ ਸਨ, ਜਦੋਂ ਆਪਣੀਆਂ ਗੱਡੀਆਂ ਕੱਢਣ ਲਈ ਆਏ ਤਾਂ ਤਾਲਾ ਵੇਖ ਕੇ ਹੱਕੇ ਬੱਕੇ ਰਹਿ ਗਏ | ਕਾਫੀ ਰੌਲੇ ਰੱਪੇ ਤੋਂ ਬਾਅਦ ਨਿਗਮ ਨੇ ਜਦੋਂ ਤਾਲਾ ਖੋਲਿ੍ਹਆ ਤਾਂ ਉਹ ਆਪਣੀਆਂ ਗੱਡੀਆਂ ਕੱਢ ਸਕੇ | ਲੰਬੇ ਅਰਸੇ ਤੋਂ ਵਿਅਰਥ ਪਈ ਜ਼ਮੀਨ ਜਿਸ ਦੇ ਅੱਗੇ ਨਿਗਮ ਨੇ ਦੁਕਾਨਾਂ ਬਣਾ ਦਿੱਤੀਆਂ ਸਨ, ਨੂੰ ਸਾਲ 2016 'ਚ ਪਾਰਕਿੰਗ ਨਿਰਧਾਰਿਤ ਕਰ ਦਿੱਤਾ ਗਿਆ | ਇਸ ਤੋਂ ਕਈ ਚਿਰ ਬਾਅਦ ਨਿਗਮ ਨੇ ਪਾਰਕਿੰਗ ਦਾ ਠੇਕਾ ਦੇ ਕੇ ਫੀਸ ਵਸੂਲਣੀ ਸ਼ੁਰੂ ਕਰ ਦਿੱਤੀ | ਠੇਕਾ ਖਤਮ ਹੋਣ ਤੋਂ ਬਾਅਦ ਵਸੂਲੀ ਬੰਦ ਹੋ ਗਈ ਅਤੇ ਪਿਛਲੇ ਚਾਰ ਸਾਲਾਂ ਤੋਂ ਮੁਫਤ ਹੀ ਇੱਥੇ ਆਪਣੀਆਂ ਗੱਡੀਆਂ ਖੜ੍ਹੀਆਂ ਕਰ ਰਹੇ ਸਨ | ਸੋਮਵਾਰ ਬਾਅਦ ਦੁਪਹਿਰ ਨਿਗਮ ਦੇ ਕਰਮਚਾਰੀਆਂ ਨੇ ਆ ਕੇ ਪਾਰਕਿੰਗ ਦੇ ਗੇਟ 'ਤੇ ਤਾਲਾ ਲਗਾ ਦਿੱਤਾ ਜਿਸ ਕਰਕੇ ਪਾਰਕਿੰਗ ਦੀ ਵਰਤੋਂ ਕਰ ਰਹੇ ਗੱਡੀਆਂ ਦੇ ਮਾਲਕ ਪ੍ਰੇਸ਼ਾਨ ਹੋ ਗਏ | ਪਾਰਕਿੰਗ ਦੇ ਨੇੜੇ ਇਕ ਧਾਰਮਿਕ ਜਗ੍ਹਾ 'ਤੇ ਆਏ ਵਿਅਕਤੀਆਂ ਨੂੰ ਵੀ ਭਾਰੀ ਖੱਜਲ-ਖੁਆਰੀ ਹੋਈ | ਲੋਕਾਂ ਨੇ ਮਿਲ ਕੇ ਸਾਬਕਾ ਨਗਰ ਕੌਂਸਲਰ ਸੰਜੀਵ ਦੂਆ ਦੇ ਧਿਆਨ ਵਿਚ ਇਹ ਮਾਮਲਾ ਲਿਆਂਦਾ ਜਿਨ੍ਹਾਂ ਨੇ ਵਿਧਾਇਕ ਤੇ ਨਿਗਮ ਦੇ ਮੇਅਰ ਨਾਲ ਗੱਲ ਕਰਕੇ ਲੋਕਾਂ ਨੂੰ ਪੇਸ਼ ਆ ਰਹੀ ਸਮੱਸਿਆ ਬਾਰੇ ਦੱਸਿਆ | ਕਈ ਚਿਰ ਇਹ ਰੇੜਕਾ ਚੱਲਦਾ ਰਿਹਾ | ਆਖਿਰਕਾਰ ਦੇਰ ਸ਼ਾਮ ਨਿਗਮ ਦੇ ਸਟਾਫ ਨੇ ਆ ਕੇ ਤਾਲਾ ਖੋਲ੍ਹ ਦਿੱਤਾ | ਇਸ ਬਾਬਤ ਨਿਗਮ ਦੇ ਕਮਿਸ਼ਨਰ ਜਾਂ ਮੇਅਰ ਨਾਲ ਸੰਪਰਕ ਨਹੀਂ ਹੋ ਸਕਿਆ | ਨਿਗਮ ਦੇ ਤੈਅ ਬਾਜ਼ਾਰੀ ਨਾਲ ਸਬੰਧਤ ਸਟਾਫ ਮੈਂਬਰਾਂ ਨੇ ਦੱਸਿਆ ਕਿ ਪਾਰਕਿੰਗ ਨੂੰ ਬੰਦ ਕਰਨ ਬਾਰੇ ਬਕਾਇਦਾ ਮੁਨਿਆਦੀ ਕਰਵਾਈ ਗਈ ਸੀ ਤੇ ਲੋਕਾਂ ਨੂੰ ਦੱਸਿਆ ਗਿਆ ਸੀ ਕਿ 7 ਜਨਵਰੀ ਤੋਂ ਬਾਅਦ ਇਸ ਸਰਕਾਰੀ ਜ਼ਮੀਨ 'ਤੇ ਕੋਈ ਪ੍ਰਾਈਵੇਟ ਵਾਹਨ ਖੜ੍ਹਾ ਨਾ ਕੀਤਾ ਜਾਵੇ ਪਰ ਲੋਕਾਂ ਨੇ ਇਸ ਨੂੰ ਗੋਲਿਆ ਨਹੀਂ |
ਦੂਜੇ ਪਾਸੇ ਪਾਰਕਿੰਗ ਦਾ ਇਸਤੇਮਾਲ ਕਰਨ ਵਾਲੇ ਇਲਾਕਾ ਵਾਸੀਆਂ ਨੇ ਕਿਹਾ ਕਿ ਘਰਾਂ ਤੇ ਦੁਕਾਨਾਂ ਦੇ ਬਾਹਰ ਪਾਰਕਿੰਗ ਦੀ ਕੋਈ ਹੋਰ ਪ੍ਰਬੰਧ ਨਾ ਹੋਣ ਕਰਕੇ ਉਹ ਇਸ ਪਾਰਕਿੰਗ ਵਿਚ ਗੱਡੀਆਂ ਖੜ੍ਹੀਆਂ ਕਰਦੇ ਹਨ ਅਤੇ ਨਿਗਮ ਨੇ ਆਪ ਹੀ ਇਸ ਨੂੰ ਪਾਰਕਿੰਗ ਲਈ ਨਿਰਧਾਰਿਤ ਕੀਤਾ ਸੀ | ਉਨ੍ਹਾਂ ਮੰਗ ਕੀਤੀ ਕਿ ਇਸ ਪਾਰਕਿੰਗ ਨੂੰ ਬੰਦ ਨਾ ਕੀਤਾ ਜਾਵੇ ਅਤੇ ਨਿਗਮ ਇਸ ਪਾਰਕਿੰਗ ਵਿਚ ਗੱਡੀਆਂ ਖੜ੍ਹੀਆਂ ਕਰਨ ਲਈ ਜੋ ਵੀ ਫੀਸ ਨਿਰਧਾਰਿਤ ਕਰੇਗੀ, ਉਹ ਅਦਾ ਕਰਨ ਲਈ ਤਿਆਰ ਹਨ |
ਸੰਜੀਵ ਦੂਆ ਨੇ ਕਿਹਾ ਕਿ ਪਾਰਕਿੰਗ ਦਾ ਠੇਕਾ ਦੇ ਕੇ ਨਿਗਮ ਨੂੰ ਕਾਫੀ ਆਮਦਨ ਹੋ ਰਹੀ ਸੀ ਤੇ ਲੋਕਾਂ ਨੂੰ ਵੀ ਇਕ ਚੰਗੀ ਸੁਵਿਧਾ ਮਿਲ ਗਈ ਸੀ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਾਰਨ ਠੇਕਾ ਸਿਰੇ ਨਹੀਂ ਚੜ੍ਹਦਾ ਤਾਂ ਨਿਗਮ ਆਪਣੇ ਕਰਮਚਾਰੀਆਂ ਨੂੰ ਤਾਇਨਾਤ ਕਰਕੇ ਪਾਰਕਿੰਗ ਫੀਸ ਦੀ ਵਸੂਲੀ ਕਰ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਪੰਚਾਇਤ ਸਕੱਤਰ ਸੁਰਿੰਦਰ ਸਿੰਘ ਕਾਲਰਾ ਦਾ ਸੇਵਾ ਮੁਕਤੀ 'ਤੇ ਸਨਮਾਨ
Ad Position 24