ਹੁਸ਼ਿਆਰਪੁਰ, 3 ਫਰਵਰੀ (ਬਲਜਿੰਦਰਪਾਲ ਸਿੰਘ)-ਲੇਬਰ ਪਾਰਟੀ ਵਲੋਂ ਪੈਟਰੋਲ, ਡੀਜ਼ਲ 'ਤੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਸੂਬਾ ਸਰਕਾਰਾਂ ਵਲੋਂ ਸੈਂਟਰਲ ਐਕਸਾਇਜ ਡਿਊਟੀ, ਵੈਟ ਅਤੇ ਰੋਡ ਇਨਫਰਾਸਟਰਕਚਰ ਸੈਸ, ਐਡੀਸ਼ਨਲ ਸੈਸ ਚਾਰਜ ਲੈਣ, ਇਨ੍ਹਾਂ ਪਦਾਰਥਾਂ ਦੀਆਂ ਕੀਮਤਾਂ 'ਚ ਅਥਾਹ ਵਾਧਾ ਕਰਨ ਅਤੇ ਇਕੱਲਾ ਪੈਟਰੋਲ ਅਤੇ ਡੀਜ਼ਲ 'ਤੇ ਲੋਕਾਂ ਦੀਆਂ ਜੇਬਾਂ 'ਤੇ ਟੈਕਸ ਦਾ ਭਾਰ ਪਾਉਣ ਨੂੰ ਲੈ ਕੇ ਕੇਂਦਰ ਤੇ ਸੂਬਾ ਸਰਕਾਰ ਵਿਰੱੁਧ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਸਾਬਕਾ ਪੰਚ ਗਿਆਨ ਚੰਦ ਦੀ ਅਗਵਾਈ 'ਚ ਬਜਵਾੜਾ ਵਿਖੇ ਰੋਸ ਮੁਜ਼ਾਹਰਾ ਕੀਤਾ | ਧੀਮਾਨ ਨੇ ਦੱਸਿਆ ਕਿ ਆਮ ਨਾਗਰਿਕ ਇਨ੍ਹਾਂ ਟੈਕਸਾਂ ਦੇ ਵੇਰਵਿਆਂ ਤੋ ਕੋਹਾਂ ਦੂਰ ਹੈ | ਅਸਲ ਲੜਾਈ ਤਾਂ ਟੈਕਸਾਂ ਦੀ ਗੈਰ ਵਿਊਾਤਬੰਦੀ ਵਿਰੁੱਧ ਖੜੇ੍ਹ ਹੋਣ ਦੀ ਲੋੜ ਹੈ | ਜੇਕਰ ਇਨ੍ਹਾਂ ਟੈਕਸਾਂ ਦਾ ਭਾਰ ਇੰਝ ਹੀ ਜਾਰੀ ਰਿਹਾ ਤਾਂ ਨਾ ਤਾਂ ਕਿਸਾਨ ਖ਼ੁਸ਼ਹਾਲ ਹੋਵੇਗਾ, ਨਾ ਟਰਾਂਸਪੋਰਟਰ ਤੇ ਨਾ ਮਜ਼ਦੂਰ ਤੇ ਆਮ ਲੋਕ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਨੇਕਾਂ ਤਰ੍ਹਾਂ ਦੇ ਟੈਕਸ ਸਮੇਤ ਵੈਟ ਵਸੂਲ ਰਹੀ ਹੈ ਤੇ ਐਡੀਸ਼ਨਲ ਟੈਕਸ ਸਰਚਾਰਜ, ਸੈਸ ਚਾਰਜ ਅਨੇਕਾਂ ਤਰ੍ਹਾਂ ਦਾ ਇਨਫਰਾਸਟਰਕਚਰ ਤੇ ਸ਼ਹਿਰੀ ਵਿਕਾਸ ਲਈ ਵਸੂਲ ਰਹੀ ਹੈ | ਉਨ੍ਹਾਂ ਦੱਸਿਆ ਕਿ ਪੈਟਰੋਲ ਅਤੇ ਡੀਜ਼ਲ ਨੂੰ ਜੀ.ਐਸ.ਟੀ. ਦੇ ਘੇਰੇ ਲਿਆਉਣ ਨਾਲ ਦੇਸ਼ ਵਿਚ ਇਕ ਕੀਮਤ ਹੋਵੇਗੀ, ਲੋਕਾਂ ਨੂੰ ਰਾਹਤ ਮਿਲੇਗੀ, ਕੀਮਤਾਂ ਘਟਣਗੀਆਂ, ਕੰਮ ਕਰਨ ਦੇ ਮੌਕੇ ਵਿਕਸਤ ਹੋਣਗੇ ਤੇ ਬੇਰੁਜ਼ਗਾਰੀ ਵੀ ਘਟੇਗੀ | ਉਨ੍ਹਾਂ ਕਿਹਾ ਕਿ ਜਦੋਂ ਘਰੇਲੂ ਗੈਸ ਜੀ.ਐਸ.ਟੀ. ਦੇ ਘੇਰੇ ਅੰਦਰ ਹੈ ਤੇ ਬਾਕੀ ਦੇ ਪੈਟਰੋਲੀਅਮ ਪਦਾਰਥ ਕਿਉਂ ਨਹੀਂ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਫਾਲਤੂ ਦੀ ਗੱਲਾਂ ਛੱਡ ਕੇ ਟੈਕਸ ਸੁਧਾਰਾਂ ਦੀ ਲੜਾਈ ਲੜਨ ਲਈ ਆਵਾਜ਼ ਬੁਲੰਦ ਕੀਤੀ ਜਾਵੇ |