ਮੁਕੇਰੀਆਂ, 4 ਫਰਵਰੀ (ਰਾਮਗੜ੍ਹੀਆ)-ਗਊ ਮਾਤਾ ਰਕਸ਼ਾ ਸੇਵਾ ਸੁਸਾਇਟੀ ਛੋਟਾ ਬਾਗੋਵਾਲ ਮੁਕੇਰੀਆਂ ਵਿਖੇ ਪੰਜਾਬ ਗਾਊ ਸੇਵਾ ਕਮਿਸ਼ਨ ਵਲੋਂ ਗਊ ਭਲਾਈ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਹਲਕਾ ਇੰਚਾਰਜ ਪ੍ਰੋਫੈਸਰ ਜੀ. ਐਸ. ਮੁਲਤਾਨੀ ਦੀ ਰਹਿਨੁਮਾਈ ਹੇਠ ਗਊਸ਼ਾਲਾ ਪ੍ਰਧਾਨ ਅਸ਼ੋਕ ਸ਼ਰਮਾ ਨੇ ਕੀਤਾ | ਕੈਂਪ 'ਚ ਗਊ ਕਮਿਸ਼ਨ ਵਲੋਂ ਨਿਰਧਾਰਿਤ ਰਕਮ 25 ਹਜ਼ਾਰ ਰੁਪਏ ਦੀ ਦਵਾਈ ਖ਼ਰੀਦ ਕੇ ਗਊਸ਼ਾਲਾ ਦੇ ਜਾਨਵਰਾਂ ਦੇ ਇਲਾਜ ਲਈ ਦਿੱਤੀ ਗਈ ਜਿਸ 'ਚ ਪੇਟ ਦੇ ਕੀੜਿਆਂ ਤੋਂ ਰਹਿਤ ਕਰਨ ਲਈ, ਚਿੱਚੜਾਂ ਲਈ, ਜ਼ਖ਼ਮਾਂ ਦੇ ਲਈ, ਕਮਜ਼ੋਰੀ ਨੂੰ ਦੂਰ ਕਰਨ ਲਈ ਆਦਿ ਦਵਾਈਆਂ ਦਿੱਤੀਆਂ ਗਈਆਂ | ਕੈਂਪ ਇੰਚਾਰਜ ਡਾ. ਹਰਜਿੰਦਰ ਪਾਲ ਗੋਜਰਾ ਸੀਨੀਅਰ ਵੈਟਰਨਰੀ ਅਫ਼ਸਰ ਤਹਿਸੀਲ ਮੁਕੇਰੀਆਂ ਦੀ ਅਗਵਾਈ ਵਿਚ ਡਾ. ਕਿ੍ਸ਼ਨਾ ਕੁਮਾਰ, ਡਾ. ਰੋਹਿਤ ਕੁਮਾਰ ਅਤੇ ਡਾ. ਧਰਮਿੰਦਰ ਸਿੰਘ ਵੱਲੋਂ ਮੌਕੇ 'ਤੇ ਹੀ ਗਊ ਧਨ ਦੀ ਡੀਵਰਮਿੰਗ ਅਤੇ ਚਿੱਚਰਾਂ ਤੋਂ ਰਹਿਤ ਕਰਨ ਲਈ ਦਵਾਈਆਂ ਦੀ ਵਰਤੋਂ ਬਾਰੇ ਦੱਸਿਆ ਗਿਆ | ਇਸ ਮੌਕੇ ਡਾ. ਹਰਜਿੰਦਰ ਪਾਲ ਗੋਜਰਾ ਨੇ ਦੱਸਿਆ ਕਿ ਪਸ਼ੂ ਹਸਪਤਾਲ ਗਊਸ਼ਾਲਾ ਵਿਖੇ ਬਿਮਾਰ ਗਊ ਧਨ ਅਤੇ ਸੜਕ ਹਾਦਸੇ ਵਿਚ ਜ਼ਖਮੀ ਗਾਊ ਮਾਤਾ ਦੇ ਇਲਾਜ ਲਈ ਤਤਪਰ ਰਹਿੰਦਾ ਹੈ | ਕੈਂਪ ਵਿਚ ਸ਼ਾਮਿਲ ਹੋਣ ਲਈ ਗਊਸ਼ਾਲਾ ਮੁਕੇਰੀਆਂ ਦੇ ਪ੍ਰਧਾਨ ਅਸ਼ੋਕ ਸ਼ਰਮਾ ਨੇ ਆਪਣੇ ਕਮੇਟੀ ਮੈਂਬਰਾਂ, ਪਸ਼ੂ ਪਾਲਨ ਵਿਭਾਗ ਤੋਂ ਆਏ ਹੋਏ ਅਧਿਕਾਰੀਆਂ, ਕਰਮਚਾਰੀਆਂ ਦਾ ਕੈਂਪ ਲਗਾਉਣ ਲਈ ਧੰਨਵਾਦ ਕੀਤਾ ਅਤੇ ਇਸੇ ਤਰ੍ਹਾਂ ਸਹਿਯੋਗ ਜਾਰੀ ਰੱਖਣ ਲਈ ਬੇਨਤੀ ਕੀਤੀ | ਇਸ ਦੇ ਨਾਲ ਹੀ ਪਸ਼ੂ ਪਾਲਨ ਵਿਭਾਗ ਤੇ ਕਰਮਚਾਰੀ ਵੈਟਰਨਰੀ ਇੰਸਪੈਕਟਰ ਵਿਕਾਸ ਵਲੋਂ ਲੰਪੀ ਸਕਿਨ ਬਿਮਾਰੀ ਤੋਂ ਬਚਾਓ ਲਈ ਸਮੂਹ ਗਊ ਧਨ ਨੂੰ ਮੌਕੇ 'ਤੇ ਹੀ ਟੀਕਾਕਰਨ ਕੀਤਾ |