ਹੁਸ਼ਿਆਰਪੁਰ, 20 ਫਰਵਰੀ (ਬਲਜਿੰਦਰਪਾਲ ਸਿੰਘ)-ਅਧਿਆਪਕਾਂ 'ਤੇ ਜਬਰੀ ਥੋਪੇ ਟੀ.ਈ.ਟੀ. ਦੇ ਵਿਰੋਧ 'ਚ 22 ਫਰਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਹੀ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਸੰਬੰਧੀ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ ਹੋਈ | ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਆਗੂਆਂ ਪਿ੍ਤਪਾਲ ਸਿੰਘ ਚੌਟਾਲਾ ਅਤੇ ਸਰਬਜੀਤ ਸਿੰਘ ਕੰਗ ਨੇ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ 7 ਫ਼ਰਵਰੀ ਨੂੰ ਮਾਸਟਰ ਕਾਡਰ ਦੀਆਂ ਪਦਉੱਨਤੀਆਂ ਲਈ ਟੈੱਟ ਲਾਜ਼ਮੀ ਹੋਣ ਦਾ ਪੱਤਰ ਜਾਰੀ ਕਰਕੇ ਟੈੱਟ ਤੋਂ ਛੋਟ ਦੇਣ ਦਾ 14-09-2017 ਦਾ ਪੱਤਰ ਰੱਦ ਕਰਨ ਅਤੇ ਲੰਬੇ ਸਮੇਂ ਤੋਂ ਨੌਕਰੀ ਕਰਦੇ ਅਧਿਆਪਕਾਂ 'ਤੇ ਟੈੱਟ ਦਾ ਪੇਪਰ ਲਾਗੂ ਕਰਨ ਦੇ ਵਿਰੋਧ 'ਚ ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ 22 ਫਰਵਰੀ ਨੂੰ ਸੂਬਾ ਪੱਧਰੀ ਮਹਾਂ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਹੈ | ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ 'ਚ ਵਿਆਪਕ ਸੁਧਾਰ ਲਿਆਉਣ ਦੇ ਨਾਂਅ 'ਤੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਸੁਪਰੀਮ ਕੋਰਟ ਦੇ ਬਹਾਨੇ ਨਾਲ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਸਿੱਖਿਆ ਵਿਭਾਗ 'ਚ ਅਧਿਆਪਕਾਂ ਦੀ ਹੋਰ ਗਿਣਤੀ ਘਟਾਉਣ ਲਈ ਹੀ ਇਹੋ ਜਿਹੇ ਕਦਮ ਉਠਾ ਰਹੀ ਹੈ, ਜਿਸ ਦਾ ਪੰਜਾਬ ਦੇ ਅਧਿਆਪਕ 22 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਹਾਂ ਰੋਸ ਪ੍ਰਦਰਸ਼ਨ ਕਰਕੇ ਡਟਵਾਂ ਵਿਰੋਧ ਕਰਨਗੇ | ਆਗੂਆਂ ਨੇ ਦੱਸਿਆ ਕਿ ਇਸ ਰੈਲੀ ਵਿੱਚ ਹੁਸ਼ਿਆਰਪੁਰ ਤੋਂ ਵੱਡੀ ਗਿਣਤੀ ਵਿਚ ਅਧਿਆਪਕ ਇਸ ਰੈਲੀ ਦਾ ਹਿੱਸਾ ਬਣਨਗੇ | ਇਸ ਮੌਕੇ ਸੰਜੀਵ ਧੂਤ, ਸੰਜੀਵ ਕਲਸੀ, ਸਰਬਜੀਤ ਸਿੰਘ ਡੱਫਰ, ਸਚਿਨ ਕੁਮਾਰ, ਜਗਵਿੰਦਰ ਸਿੰਘ ,ਗੁਰਮੁਖ ਸਿੰਘ, ਸੁਸ਼ੀਲ ਪਠਾਣੀਆ, ਪਿ੍ੰਸ ਗੜ੍ਹਦੀਵਾਲ ਆਦਿ ਹਾਜ਼ਰ ਸਨ |