ਰਾਮਗੜ੍ਹ ਸੀਕਰੀ, 22 ਫਰਵਰੀ (ਕਟੋਚ)- ਅਧਿਆਪਕਾਂ ਤੇ ਜਬਰੀ ਥੋਪੇ ਗਏ ਟੈਟ (ਅਧਿਆਪਕ ਯੋਗਤਾ ਟੈੱਸਟ) ਦੇ ਖ਼ਿਲਾਫ਼ ਅੱਜ 22 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਯੋਜਿਤ ਹੋਈ ਮਹਾਂ ਰੋਸ ਰੈਲੀ ਅਤੇ ਧਰਨੇ ਨੂੰ ਸਫਲ ਬਣਾਉਣ ਲਈ ਬਲਾਕ ਤਲਵਾੜਾ ਤੋਂ ਜੀ. ਟੀ. ਯੂ ਦੇ ਆਗੂ ਜਸਵੀਰ ਤਲਵਾੜਾ ਅਤੇ ਨਰੇਸ਼ ਕੁਮਾਰ ਮਿੱਢਾ ਦੀ ਸੁਚੱਜੀ ਅਗਵਾਈ ਵਿਚ ਭਾਰੀ ਸੰਖਿਆ ਵਿਚ ਅਧਿਆਪਕਾਂ ਵਲੋਂ ਸ਼ਮੂਲੀਅਤ ਕੀਤੀ ਗਈ ਅਤੇ ਬੇਲੋੜੇ ਥੋਪੇ ਗਏ ਟੈਟ ਦੇ ਖ਼ਿਲਾਫ਼ ਡਟਵਾਂ ਵਿਰੋਧ ਦਰਜ ਕਰਵਾਇਆ | ਸ੍ਰੀ ਆਨੰਦਪੁਰ ਸਾਹਿਬ ਰੈਲੀ ਲਈ ਰਵਾਨਾ ਹੋਣ ਤੋ ਪਹਿਲਾਂ ਉਕਤ ਆਗੂਆਂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਸਾਲ 2011 ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ 'ਤੇ ਜਬਰੀ ਟੈਟ ਥੋਪ ਕੇ ਮੁਲਾਜ਼ਮ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ ਜਿਸ ਨੂੰ ਅਧਿਆਪਕ ਕਦੇ ਵੀ ਮਨਜ਼ੂਰ ਨਹੀਂ ਕਰਨਗੇ ਅਤੇ ਇਸ ਦਾ ਲਗਾਤਾਰ ਵਿਰੋਧ ਕੀਤਾ ਜਾਵੇਗਾ | ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀ ਪ੍ਰਮੁੱਖ ਮੰਗ ਪੁਰਾਣੀ ਪੈਨਸ਼ਨ ਬਹਾਲ ਤੋਂ ਧਿਆਨ ਭਟਕਾਉਣਾ ਚਾਹੁੰਦੀ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਜਬਰੀ ਥੋਪੇ ਗਏ ਟੈਟ ਦੀ ਸ਼ਰਤ ਨੂੰ ਤੁਰੰਤ ਖ਼ਤਮ ਕਰੇ ਨਹੀਂ ਤਾਂ ਭਵਿੱਖੀ ਵਿਧਾਨ ਸਭਾ ਚੋਣਾਂ ਵਿਚ ਸਰਕਾਰ ਦਾ ਢਟਵਾਂ ਵਿਰੋਧ ਕੀਤਾ ਜਾਵੇਗਾ |