ਹੋਲੇ-ਮਹੱਲੇ ਦੀਆਂ ਸੰਗਤਾਂ ਲਈ ਅੜਿੱਕਾ ਬਣੇਗੀ ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਸੀਵਰੇਜ ਲਈ ਪੁੱਟੀ ਜਾ ਰਹੀ ਸੜਕ ਸੜਕ ਤੋਂ ਉੱਡਦੀ ਧੂੜ ਕਰੇਗੀ ਸੰਗਤਾਂ ਦਾ ਸਵਾਗਤ, ਟ੍ਰੈਫਿਕ ਹੋਵੇਗੀ ਪ੍ਰਭਾਵਿਤ
ਅਜੀਤ ਡੈਸਕ
25-02-2026
ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਮਾਰਗ ਕੁੱਝ ਦਿਨਾਂ ਲਈ ਖ਼ਾਲਸਾਈ ਰੰਗ 'ਚ ਰੰਗਿਆ ਹੋਇਆ ਵੇਖਣ ਨੂੰ ਮਿਲਦਾ ਹੈ | ਸੰਗਤਾਂ ਦੀ ਆਮਦ ਲਈ ਲੰਗਰ ਤੇ ਹੋਰ ਪ੍ਰਬੰਧਾਂ ਨੂੰ ਲੈ ਕੇ ਜਿੱਥੇ ਇਲਾਕੇ ਦੀਆਂ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉੱਥੇ ਹੀ ਗੜ੍ਹਸ਼ੰਕਰ ਸ਼ਹਿਰ 'ਚ ਸੰਗਤਾਂ ਦੀ ਸੁਵਿਧਾ ਲਈ ਕੋਈ ਯਤਨ ਕੀਤੇ ਜਾਣ ਦੇ ਉਲਟ ਸੰਗਤਾਂ ਦੀ ਆਮਦ ਵਿਚ ਅੜਿੱਕਾ ਪਾਉਣ ਦਾ ਵੱਡਾ ਯਤਨ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਵੇਖਣ ਨੂੰ ਮਿਲ ਰਿਹਾ ਹੈ | ਹੋਲੇ-ਮਹੱਲੇ ਮੌਕੇ ਸੰਗਤਾਂ ਦੀ ਆਮਦ ਭਾਵੇਂ ਸ਼ੁਰੂ ਹੋ ਗਈ ਹੈ ਪਰ ਭਰਵੀਂ ਆਮਦ 2-3 ਦਿਨਾਂ ਵਿਚ ਸ਼ੁਰੂ ਹੋਣ ਜਾਣ ਦੇ ਬਾਵਜੂਦ ਗੜ੍ਹਸ਼ੰਕਰ ਦੇ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਸੀਵਰੇਜ ਦੀਆਂ ਪਾਈਪਾਂ ਪਾਉਣ ਲਈ ਸੜਕ ਦੀ ਜੰਗੀ ਪੱਧਰ 'ਤੇ ਪੁਟਾਈ ਕੀਤੀ ਜਾ ਰਹੀ ਹੈ | ਵਿਸ਼ਵਕਰਮਾ ਮੰਦਰ ਅਤੇ ਸਿਵਲ ਹਸਪਤਾਲ ਨੇੜੇ ਸੜਕ ਦੀ ਪੁਟਾਈ ਕੀਤੇ ਜਾਣ ਕਾਰਨ ਇੱਥੇ ਆਵਾਜਾਈ ਪਿਛਲੇ ਦਿਨਾਂ ਤੋਂ ਪ੍ਰਭਾਵਿਤ ਹੋ ਰਹੀ ਹੈ ਤੇ ਪੁੱਟੀ ਹੋਈ ਸੜਕ ਤੋਂ ਉੱਡ ਰਹੀ ਧੂੜ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ | ਹੈਰਾਨੀ ਦੀ ਗੱਲ ਹੈ ਕਿ ਹੋਲੇ-ਮਹੱਲੇ ਦੀ ਆਮਦ ਦੀ ਸੂਚਨਾ ਹੋਣ ਦੇ ਬਾਵਜੂਦ ਸੀਵਰੇਜ ਦੀਆਂ ਪਾਈਆਂ ਪਾਉਣ ਲਈ ਸੜਕ ਦੀ ਪੁਟਾਈ ਕਰਨੀ ਸਿੱਧੇ ਤੌਰ 'ਤੇ ਟ੍ਰੈਫਿਕ ਵਿਚ ਵਿਘਨ ਪਾਉਣ ਦਾ ਯਤਨ ਮੰਨਿਆ ਜਾ ਰਿਹਾ ਹੈ |
ਚੱਲ ਰਹੇ ਕੰਮ ਦੌਰਾਨ ਰੁਟੀਨ ਦੀ ਟ੍ਰੈਫਿਕ ਵੀ ਪ੍ਰਭਾਵਿਤ ਹੋ ਰਹੀ ਹੈ ਜਦਕਿ ਲੱਖਾਂ ਸੰਗਤਾਂ ਦੀ ਆਮਦ ਮੌਕੇ ਸ਼ਹਿਰ 'ਚ ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਟ੍ਰੈਫਿਕ ਪੱਖੋਂ ਹਾਲਾਤ ਕੀ ਹੋਣਗੇ, ਇਹ ਚਿੰਤਾ ਦਾ ਵਿਸ਼ਾ ਹੈ | ਇਹ ਸਪਸ਼ਟ ਹੈ ਕਿ ਅਗਰ ਸੀਵਰੇਜ ਦੇ ਚੱਲ ਰਹੇ ਕੰਮ ਨੂੰ ਤੁਰੰਤ ਨਾ ਰੋਕਿਆ ਗਿਆ ਤਾਂ ਇੱਥੇ ਹਾਲਾਤ ਬਦਤਰ ਹੋ ਸਕਦੇ ਹਨ | ਸੜਕ ਦੀ ਪੁਟਾਈ ਕੀਤੇ ਜਾਣ ਨਾਲ ਇਹ ਤਾਂ ਸਪਸ਼ਟ ਹੋ ਗਿਆ ਹੈ ਕਿ ਸੜਕ ਤੋਂ ਉੱਡਦੀ ਧੂੜ ਖ਼ਾਲਸੇ ਦੀ ਜਨਮ ਭੂਮੀ ਜਾਣ ਵਾਲੀ ਸੰਗਤ ਦਾ ਸਵਾਗਤ ਜ਼ਰੂਰ ਕਰੇਗੀ | ਸਿਆਸੀ ਆਗੂਆਂ ਦੀ ਆਮਦ ਮੌਕੇ ਪੱਬਾਂ ਭਾਰ ਹੋਣ ਵਾਲੇ ਪ੍ਰਸ਼ਾਸਨ ਨੂੰ ਕੀ ਇਹ ਕੁੱਝ ਨਜ਼ਰ ਨਹੀਂ ਆ ਰਿਹਾ, ਇਹ ਵੀ ਸੋਚਣ ਵਾਲੀ ਗੱਲ ਹੋਵੇਗੀ | ਨਗਰ ਕੌਂਸਲ ਵੱਲੋਂ ਪੁੱਟੀ ਹੋਈ ਸੜਕ ਤੋਂ ਉੱਡ ਰਹੀ ਧੂੜ ਤੋਂ ਬਚਾਓ ਲਈ ਕਿਹੜੇ ਪ੍ਰਬੰਧ ਕੀਤੇ ਜਾਣਗੇ ਇਹ ਵੀ ਸੋਚਣ ਵਾਲੀ ਗੱਲ ਹੋਵੇਗੀ | ਫ਼ਿਲਹਾਲ ਗੜ੍ਹਸ਼ੰਕਰ ਸ਼ਹਿਰ 'ਚ ਸ੍ਰੀ ਅਨੰਦਪੁਰ ਸੜਕ ਦੇ ਹਾਲਾਤ ਬਦਤਰ ਹੋਏ ਪਏ ਹਨ |