ਹੁਸ਼ਿਆਰਪੁਰ, 6 ਮਾਰਚ (ਬਲਜਿੰਦਰਪਾਲ ਸਿੰਘ)-ਇਕ ਪੰਜਾਬੀ ਦਾ ਮਸ਼ਹੂਰ ਗਾਣਾ 'ਐਵੇਂ ਰੌਲਾ ਪੈ ਗਿਆ' ਵਾਲਾ ਦਿ੍ਸ਼ ਅੱਜ ਹੁਸ਼ਿਆਰਪੁਰ 'ਚ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਪੁਲਿਸ ਮੁਖੀ ਨੇ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਸੰਭਾਵਿਤ ਹੁਸ਼ਿਆਰਪੁਰ ਫੇਰੀ ਦੌਰਾਨ ਸੁਰੱਖਿਆ ਪ੍ਰਬੰਧ ਕੀਤੇ ਜਾਣ ਲਈ ਇਕ ਪੱਤਰ ਜਾਰੀ ਕਰ ਦਿੱਤਾ | ਮਜ਼ੇ ਦੀ ਗੱਲ ਇਹ ਕਿ ਪੱਤਰ 'ਚ ਮਜੀਠੀਆ ਦੇ ਆਉਣ ਦਾ ਮਕਸਦ ਸਾਬਕਾ ਅਕਾਲੀ ਆਗੂ ਤੇ ਮੌਜੂਦਾ ਭਾਜਪਾ ਦੀ ਮੀਤ ਪ੍ਰਧਾਨ ਬੀਬੀ ਮਹਿੰਦਰ ਕੌਰ ਜੋਸ਼ ਦੇ ਗ੍ਰਹਿ ਵਿਖੇ ਉਨ੍ਹਾਂ ਨਾਲ ਨਿੱਜੀ ਮੁਲਾਕਾਤ ਕਰਨਾ ਲਿਖਿਆ ਗਿਆ | ਪੱਤਰ 'ਚ ਮਜੀਠੀਆ ਦੇ ਪਹੁੰਚਣ ਦਾ ਸਮਾਂ ਦੁਪਹਿਰ 12 ਵਜੇ ਦੱਸਿਆ ਗਿਆ ਅਤੇ ਟਰੈਫ਼ਿਕ ਤੇ ਸੁਰੱਖਿਆ ਨੂੰ ਲੈ ਕੇ ਐੱਸ. ਐੱਚ. ਓ. ਤੇ ਸਬੰਧਿਤ ਅਧਿਕਾਰੀਆਂ ਨੂੰ ਪੁਖ਼ਤਾ ਪ੍ਰਬੰਧ ਕੀਤੇ ਜਾਣ ਦੇ ਹੁਕਮ ਦਿੱਤੇ ਗਏ | ਦੂਸਰੇ ਪਾਸੇ ਜਦੋਂ ਇਸ ਸਬੰਧੀ ਬੀਬੀ ਮਹਿੰਦਰ ਕੌਰ ਜੋਸ਼ ਦੇ ਘਰ ਪਹੁੰਚੇ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਨੇ ਉਨ੍ਹਾਂ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਹ ਤਾਂ ਸ਼ਹਿਰ 'ਚ ਹੀ ਨਹੀਂ ਹਨ ਤੇ ਨਾ ਹੀ ਮਜੀਠੀਆ ਦੇ ਆਉਣ ਦੀ ਉਨ੍ਹਾਂ ਨੂੰ ਕੋਈ ਇਤਲਾਹ ਹੈ | ਇਸ ਤੋਂ ਬਾਅਦ ਮਜੀਠੀਆ ਫੇਰੀ ਨੂੰ ਲੈ ਕੇ ਤਾਇਨਾਤ ਕੀਤੇ ਗਏ ਪੁਲਿਸ ਕਰਮਚਾਰੀ ਵਾਪਸ ਪਰਤੇ | ਜਿਵੇਂ ਹੀ ਇਹ ਖ਼ਬਰ ਉੱਡਦੀ-ਉੱਡਦੀ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਆਗੂਆਂ ਤੱਕ ਪਹੁੰਚੀ ਤਾਂ ਉਨ੍ਹਾਂ 'ਚ ਹੜਕੰਪ ਵਾਲੀ ਹਾਲਤ ਬਣ ਗਈ, ਕਿਉਂਕਿ ਕਿਸੇ ਵੀ ਅਕਾਲੀ ਆਗੂ ਨੂੰ ਮਜੀਠੀਆ ਦੀ ਇਸ ਫੇਰੀ ਬਾਰੇ ਕੋਈ ਜਾਣਕਾਰੀ ਨਹੀਂ ਸੀ, ਜਿਸ ਦੇ ਚੱਲਦਿਆਂ ਜਿੱਥੇ ਵੱਖ-ਵੱਖ ਅਕਾਲੀ ਆਗੂ ਆਪਣੇ ਸਾਧਨਾਂ ਤੋਂ ਇਸ ਸਬੰਧੀ ਪਤਾ ਲਗਾਉਣ ਲਈ ਵਿਉਂਤਾਂ ਲਗਾਉਣ ਲੱਗੇ, ਉੱਥੇ ਹੀ ਰਾਜਸੀ ਹਲਕਿਆਂ 'ਚ ਇਸ ਫੇਰੀ ਦੇ ਰਾਜਸੀ ਅਰਥ ਵੀ ਕੱਢੇ ਜਾਣ ਲੱਗੇ | ਸ਼ੋ੍ਰਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਇਸ ਗੱਲ ਨੂੰ ਲੈ ਕੇ ਹੈਰਾਨ ਸੀ ਕਿ ਕਿਸੇ ਸਮੇਂ ਪ੍ਰਕਾਸ਼ ਸਿੰਘ ਬਾਦਲ ਦੀ ਕਰੀਬੀ ਗਿਣੀ ਜਾਣ ਵਾਲੀ ਬੀਬੀ ਜੋਸ਼ ਜੇਕਰ ਅਕਾਲੀ ਦਲ ਛੱਡ ਕੇ ਭਾਜਪਾ 'ਚ ਸ਼ਾਮਿਲ ਹੋ ਚੁੱਕੇ ਹਨ ਤਾਂ ਹੁਣ ਅਚਾਨਕ ਮਜੀਠੀਆ ਦਾ ਦੌਰਾ ਉਨ੍ਹਾਂ ਦੇ ਘਰ ਕਿਉਂ ਹੋ ਰਿਹਾ ਹੈ | ਸਥਾਨਕ ਆਗੂਆਂ 'ਚ ਇਹ ਵਿਸ਼ਾ ਇਸ ਲਈ ਵੀ ਜ਼ਿਆਦਾ ਚਰਚਾ 'ਚ ਆ ਗਿਆ, ਕਿਉਂਕਿ ਕੁੱਝ ਦਿਨ ਪਹਿਲਾਂ ਹੀ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੋਂ ਟਕਸਾਲੀ ਅਕਾਲੀ ਆਗੂ ਵੀ ਘਰ ਵਾਪਸੀ ਸਬੰਧੀ ਸ਼ੋ੍ਰਮਣੀ ਅਕਾਲੀ ਦਲ (ਬ) ਦੀ ਹਾਈਕਮਾਂਡ ਨਾਲ ਹੋਈ ਵਿਸਥਾਰਤ ਮੀਟਿੰਗ ਦੌਰਾਨ ਇਹ ਸਹਿਮਤੀ ਬਣੀ ਸੀ ਕਿ ਜ਼ਿਲ੍ਹੇ 'ਚ ਕੋਈ ਬਾਹਰੀ ਆਗੂ ਦਖ਼ਲਅੰਦਾਜ਼ੀ ਨਹੀਂ ਕਰੇਗਾ, ਜਿਸ ਉਪਰੰਤ ਟਕਸਾਲੀ ਆਗੂਆਂ ਨੂੰ ਪਾਰਟੀ 'ਚ ਮੁੜ ਸ਼ਾਮਿਲ ਕਰਨ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਲਕਾ ਗੜ੍ਹਸ਼ੰਕਰ 'ਚ 9 ਮਾਰਚ ਨੂੰ ਪਹੁੰਚ ਰਹੇ ਹਨ | ਇਸ ਸਬੰਧੀ ਜਦੋਂ ਬੀਬੀ ਮਹਿੰਦਰ ਕੌਰ ਜੋਸ਼ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬਿਕਰਮ ਸਿੰਘ ਮਜੀਠੀਆ ਦੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚਣ ਸਬੰਧੀ ਕੋਈ ਜਾਣਕਾਰੀ ਨਹੀਂ ਹੈ | ਉਨ੍ਹਾਂ ਕਿਹਾ ਕਿ ਉਹ ਤਾਂ ਕਿਸੇ ਨਿੱਜੀ ਕੰਮ ਲਈ ਜਲੰਧਰ ਆਏ ਹੋਏ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਜੀਠੀਆ ਨਾਲ ਚੰਗੇ ਸੰਬੰਧ ਹਨ ਅਤੇ ਉਨ੍ਹਾਂ ਲੰਮਾ ਸਮਾਂ ਸ਼ੋ੍ਰਮਣੀ ਅਕਾਲੀ ਦਲ (ਬ) 'ਚ ਇਕੱਠਿਆਂ ਕੰਮ ਕੀਤਾ ਹੈ |