ਮਾਹਿਲਪੁਰ, 7 ਮਾਰਚ (ਰਜਿੰਦਰ ਸਿੰਘ)-ਖ਼ਾਲਸਾ ਕਾਲਜ ਮਾਹਿਲਪੁਰ ਵਿਚ ਕਾਰਜਸ਼ੀਲ ਸੰਯੋਜਕ ਕੌਂਸਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਖ਼ਾਲਸਾ ਕਾਲਜ ਅਤੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਸਿੱਖ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਪ੍ਰੋ.ਅਪਿੰਦਰ ਸਿੰਘ ਮਾਹਿਲਪੁਰੀ ਦੀ ਪੁਸਤਕ 'ਧਰਮ ਅਤੇ ਵਿਗਿਆਨ: ਅੰਤਰ ਸੰਬੰਧਤਾ' 'ਤੇ ਸੰਵਾਦ ਸਮਾਰੋਹ ਦਾ ਆਯੋਜਨ ਪਿ੍ੰ.ਡਾ.ਪਰਵਿੰਦਰ ਸਿੰਘ ਦੀ ਦੇਖ ਰੇਖ 'ਚ ਕਰਵਾਇਆ ਗਿਆ | ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਜਥੇਦਾਰ ਬਾਬਾ ਬੁੱਢਾ ਦਲ ਬਾਬਾ ਬਲਵੀਰ ਸਿੰਘ ਨੇ ਸ਼ਿਰਕਤ ਕੀਤੀ ਜਦਕਿ ਮੁੱਖ ਮਹਿਮਾਨ ਵਜੋਂ ਸੰਤ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਹਾਜ਼ਰ ਹੋਏ | ਸਮਾਰੋਹ ਦੇ ਮੁੱਖ ਬੁਲਾਰੇ ਵਜੋਂ ਸਿੱਖ ਚਿੰਤਕ ਭਗਵਾਨ ਸਿੰਘ ਜੌਹਲ ਅਤੇ ਡਾ.ਹਰੀ ਸਿੰਘ ਜਾਚਕ ਨੇ ਸ਼ਿਰਕਤ ਕੀਤੀ | ਇਸ ਮੌਕੇ ਪ੍ਰੋ.ਅਜੀਤ ਲੰਗੇਰੀ ਨੇ ਕਿਹਾ ਕਿ ਵਿਗਿਆਨ ਅਤੇ ਧਰਮ ਦੇ ਅਨੇਕਾਂ ਸੰਕਲਪਾਂ ਨੂੰ ਪੇਸ਼ ਕਰਨ ਵਾਲੀ ਇਹ ਪੁਸਤਕ ਹਰ ਵਿਦਿਆਰਥੀ ਨੂੰ ਪੜ੍ਹਨੀ ਚਾਹੀਦੀ ਹੈ | ਮੁੱਖ ਵਕਤਾ ਸਿੱਖ ਚਿੰਤਕ ਭਗਵਾਨ ਸਿੰਘ ਜੌਹਲ ਨੇ ਕਿਹਾ ਕਿ ਧਰਮ ਅਤੇ ਵਿਗਿਆਨ ਨੂੰ ਅਕਸਰ ਇੱਕ ਦੂਜੇ ਤੋਂ ਵਿਰੋਧੀ ਅਰਥਾਂ ਵਿਚ ਪਰਿਭਾਸ਼ਿਤ ਕੀਤਾ ਜਾਂਦਾ ਹੈ ਜਦਕਿ ਇਹ ਪੁਸਤਕ ਧਰਮ ਅਤੇ ਵਿਗਿਆਨ ਦੇ ਆਪਸੀ ਸੰਬੰਧਾਂ ਨੂੰ ਬਹੁਤ ਡੂੰਘਾਈ ਨਾਲ ਪੇਸ਼ ਕਰਦੀ ਹੈ | ਇਸ ਮੌਕੇ ਡਾ ਹਰੀ ਸਿੰਘ ਜਾਚਕ ਚੀਫ਼ ਆਰਗੇਨਾਈਜ਼ਰ ਸੰਯੋਜਕ ਕੌਂਸਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਸਿੱਖ ਧਰਮ ਵਿਚ ਪੇਸ਼ ਵਿਗਿਆਨਕ ਦਿ੍ਸ਼ਟੀ ਦੇ ਆਧਾਰ 'ਤੇ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਸਮਾਰੋਹ ਮੌਕੇ ਇੰਦਰਪਾਲ ਸਿੰਘ ਤੇ ਡਾ ਭੁਪਿੰਦਰ ਕੌਰ ਇਸਤਰੀ ਵਿੰਗ ਸਟੱਡੀ ਸਰਕਲ ਨੇ ਵੀ ਪੁਸਤਕ ਦੇ ਵਿਸ਼ਾ ਵਸਤੂ ਅਤੇ ਕਲਾ ਪੱਖ ਬਾਰੇ ਵਿਚਾਰ ਰੱਖੇ | ਜਥੇਦਾਰ ਬਾਬਾ ਬਲਵੀਰ ਸਿੰਘ ਨੇ ਇਸ ਪੁਸਤਕ ਦੀ ਸਿਰਜਣਾ ਲਈ ਪ੍ਰੋਫੈਸਰ ਆਪਿੰਦਰ ਸਿੰਘ ਮਾਹਿਲਪੁਰੀ ਨੂੰ ਮੁਬਾਰਕਬਾਦ ਦਿੱਤੀ | ਪ੍ਰੋ ਆਪਿੰਦਰ ਸਿੰਘ ਮਾਹਿਲਪੁਰੀ ਨੇ ਕਿਤਾਬ ਦੀ ਰਚਨਾ ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਵਿਗਿਆਨ ਦਾ ਵਿਦਿਆਰਥੀ ਹੋਣ ਕਰਕੇ ਉਨ੍ਹਾਂ ਦੇ ਮਨ ਵਿਚ ਇਸ ਕਿਤਾਬ ਨੂੰ ਲਿਖਣ ਦੀ ਲੰਮੇ ਸਮੇਂ ਤੋਂ ਰੀਝ ਸੀ | ਉਨ੍ਹਾਂ ਕਿਹਾ ਕਿ ਵਿਗਿਆਨ ਅਤੇ ਸਿੱਖ ਧਰਮ ਦਾ ਸੁਮੇਲ ਹੀ ਸਮੁੱਚੀ ਮਨੁੱਖਤਾ ਲਈ ਚਾਨਣ ਦਾ ਮੁਨਾਰਾ ਬਣ ਸਕਦਾ ਹੈ | ਇਸ ਮੌਕੇ ਪ੍ਰਬੰਧਕਾਂ ਵੱਲੋਂ ਸੰਤ ਬਾਬਾ ਬਲਵੀਰ ਸਿੰਘ, ਸੰਤ ਅਮੀਰ ਸਿੰਘ ਅਤੇ ਹਾਜ਼ਰ ਬੁਲਾਰਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰੀ, ਜਥੇਦਾਰ ਬਾਬਾ ਨਾਗਰ ਸਿੰਘ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਖ਼ਜ਼ਾਨਚੀ ਵੀਰਇੰਦਰ ਸ਼ਰਮਾ, ਸੁਰਿੰਦਰ ਸ਼ਰਮਾ, ਸੰਤ ਮਾਤਾ ਜਸਪ੍ਰੀਤ ਕੌਰ ਮਾਹਿਲਪੁਰ, ਦਲਜੀਤ ਸਿੰਘ ਸਹੋਤਾ ਇੰਗਲੈਂਡ, ਗੁਰਚਰਨ ਸਿੰਘ ਅੰਮਿ੍ਤਸਰ, ਜਗਦੀਸ਼ ਸਿੰਘ ਬੱਡੋਂ, ਸੁਰਿੰਦਰ ਸਿੰਘ ਬੱਡੋਂ, ਡਾ ਜੇ ਬੀ ਸੇਖੋਂ, ਪ੍ਰੋ. ਜਸਵਿੰਦਰ ਸਿੰਘ ਆਦਿ ਸਮੇਤ ਅਨੇਕਾਂ ਧਾਰਮਿਕ ਅਤੇ ਸਿੱਖਿਆ ਖੇਤਰ ਦੀਆਂ ਸ਼ਖ਼ਸੀਅਤਾਂ ਹਾਜ਼ਰ ਸਨ |