ਦਸੂਹਾ, 9 ਮਾਰਚ (ਕੌਸ਼ਲ)-ਦਸੂਹਾ ਸ਼ਹਿਰ ਵਿਚ 'ਰਾਜਧਾਨੀ' ਬੱਸ ਵਲੋਂ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਸਥਾਨਕ ਲੋਕਾਂ ਅਤੇ ਸਮਾਜ ਸੇਵੀਆਂ ਨੇ ਦੱਸਿਆ ਕਿ ਇਹ ਬੱਸ ਅਕਸਰ ਟਰੈਫ਼ਿਕ ਸਿਗਨਲ ਦੀ ਰੈੱਡ ਲਾਈਟ ਹੋਣ ਦੇ ਬਾਵਜੂਦ ਵੀ ਕਰਾਸਿੰਗ ਕਰਦੀ ਵੇਖੀ ਜਾਂਦੀ ਸੀ, ਜਿਸ ਕਾਰਨ ਸ਼ਹਿਰ ਦੇ ਵਸਨੀਕਾਂ ਵਿਚ ਨਾਰਾਜ਼ਗੀ ਪਾਈ ਜਾ ਰਹੀ ਸੀ | ਇਸ ਸੰਬੰਧੀ ਇਕ ਸਮਾਜ ਸੇਵੀ ਵਲੋਂ ਬੱਸ ਦੀ ਟਰੈਫ਼ਿਕ ਨਿਯਮ ਤੋੜਦੇ ਹੋਏ ਬਣਾਈ ਗਈ ਵੀਡੀਓ ਸੋਸ਼ਲ ਮੀਡੀਆ 'ਤੇ ਅੱਪਲੋਡ ਕੀਤੀ ਗਈ ਸੀ | ਵੀਡੀਓ ਨਾਲ ਇਹ ਵੀ ਲਿਖਿਆ ਗਿਆ ਸੀ ਕਿ 'ਕੀ ਇਸ ਬੱਸ ਨੂੰ ਵੀ ਕੋਈ ਰੋਕ ਸਕਦਾ ਹੈ?' ਜਿਸ ਤੋਂ ਬਾਅਦ ਇਹ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ | ਜਦੋਂ ਇਹ ਮਾਮਲਾ ਹਲਕਾ ਦਸੂਹਾ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਵਲੋਂ ਤੁਰੰਤ ਪੁਲਿਸ ਪ੍ਰਸ਼ਾਸਨ ਨੂੰ ਨਿਰਦੇਸ਼ ਜਾਰੀ ਕੀਤੇ ਗਏ ਕਿ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਭਾਵੇਂ ਉਹ ਕੋਈ ਵੀ ਹੋਵੇ | ਇਸ 'ਤੇ ਕਾਰਵਾਈ ਕਰਦਿਆਂ ਦਸੂਹਾ ਪੁਲਿਸ ਵਲੋਂ ਬੱਸ ਅੱਡਾ ਦਸੂਹਾ ਵਿਖੇ ਉਕਤ ਬੱਸ ਦਾ ਚਲਾਨ ਕੀਤਾ ਗਿਆ ਅਤੇ ਬੱਸ ਚਾਲਕਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਭਵਿੱਖ ਵਿਚ ਕੋਈ ਵੀ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਨਾ ਕਰੇ | ਪੁਲਿਸ ਨੇ ਸਪਸ਼ਟ ਕੀਤਾ ਕਿ ਕਾਨੂੰਨ ਸਭ ਲਈ ਇੱਕੋ ਜਿਹਾ ਹੈ ਅਤੇ ਨਿਯਮ ਤੋੜਨ ਵਾਲੇ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਤਰ੍ਹਾਂ ਦੀ ਕਾਰਵਾਈ ਲਗਾਤਾਰ ਜਾਰੀ ਰਹੀ ਤਾਂ ਸ਼ਹਿਰ ਵਿਚ ਟਰੈਫ਼ਿਕ ਵਿਵਸਥਾ ਹੋਰ ਸੁਧਰੇਗੀ ਅਤੇ ਹਾਦਸਿਆਂ ਦੀ ਸੰਭਾਵਨਾ ਵੀ ਘੱਟ ਹੋਵੇਗੀ |