ਮੁਕੇਰੀਆਂ, 10 ਮਾਰਚ (ਰਾਮਗੜ੍ਹੀਆ)-ਐੱਸ. ਪੀ. ਐੱਨ. ਕਾਲਜ ਮੁਕੇਰੀਆਂ ਵਿਚ ਅੰਗਰੇਜ਼ੀ ਦੇ ਪੋਸਟਗ੍ਰੈਜੂਏਟ ਵਿਭਾਗ ਵਲੋਂ ਅੰਗਰੇਜ਼ੀ ਲਿਟਰੇਰੀ ਸੋਸਾਇਟੀ ਦੇ ਸਹਿਯੋਗ ਨਾਲ 'ਰਿਫਲੈਕਸ਼ਨਜ਼ 2026' ਨਾਮਕ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਵਿਸ਼ਵ ਸਾਹਿਤ ਦੇ ਪ੍ਰਸਿੱਧ ਪਾਤਰਾਂ ਦੀ ਰੂਪਕਾਰੀ ਕਰਦਿਆਂ ਮੰਚ ਨੂੰ ਸੰਜੀਵ ਬਣਾ ਦਿੱਤਾ | ਵਿਦਿਆਰਥੀਆਂ ਨੇ ਡਾ. ਫਾਸਟਸ, ਹੈਮਲੈਟ, ਸੇਟਨ ਅਤੇ ਵਲਾਦੀਮੀਰ ਵਰਗੇ ਪ੍ਰਸਿੱਧ ਸਾਹਿੱਤਿਕ ਪਾਤਰਾਂ ਦੀ ਪ੍ਰਭਾਵਸ਼ਾਲੀ ਅਦਾਕਾਰੀ ਕੀਤੀ | ਇਸ ਦੇ ਨਾਲ ਹੀ ਸਾਹਿੱਤ ਦੀਆਂ ਪ੍ਰਸਿੱਧ ਮਹਿਲਾ ਪਾਤਰਾਂ ਜਿਵੇਂ ਟੈੱਸ, ਅਹਲਿਆ, ਸ਼ਕੁੰਤਲਾ, ਸਾਵਿਤ੍ਰੀਬਾਈ ਫੂਲੇ, ਐਨ ਫਰੈਂਕ ਅਤੇ ਵਰਜੀਨੀਆ ਵੂਲਫ਼ ਆਦਿ ਦੀ ਵੀ ਬਹੁਤ ਸੁੰਦਰ ਪੇਸ਼ਕਾਰੀ ਕੀਤੀ ਗਈ | ਦਰਸ਼ਕਾਂ ਨੇ ਵਿਦਿਆਰਥੀਆਂ ਦੀਆਂ ਰੰਗਮੰਚੀ ਪੇਸ਼ਕਾਰੀਆਂ ਦਾ ਭਰਪੂਰ ਆਨੰਦ ਲਿਆ | ਇਸ ਮੌਕੇ ਸੰਬੋਧਨ ਕਰਦਿਆਂ ਕਾਲਜ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ਅੰਗਰੇਜ਼ੀ ਵਿਭਾਗ ਵਲੋਂ ਕੀਤੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ | ਅੰਗਰੇਜ਼ੀ ਵਿਭਾਗ ਦੀ ਮੁਖੀ ਪ੍ਰੋ ਨਿਧੀ ਸੂਦ ਨੇ ਕਿਹਾ ਕਿ ਸਾਹਿਤ ਮਨਨ ਤੇ ਪਰਿਵਰਤਨ ਦਾ ਮਹੱਤਵਪੂਰਨ ਸਾਧਨ ਹੈ | ਪ੍ਰੋਗਰਾਮ ਦੇ ਅੰਤ ਵਿਚ ਅੰਗਰੇਜ਼ੀ ਲਿਟਰੇਰੀ ਸੋਸਾਇਟੀ ਦੀ ਕੋਆਰਡੀਨੇਟਰ ਪ੍ਰੋ. ਗੁਰਪ੍ਰੀਤ ਕੌਰ ਵਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਰਿਆਂ ਦੇ ਸਾਂਝੇ ਯਤਨਾਂ ਨਾਲ 'ਰਿਫਲੈਕਸ਼ਨਜ਼ 2026' ਸਾਹਿਤ ਤੇ ਮਹਿਲਾ ਸਸ਼ਕਤੀਕਰਨ ਦਾ ਇਕ ਯਾਦਗਾਰ ਤੇ ਪ੍ਰੇਰਕ ਸਮਾਰੋਹ ਬਣਿਆ | ਉਨ੍ਹਾਂ ਕਾਲਜ ਪ੍ਰਬੰਧਕ ਕਮੇਟੀ, ਪਿ੍ੰਸੀਪਲ ਡਾ. ਸਮੀਰ ਸ਼ਰਮਾ, ਪ੍ਰੋਫ਼ੈਸਰ ਸਾਹਿਬਾਨ ਤੇ ਵਿਦਿਆਰਥੀਆਂ ਦਾ ਸਹਿਯੋਗ ਅਤੇ ਉਤਸ਼ਾਹ ਭਰਪੂਰ ਭਾਗੀਦਾਰੀ ਲਈ ਧੰਨਵਾਦ ਕੀਤਾ | ਇਸ ਮੌਕੇ ਪ੍ਰੋ. ਰੁਪਿੰਦਰਜੀਤ ਕੌਰ, ਪ੍ਰੋ. ਆਰਤੀ, ਪ੍ਰੋ. ਰਣਜੀਤ, ਪ੍ਰੋ. ਆਦਿਤੀ ਤੇ ਵੱਖ-ਵੱਖ ਵਿਭਾਗਾਂ ਦੇ ਪ੍ਰੋਫੈਸਰ ਸਾਹਿਬਾਨ ਵੀ ਮੌਜੂਦ ਸਨ |