ਹੁਸ਼ਿਆਰਪੁਰ, 12 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਲਾਅ ਨੇ ਪਿੰਡ ਬੋਹਣ ਦੇ ਵਾਸੀਆਂ ਨੂੰ ਸਾਈਬਰ ਅਪਰਾਧ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਡੀਨ ਡਾ. ਰੰਗਨਾਥ ਸਿੰਘ ਅਤੇ ਵਿਭਾਗ ਦੀ ਮੁਖੀ ਡਾ. ਪਿ੍ਅੰਕਾ ਪੁਰੀ ਦੀ ਅਗਵਾਈ ਹੇਠ ਜਾਗਰੂਕਤਾ ਰੈਲੀ ਕੱਢੀ ਗਈ | ਇਹ ਰੈਲੀ 'ਥਿੰਕ ਬੀ ਫੋਰ ਯੂ ਕਲਿੱਕ: ਸਾਈਬਰ ਲਾਅ ਫ਼ਾਰ ਏ ਸੇਫ਼ ਡਿਜੀਟਲ ਲਾਈਫ਼' ਥੀਮ ਦੇ ਤਹਿਤ ਕੱਢੀ ਗਈ | ਇਸ ਮੌਕੇ ਵਿਭਾਗ ਦੇ 65 ਵਿਦਿਆਰਥੀਆਂ ਅਤੇ ਚਾਰ ਪੈਰਾ ਲੀਗਲ ਵਲੰਟੀਅਰਾਂ ਨੇ ਰੈਲੀ ਵਿਚ ਹਿੱਸਾ ਲਿਆ | ਜਾਗਰੂਕਤਾ ਸੰਦੇਸ਼ਾਂ ਵਾਲੀਆਂ ਤਖ਼ਤੀਆਂ ਫੜ ਕੇ ਵਿਦਿਆਰਥੀਆਂ ਨੇ ਲੋਕਾਂ ਨੂੰ ਸਾਈਬਰ ਸੁਰੱਖਿਆ ਦਾ ਅਭਿਆਸ ਕਰਨ ਅਤੇ ਜ਼ਿੰਮੇਵਾਰ ਡਿਜੀਟਲ ਵਿਵਹਾਰ ਅਪਣਾਉਣ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਲੋਕਾਂ ਨੂੰ ਸਾਈਬਰ ਅਪਰਾਧਾਂ ਦੇ ਵਧ ਰਹੇ ਪ੍ਰਚਲਨ ਬਾਰੇ ਵੀ ਜਾਣਕਾਰੀ ਦਿੱਤੀ, ਜਿਸ ਵਿਚ ਆਨ ਲਾਈਨ ਧੋਖਾਧੜੀ, ਪਹਿਚਾਣ ਚੋਰੀ, ਸਾਈਬਰ ਧੱਕੇਸ਼ਾਹੀ ਤੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਸ਼ਾਮਲ ਹੈ | ਇਸ ਰੈਲੀ ਦੇ ਕੋਆਰਡੀਨੇਟਰ, ਸਹਾਇਕ ਪ੍ਰੋਫੈਸਰ ਰਾਹੁਲ ਮਧਾਰਾ ਨੇ ਕਿਹਾ ਕਿ ਰੈਲੀ ਦੌਰਾਨ ਵਿਦਿਆਰਥੀਆਂ ਨੇ ਪਿੰਡ ਵਿਚ ਘਰ-ਘਰ ਜਾ ਕੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ | ਇਸ ਮੌਕੇ ਸਹਾਇਕ ਪ੍ਰੋਫੈਸਰ ਅਲਕਾ ਰਾਣੀ ਆਦਿ ਸਮੇਤ ਵਿਦਿਆਰਥੀ ਹਾਜ਼ਰ ਸਨ |