ਦਸੂਹਾ, 28 ਮਾਰਚ (ਭੁੱਲਰ)- ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਨਵੇਂ ਬਣਾਏ ਜਾ ਰਹੇ ਸਰੋਵਰ ਦੀ ਕਾਰ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਤੇ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਵਿਸਾਖੀ ਦੇ ਪੁਰਬ ਤੋਂ ਬਾਅਦ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ | ਇਸ ਸਬੰਧੀ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲਿਆਂ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਕਾਰ ਸੰਪ੍ਰਦਾਇ ਦੇ ਮੁਖੀ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਆਲੀਸ਼ਾਨ ਇਮਾਰਤ ਦੀ ਕਾਰ ਸੇਵਾ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਦੀਵਾਨ ਹਾਲ ਦੇ ਬਿਲਕੁਲ ਸਾਹਮਣੇ ਵਿਸ਼ਾਲ ਸਰੋਵਰ ਬਣਾਏ ਜਾ ਰਹੇ ਹਨ ਜਿਸ ਦੀ ਪੁਟਾਈ ਦਾ ਕੰਮ ਵਿਸਾਖੀ ਦੇ ਪੁਰਬ ਤੋਂ ਬਾਅਦ ਸ਼ੁਰੂ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਦੀਵਾਨ ਹਾਲ ਅੰਦਰ ਮਾਰਬਲ ਲਗਾਉਣ ਦੀ ਕਾਰ ਸੇਵਾ ਚੱਲ ਰਹੀ ਹੈ ਅਤੇ ਨਾਲ ਹੀ ਆਧੁਨਿਕ ਤਕਨੀਕ ਨਾਲ 12 ਕਮਰੇ ਅਖੰਡ ਪਾਠ ਸਾਹਿਬ ਕਰਵਾਉਣ ਲਈ ਤਿਆਰ ਕੀਤੇ ਜਾ ਰਹੇ ਹਨ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਰ ਸੇਵਾ ਵਿਚ ਸੀਮੈਂਟ, ਸਰੀਆ, ਇੱਟਾਂ ਤੇ ਹੋਰ ਸਮਗਰੀ ਰਾਹੀਂ ਆਪਣਾ ਯੋਗਦਾਨ ਪਾਉਣ ਤੇ ਆਪਣਾ ਜੀਵਨ ਸਫਲ ਕਰਨ | ਉਨ੍ਹਾਂ ਹੋਰ ਦੱਸਿਆ ਕਿ ਕਾਰ ਸੰਪ੍ਰਦਾਇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੀ ਅਗਵਾਈ ਹੇਠ ਸੰਗਤਾਂ ਨੂੰ ਸ਼੍ਰੀ ਪਟਨਾ ਸਾਹਿਬ ਅਤੇ ਹੋਰ ਗੁਰਧਾਮਾਂ ਦੀਆਂ ਯਾਤਰਾਵਾਂ ਕਾਰ ਸੇਵਾ ਦੀ ਸਪੈਸ਼ਲ ਬੱਸ ਰਾਹੀਂ ਕਰਵਾਈਆਂ ਜਾ ਰਹੀਆਂ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ | ਉਨ੍ਹਾਂ ਕਿਹਾ ਕਿ ਹੁਣ ਤੱਕ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਤੋਂ ਲਗਭਗ ਚਾਰ ਯਾਤਰਾਵਾਂ ਸੰਗਤਾਂ ਨੂੰ ਕਰਵਾਈਆਂ ਜਾ ਚੁੱਕੀਆਂ ਹਨ | ਜਿਹੜੀਆਂ ਸੰਗਤਾਂ ਯਾਤਰਾਵਾਂ ਕਰਨੀਆਂ ਚਾਹੁੰਦੀਆਂ ਹਨ, ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੀਆਂ ਹਨ | ਇਸ ਮੌਕੇ ਬਾਬਾ ਲਸ਼ਕਰ ਸਿੰਘ ਭੂਰੀ ਵਾਲੇ, ਹਰਪਾਲ ਸਿੰਘ ਬਿੱਟਾ, ਸਰਤਾਜ ਸਿੰਘ ਬਸਰਾਵਾਂ, ਰਾਜ ਗੁਰਸ਼ਰਨ ਸਿੰਘ ਬਲੱਗਣ, ਇੰਸਪੈਕਟਰ ਸੋਢੀ ਸਿੰਘ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਹਾਜ਼ਰ ਸਨ |