ਹੁਸ਼ਿਆਰਪੁਰ, 28 ਮਾਰਚ (ਹਰਪ੍ਰੀਤ ਕੌਰ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੂ ਨੰਗਲ ਵਿਖੇ ਮੈਗਾ ਪੀਟੀਐਮ ਹੋਇਆ | ਪਿ੍ੰਸੀਪਲ ਸ਼ੈਲੇਂਦਰ ਠਾਕੁਰ ਦੀ ਅਗਵਾਈ ਹੇਠ ਹੋਏ ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਮਾਪਿਆਂ, ਅਧਿਆਪਕਾਂ ਤੇ ਸਮਾਜ ਸੇਵੀਆਂ ਨੇ ਭਾਗ ਲਿਆ | ਇਸ ਮੌਕੇ ਸਕੂਲ ਵੱਲੋਂ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰਵੀਂ ਜਮਾਤਾਂ ਦੇ ਸਲਾਨਾ ਨਤੀਜੇ ਐਲਾਨੇ ਗਏ | ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਨੇ ਕਿਹਾ ਕਿ ਮੈਗਾ ਪੀਟੀਐਮ ਦਾ ਮੁੱਖ ਉਦੇਸ਼ ਮਾਪਿਆਂ ਨਾਲ ਵਿਦਿਆਰਥੀਆਂ ਦੀ ਸਾਲ ਭਰ ਦੀ ਅਕਾਦਮਿਕ ਪ੍ਰਗਤੀ ਅਤੇ ਸਰਵਪੱਖੀ ਮੁਲਾਂਕਣ ਸਾਂਝਾ ਕਰਨਾ ਹੈ | ਉਨ੍ਹਾਂ ਕਿਹਾ ਕਿ ਇਸ ਰਾਹੀਂ ਮਾਪਿਆਂ ਨੂੰ ਸਕੂਲ ਦੀਆਂ ਗਤੀਵਿਧੀਆਂ ਅਤੇ ਸਲਾਨਾ ਰਿਪੋਰਟ ਕਾਰਡ ਬਾਰੇ ਜਾਣੂ ਕਰਵਾਇਆ ਜਾਂਦਾ ਹੈ, ਜਿਸ ਨਾਲ ਸਕੂਲ ਵਿਕਾਸ ਵਿੱਚ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ | ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸਿੱਖਿਆ ਵਿੱਚ ਸਰਗਰਮ ਭੂਮਿਕਾ ਨਿਭਾਉਣ | ਉਨ੍ਹਾਂ ਕਿਹਾ ਕਿ ਸਕੂਲ ਵਿੱਚ ਉੱਤਮ ਬੁਨਿਆਦੀ ਢਾਂਚਾ, ਯੋਗ ਅਤੇ ਅਨੁਭਵੀ ਸਟਾਫ, ਅੰਗਰੇਜ਼ੀ ਮਾਧਿਅਮ, ਸਮਾਰਟ ਕਲਾਸਰੂਮ ਅਤੇ ਹਾਈਟੈਕ ਲੈਬਾਂ ਵਰਗੀਆਂ ਸਹੂਲਤਾਂ ਮੌਜੂਦ ਹਨ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਵਜ਼ੀਫਾ ਯੋਜਨਾਵਾਂ ਦਾ ਲਾਭ ਵੀ ਦਿੱਤਾ ਜਾ ਰਿਹਾ ਹੈ | ਪਿ੍ੰਸੀਪਲ ਨੇ ਦੱਸਿਆ ਕਿ ਸਰਕਾਰ ਵੱਲੋਂ 14 ਸਾਲ ਉਮਰ ਦੀਆਂ ਲੜਕੀਆਂ ਲਈ ਟੀਕਾਕਰਣ ਮੁਹਿੰਮ ਸ਼ੁਰੂ ਕੀਤੀ ਗਈ ਹੈ | ਇਸ ਮੌਕੇ ਅਧਿਆਪਕਾਂ ਵੱਲੋਂ ਮਾਪਿਆਂ ਨੂੰ ਬੱਚਿਆਂ ਦੀ ਹਾਜ਼ਰੀ, ਪੇਪਰਾਂ ਵਿੱਚ ਪ੍ਰਦਰਸ਼ਨ, ਸਿਹਤ ਸੰਭਾਲ ਅਤੇ 'ਮਿਸ਼ਨ ਸਮਰੱਥ' ਤਹਿਤ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਜਾਣੂ ਕਰਵਾਇਆ ਗਿਆ | ਪ੍ਰੋਗਰਾਮ ਵਿੱਚ ਸਰਪੰਚ ਊਸ਼ਾ ਕੁਮਾਰੀ, ਬਲਵੀਰ ਕੌਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਹਾਜ਼ਰ ਸਨ |