ਗੜ੍ਹਸ਼ੰਕਰ, 28 ਮਾਰਚ (ਧਾਲੀਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਇਤਿਹਾਸ ਵਿਭਾਗ ਵੱਲੋਂ ਪਿ੍ੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ 'ਬੱਬਰ ਅਕਾਲੀਆਂ ਦੇ ਸਾਹਸ, ਕੁਰਬਾਨੀ ਅਤੇ ਕ੍ਰਾਂਤੀ ਦੀ ਕਹਾਣੀ' ਵਿਸ਼ੇ 'ਤੇ ਲੈਕਚਰਾਰ ਕਰਵਾਇਆ ਗਿਆ | ਇਸ ਮੌਕੇ ਮੁੱਖ ਬੁਲਾਰੇ ਵਜੋਂ ਪ੍ਰੋ. ਅਨੁਰਾਧਾ ਐੱਸ.ਪੀ.ਐੱਨ. ਕਾਲਜ ਮੁਕੇਰੀਆਂ ਨੇ ਸ਼ਿਰਕਤ ਕੀਤੀ | ਲੈਕਚਰ ਦੀ ਆਰੰਭਤਾ ਮੌਕੇ ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ | ਪ੍ਰੋ. ਅਨੁਰਾਧਾ ਨੇ ਆਪਣੇ ਲੈਕਚਰ ਦੌਰਾਨ ਪੰਜਾਬ ਵਿਚ ਸੁਤੰਤਰਤਾ ਸੰਗਰਾਮ ਦੇ ਆਰੰਭ ਦੀ ਗੱਲ ਤੋਂ ਸ਼ੁਰੂ ਕਰਕੇ ਬੱਬਰ ਅਕਾਲੀ ਲਹਿਰ ਤੱਕ ਦੇ ਸਫ਼ਰ ਉੱਤੇ ਵਿਸਥਾਰ ਸਹਿਤ ਰੌਸ਼ਨੀ ਪਾਈ | ਉਨ੍ਹਾਂ ਦੱਸਿਆ ਕਿ ਭਾਵੇਂ ਬੱਬਰ ਅਕਾਲੀ ਆਪਣੇ ਉਦੇਸ਼ ਵਿਚ ਪੂਰੀ ਤਰ੍ਹਾਂ ਸਫਲ ਨਾ ਹੋ ਸਕੇ ਪਰ ਉਨ੍ਹਾਂ ਦੀਆਂ ਗਤੀਵਿਧੀਆਂ ਤੋਂ ਭੈਭੀਤ ਹੋ ਕੇ ਅੰਗਰੇਜ਼ ਹਕੂਮਤ ਨੇ ਗੁਰਦੁਆਰਾ ਐਕਟ 1925 ਪਾਸ ਕਰ ਦਿੱਤਾ ਸੀ ਅਤੇ ਪੰਜਾਬ ਦੇ ਬਹੁਤ ਸਾਰੇ ਸੁਤੰਤਰਤਾ ਸੰਗਰਾਮੀਆਂ ਨੂੰ ਇਸ ਲਹਿਰ ਤੋਂ ਉਤਸ਼ਾਹ 'ਤੇ ਜੋਸ਼ ਮਿਲਿਆ | ਵਿਭਾਗ ਮੁਖੀ ਪ੍ਰੋ. ਲਖਵਿੰਦਰਜੀਤ ਕੌਰ ਨੇ ਆਪਣੇ ਧੰਨਵਾਦੀ ਭਾਸ਼ਣ ਦੌਰਾਨ ਪ੍ਰੋ. ਅਨੁਰਾਧਾ, ਸਟਾਫ਼ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਅੰਗਰੇਜ਼ ਹਕੂਮਤ ਦੀਆਂ ਮਾਰੂ ਨੀਤੀਆਂ ਦਾ ਜ਼ਿਕਰ ਕਰਦਿਆਂ ਸੁਤੰਤਰਤਾ ਸੰਗਰਾਮ ਵਿਚ ਪੰਜਾਬੀਆਂ ਦੀ ਭੂਮਿਕਾ 'ਤੇ ਚਾਨਣਾ ਪਾਇਆ | ਇਸ ਮੌਕੇ ਡਾ. ਕੁਲਦੀਪ ਕੌਰ, ਪ੍ਰੋ. ਜਤਿੰਦਰ ਕੌਰ, ਡਾ. ਹਰਵਿੰਦਰ ਕੌਰ, ਡਾ. ਅਰਵਿੰਦਰ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ |