ਹੁਸ਼ਿਆਰਪੁਰ, 2 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਭਾਜਪਾ ਦੇ ਮੁੱਖ ਦਫ਼ਤਰ ਚੰਡੀਗੜ੍ਹ ਨਜ਼ਦੀਕ ਕੱਲ੍ਹ ਸ਼ਾਮ ਹੋਏ ਗ੍ਰਨੇਡ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਭਾਜਪਾ ਕੌਮੀ ਕੌਂਸਲ ਦੇ ਮੈਂਬਰ ਤੇ ਹਲਕਾ ਇੰਚਾਰਜ ਚੱਬੇਵਾਲ ਡਾ. ਦਿਲਬਾਗ ਰਾਏ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਸੂਬਾ ਸਰਕਾਰ ਦੀ ਨਾਕਾਮੀ ਦਾ ਸਬੂਤ ਹਨ | ਉਨ੍ਹਾਂ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਸੂਬੇ 'ਚ ਜੰਗਲ ਰਾਜ ਹੋਵੇ | ਉਨ੍ਹਾਂ ਕਿਹਾ ਕਿ ਅਜੇ ਕੁੱਝ ਦਿਨ ਪਹਿਲਾਂ ਹੀ ਹਲਕਾ ਗੜ੍ਹਸ਼ੰਕਰ ਦੇ ਇਕ ਪਿੰਡ 'ਚ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਤੋੜਨ ਦਾ ਯਤਨ ਕੀਤਾ ਗਿਆ ਸੀ ਅਤੇ ਅਜੇ ਤੱਕ ਇਸਦੇ ਦੋਸ਼ੀਆਂ ਨੂੰ ਕਾਬੂ ਨਹੀਂ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਭਾਜਪਾ ਦਫ਼ਤਰ ਨਜ਼ਦੀਕ ਅਜਿਹੀ ਘਟਨਾ ਦਾ ਵਾਪਰਨਾ ਭਾਜਪਾ ਦੇ ਵੱਧ ਰਹੇ ਗ੍ਰਾਫ ਤੋਂ ਘਬਰਾਹਟ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਅਜਿਹੀਆਂ ਵਾਪਰ ਰਹੀਆਂ ਘਟਨਾਵਾਂ ਸੂਬੇ ਦੀ ਏਕਤਾ ਅਤੇ ਅਖੰਡਤਾ ਨੂੰ ਤੋੜਨ ਦਾ ਯਤਨ ਹਨ, ਜਿਨ੍ਹਾਂ ਨੂੰ ਕਦੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ |