15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਇਲਾਕੇ 'ਚ ਪਏ ਮੀਂਹ ਤੇ ਤੇਜ਼ ਹਨੇਰੀ ਦੇ ਚੱਲਦਿਆਂ ਕਣਕ ਦੀ ਫ਼ਸਲ ਨੁਕਸਾਨੀ

Ad Position 21
No active advertisement
ਅਜੀਤ ਡੈਸਕ 05-04-2026
ਹੁਸ਼ਿਆਰਪੁਰ, 4 ਅਪ੍ਰੈਲ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਤੇ ਆਸ-ਪਾਸ ਦੇ ਇਲਾਕਿਆਂ 'ਚ ਬੀਤੇ ਕੱਲ੍ਹ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਦੇ ਨਾਲ-ਨਾਲ ਚੱਲੀ ਤੇਜ਼ ਹਨੇਰੀ ਦੇ ਚੱਲਦਿਆਂ ਅਨੇਕਾਂ ਜਗ੍ਹਾ 'ਤੇ ਕਣਕ ਦੀ ਫ਼ਸਲ ਨੁਕਸਾਨੀ ਗਈ | ਇਹ ਪੈ ਰਿਹਾ ਬੇ-ਮੌਸਮੀ ਮੀਂਹ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਹੋਰ ਵਧਾ ਰਿਹਾ ਹੈ ਅਤੇ ਕਿਸਾਨਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਮੌਸਮ ਵਿਭਾਗ ਅਨੁਸਾਰ ਅਜੇ ਵੀ ਮੌਸਮ ਦੇ ਪੂਰੀ ਤਰ੍ਹਾਂ ਸਾਫ਼ ਹੋਣ ਦਾ ਅਨੁਮਾਨ ਨਹੀਂ ਹੈ ਅਤੇ ਆਉਣ ਵਾਲੇ ਕੁੱਝ ਦਿਨਾਂ 'ਚ ਮੀਂਹ ਪੈਣ ਦੇ ਆਸਾਰ ਬਣੇ ਹੋਏ ਹਨ | ਕਿਸਾਨਾਂ ਨੂੰ ਇਹ ਚਿੰਤਾ ਵੀ ਸਤਾ ਰਹੀ ਹੈ ਕਿ ਜੇਕਰ ਪੱਕੀ ਹੋਈ ਕਣਕ ਦੀ ਫ਼ਸਲ 'ਤੇ ਭਾਰੀ ਮੀਂਹ ਤੇ ਗੜੇਮਾਰੀ ਹੋਈ ਤਾਂ ਇਸ ਨਾਲ ਚੋਖਾ ਨੁਕਸਾਨ ਹੋਵੇਗਾ | ਇਸ ਸਬੰਧੀ ਜਦੋਂ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਝੋਨੇ ਦੇ ਖੇਤਾਂ 'ਚ ਕਣਕ ਦੀ ਬਿਜਾਈ ਕੀਤੀ ਸੀ ਉਹ ਫ਼ਸਲ ਹੁਣ ਪੱਕ ਕੇ ਤਿਆਰ ਹੋ ਚੁੱਕੀ ਹੈ ਅਤੇ ਜੇਕਰ ਇਹ ਬੇਮੌਸਮਾ ਮੀਂਹ ਨਾ ਪੈਂਦਾ ਤਾਂ ਵਾਢੀ ਦਾ ਕੰਮ ਹੁਣ ਸ਼ੁਰੂ ਹੋਣ ਵਾਲਾ ਸੀ | ਇਸ ਦੇ ਨਾਲ ਹੀ ਆਲੂ ਅਤੇ ਮਟਰਾਂ ਵਾਲੀ ਫ਼ਸਲ ਵੀ ਅਜੇ ਪੂਰੀ ਤਰ੍ਹਾਂ ਨਹੀਂ ਪੱਕੀ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਕਣਕ ਦੀ ਫ਼ਸਲ ਨੂੰ ਪਾਣੀ ਨਹੀਂ ਲਗਾਉਂਦੇ ਤਾਂ ਫ਼ਸਲ ਸੁੱਕਦੀ ਹੈ, ਪ੍ਰੰਤੂ ਪਾਣੀ ਲਗਾਈ ਹੋਈ ਫ਼ਸਲ ਤੇਜ਼ ਹਵਾਵਾਂ ਨਾਲ ਧਰਤੀ 'ਤੇ ਡਿਗ ਪੈਂਦੀਂ ਹੈ, ਜਿਸ ਨਾਲ ਦਾਣਾ ਕਮਜ਼ੋਰ ਹੋ ਜਾਂਦਾ ਹੈ ਅਤੇ ਝਾੜ 'ਚ ਕਮੀ ਆਉਂਦੀ ਹੈ | ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਸਮੇਂ ਸਮੇਂ 'ਤੇ ਪਏ ਮੀਂਹ ਅਤੇ ਤਾਪਮਾਨ 'ਚ ਕਮੀ ਰਹਿਣ ਕਾਰਨ ਕਣਕ ਦੀ ਫ਼ਸਲ ਦਾ ਝਾੜ ਵਧੀਆ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ, ਪ੍ਰੰਤੂ ਇਸ ਵਾਰ ਵੱਧ ਨਮੀ ਦੇ ਚੱਲਦਿਆਂ ਵਾਢੀ ਦਾ ਕੰਮ ਜ਼ਰੂਰ ਪੱਛੜ ਜਾਵੇਗਾ | ਦੂਸਰੇ ਪਾਸੇ ਬੀਜੀ ਗਈ ਸਿਆਲੂ ਮੱਕੀ ਅਤੇ ਹਰੇ ਚਾਰੇ ਲਈ ਇਹ ਮੀਂਹ ਵਰਦਾਨ ਸਾਬਿਤ ਹੋਵੇਗਾ, ਜਿਸ ਨਾਲ ਫ਼ਸਲਾਂ ਨੂੰ ਮੌਸਮੀ ਬਿਮਾਰੀਆਂ ਅਤੇ ਕੀੜਿਆਂ ਤੋਂ ਰਾਹਤ ਮਿਲੇਗੀ | ਮੀਂਹ ਨੇ ਆਮ ਜਨਜੀਵਨ ਨੂੰ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਦਿੱਤਾ ਅਤੇ ਲੋਕਾਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਕਾਫ਼ੀ ਮਸ਼ੱਕਤ ਕਰਨੀ ਪਈ | ਖੇਤੀ ਮਾਹਿਰਾਂ ਅਨੁਸਾਰ ਇਹ ਮੀਂਹ ਮੌਸਮੀ ਫ਼ਸਲਾਂ ਲਈ ਲਾਹੇਵੰਦ ਹੋਵੇਗਾ | ਇਸ ਦੇ ਨਾਲ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੀਂਹ ਪੈਣ ਨਾਲ ਜਿੱਥੇ ਲੋਕਾਂ ਨੂੰ ਇਕ ਦਮ ਵਧੀ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਇਸ ਨਾਲ ਮੌਸਮੀ ਬਿਮਾਰੀਆਂ ਦਾ ਵੀ ਖ਼ਾਤਮਾ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਘੁੰਮਣ ਦੇ ਯਤਨਾਂ ਸਦਕਾ ਸਿਵਲ ਹਸਪਤਾਲ ਦਸੂਹਾ ਵਿਖੇ ਪ੍ਰਾਈਵੇਟ ਹਸਪਤਾਲਾਂ ਵਾਂਗ ਫੋਲਡਰ ਸੇਵਾ ਦੀ ਸ਼ੁਰੂਆਤ ਅਗਲੀ ਖ਼ਬਰ ਜੇਲ੍ਹਾਂ 'ਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣਗੇ-ਡਾ. ਰਵਜੋਤ
Ad Position 24