ਹੁਸ਼ਿਆਰਪੁਰ, 4 ਅਪ੍ਰੈਲ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਹੁਸ਼ਿਆਰਪੁਰ ਨੇ 'ਗ੍ਰੀਨ ਸਕੂਲ ਪ੍ਰੋਗਰਾਮ' ਸਬੰਧੀ ਪਿ੍ੰਸੀਪਲ ਧਰਮਿੰਦਰ ਸ਼ਰਮਾ ਦੀ ਅਗਵਾਈ ਹੇਠ ਸੈਮੀਨਾਰ ਲਗਾਇਆ ਗਿਆ | ਇਸ ਮੌਕੇ ਜ਼ਿਲ੍ਹਾ ਖੋਜ ਕੋਆਰਡੀਨੇਟਰ ਤੇ ਪਿ੍ੰਸੀਪਲ ਜਾਂਚ ਕਰਤਾ ਡਾ. ਰਿਤੂ ਕੁਮਾਰਾ ਨੇ ਪ੍ਰੋਗਰਾਮ ਦੀ ਪ੍ਰਭਾਵਸ਼ੀਲਤਾ ਅਤੇ ਚੁਣੌਤੀਆਂ ਵਿਸ਼ੇ 'ਤੇ ਆਪਣਾ ਖੋਜ ਪੱਤਰ ਸਾਂਝਾ ਕੀਤਾ | ਇਕ ਪਾਰਦਰਸ਼ੀ ਅਤੇ ਵਿਆਪਕ ਅਧਿਐਨ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਦੇ ਹਰੇਕ ਬਲਾਕ ਤੋਂ 105 ਸਕੂਲਾਂ ਦੀ ਚੋਣ ਕੀਤੀ ਗਈ | ਡਾ. ਕੁਮਾਰਾ ਨੇ ਕਿਹਾ ਕਿ ਪਿਛਲੇ ਸਾਲ ਜ਼ਿਲ੍ਹੇ ਦੇ 12 ਸਕੂਲਾਂ ਨੇ ਸਖ਼ਤ ਮਾਪਦੰਡਾਂ ਨੂੰ ਪੂਰਾ ਕੀਤਾ ਅਤੇ ਵੱਕਾਰੀ 'ਗ੍ਰੀਨ ਸਕੂਲ' ਦਾ ਦਰਜਾ ਪ੍ਰਾਪਤ ਕੀਤਾ, ਪਰ ਵਰਤਮਾਨ 'ਚ ਗ੍ਰੀਨ ਸਕੂਲ ਦਾ ਦਰਜਾ ਪ੍ਰਾਪਤ ਕਰਨ ਵਾਲੇ ਸਕੂਲਾਂ ਦੀ ਗਿਣਤੀ 18 ਤੱਕ ਪਹੁੰਚ ਗਈ ਹੈ | ਸ. ਸ. ਸ. ਸਕੂਲ ਕਮਾਹੀ ਦੇਵੀ ਦੇ ਕੈਮਿਸਟਰੀ ਜਗਜੀਤ ਸਿੰਘ ਨੇ ਗ੍ਰੀਨ ਸਕੂਲ ਆਡਿਟ ਦੀਆਂ ਤਕਨੀਕੀ ਸੂਖਮਤਾਵਾਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਬਾਰੇ ਆਪਣੇ ਕੀਮਤੀ ਸੁਝਾਅ ਸਾਂਝੇ ਕੀਤੇ | ਡਾਇਟ ਹੁਸ਼ਿਆਰਪੁਰ ਤੋਂ ਡਾ. ਸ਼ਿਖਾ ਸ਼ਰਮਾ, ਬਲਜੀਤ ਕੌਰ ਤੇ ਡਾ. ਅਰਜੁਨ ਕਟਲ ਨੇ ਵੀ ਸੰਬੋਧਨ ਕੀਤਾ |