ਤਲਵਾੜਾ, 6 ਅਪ੍ਰੈਲ (ਐੱਚ.ਐੱਸ.ਮਿੱਠੂ)-ਕਿਸੇ ਵੀ ਆਪਾਤ ਸਥਿਤੀ ਵਿਚ ਡੈਮ ਤੋਂ ਬਿਆਸ ਨਦੀ ਵਿਚ ਵਾਧੂ ਪਾਣੀ ਛੱਡੇ ਜਾਣ ਦੀ ਸਥਿਤੀ ਵਿਚ ਨਦੀ ਕਿਨਾਰੇ ਦੇ ਲੋਕਾਂ ਨੂੰ ਹੁਣ ਤੁਰੰਤ ਇਸ ਦੀ ਸੂਚਨਾ ਮਿਲੇਗੀ | ਇਸ ਲਈ ਭਾਖੜਾ ਬਿਆਸ ਪ੍ਰਬੰਧ ਬੋਰਡ ਨੇ ਬਿਆਸ ਨਦੀ ਦੇ ਕਿਨਾਰੇ ਤੇ ਅਗੇਤੀ ਚਿਤਾਵਨੀ ਪ੍ਰਣਾਲੀ ਸਥਾਪਿਤ ਕੀਤੀ ਹੈ | ਇਸ ਦਾ ਉਦਘਾਟਨ ਆਨਲਾਈਨ ਤਰੀਕੇ ਨਾਲ ਬੋਰਡ ਦੇ ਚੇਅਰਮੈਨ ਇੰਜੀਨੀਅਰ ਮਨੋਜ ਤਿ੍ਪਾਠੀ ਵਲੋਂ ਕੀਤਾ ਗਿਆ ਹੈ | ਇਸ ਤਹਿਤ 6 ਅਗੇਤੀ ਚਿਤਾਵਨੀ ਸਿਸਟਮ ਲਗਾਏ ਗਏ ਹਨ | ਇਸ ਮੌਕੇ ਸਾਈਟ ਤੇ ਬਿਆਸ ਡੈਮ ਦੇ ਮੁੱਖ ਇੰਜੀਨੀਅਰ ਰਾਕੇਸ਼ ਗੁਪਤਾ, ਉਪ ਮੁੱਖ ਇੰਜੀਨੀਅਰ ਵਿਮਲ ਕੁਮਾਰ ਮੀਨਾ, ਨਿਗਰਾਨ ਇੰਜੀਨੀਅਰ ਮਨਵੀਨ ਚੌਧਰੀ, ਕਾਰਜਕਾਰੀ ਇੰਜੀਨੀਅਰ ਵਿਨੈ ਕੁਮਾਰ, ਐੱਸ.ਡੀ.ਓ. ਪਰਮਿੰਦਰ ਸਿੰਘ ਵੀ ਹਾਜ਼ਰ ਸਨ | ਚੇਅਰਮੈਨ ਮਨੋਜ ਤਿ੍ਪਾਠੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜਦੋਂ ਕਦੇ ਆਪਾਤ ਸਥਿਤੀ ਵਿਚ ਪੋਂਗ ਡੈਮ ਤੋਂ ਪਾਣੀ ਛੱਡਣਾ ਪੈਂਦਾ ਸੀ ਤਾਂ ਬੋਰਡ ਦੀਆਂ ਟੀਮਾਂ ਤੋਂ ਇਲਾਵਾ ਸਥਾਨਕ ਪ੍ਰਸ਼ਾਸਨ ਵੱਲੋਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਲਾਊਡ ਸਪੀਕਰਾਂ ਨਾਲ ਸੁਚੇਤ ਕੀਤਾ ਜਾਂਦਾ ਸੀ ਅਤੇ 6 ਪਬਲਿਕ ਐਡਰੈੱਸ ਸਿਸਟਮ ਲਗਾਏ ਹੋਏ ਸਨ | ਇਸ ਨਾਲ ਲੋਕਾਂ ਤੱਕ ਸੂਚਨਾ ਪਹੁੰਚਣ ਵਿਚ ਸਮਾਂ ਲੱਗਦਾ ਸੀ ਅਤੇ ਕੋਈ ਹਾਦਸਾ ਵਾਪਰਨ ਦਾ ਡਰ ਰਹਿੰਦਾ ਸੀ | ਪਰ ਹੁਣ ਨਵੇਂ ਚਿਤਾਵਨੀ ਪ੍ਰਣਾਲੀ ਨਾਲ ਇਹ ਸੂਚਨਾ ਤੁਰੰਤ ਹੀ ਲੋਕਾਂ ਤੱਕ ਪਹੁੰਚੇਗੀ | ਉਨ੍ਹਾਂ ਨੇ ਕਿਹਾ ਕਿ ਬੀ.ਬੀ.ਐਮ.ਬੀ. ਹਮੇਸ਼ਾ ਹੀ ਆਪਣੇ ਲੋਕਾਂ ਦੀ ਬਿਹਤਰ ਸੇਵਾ ਲਈ ਸਮਰਪਿਤ ਰਹਿੰਦਾ ਹੈ ਅਤੇ ਇਸੇ ਹੀ ਜਨਹਿਤ ਦੇ ਉਦੇਸ਼ ਨਾਲ ਇਹ ਪ੍ਰੋਜੈਕਟ ਲਗਾਇਆ ਗਿਆ ਹੈ | ਮੁੱਖ ਇੰਜੀਨੀਅਰ ਰਾਕੇਸ਼ ਗੁਪਤਾ ਨੇ ਦੱਸਿਆ ਕਿ 52 ਗੇਟ ਬੈਰਾਜ ਤੋਂ ਲੈ ਕੇ ਮੀਰਥਲ ਤੱਕ ਲਗਪਗ 50 ਕਿੱਲੋਮੀਟਰ ਦੀ ਦੂਰੀ ਤੱਕ ਇਹ 6 ਅਗੇਤੀ ਚਿਤਾਵਨੀ ਪ੍ਰਣਾਲੀ ਕੇਂਦਰ ਸਥਾਪਿਤ ਕੀਤੇ ਗਏ ਹਨ | ਇਹ ਪੇਖਾਂ, ਸੰਸਾਰਪੁਰ ਟੈਰੇਸ, ਸ਼ਾਹ ਬੈਰਾਜ ਦੇ ਸੱਜੇ ਪਾਸੇ, ਰਿਆਲੀ (ਫ਼ਤਿਹਪੁਰ) ਬੇਲਾ ਸਰਿਆਣਾ (ਮੁਕੇਰੀਆਂ), ਪਰਲ (ਇੰਦੋਰਾ) ਅਤੇ ਅਰਨੀ ਯੂਨੀਵਰਸਿਟੀ ਇੰਦੋਰਾ ਨੇੜੇ ਲਗਾਏ ਗਏ ਹਨ | ਉਨ੍ਹਾਂ ਨੇ ਕਿਹਾ ਕਿ ਇਹ ਚਿਤਾਵਨੀ ਸਿਸਟਮ ਆਬਾਦੀ ਖੇਤਰਾਂ ਦੇ ਨੇੜੇ ਲਗਾਏ ਗਏ ਹਨ, ਜਦੋਂ ਵੀ ਡੈਮ ਤੋਂ ਪਾਣੀ ਛੱਡਣਾ ਪਵੇਗਾ ਤਾਂ ਪਹਿਲਾਂ ਹੀ ਇਨ੍ਹਾਂ ਅਗਾਉਂ ਚਿਤਾਵਨੀ ਪ੍ਰਣਾਲੀ ਪ੍ਰਾਜੈਕਟਾਂ ਤੋਂ ਅਲਰਟ ਜਾਰੀ ਹੋਵੇਗਾ ਅਤੇ ਲੋਕ ਨਦੀ ਦੇ ਬੈਡ ਤੋਂ ਦੂਰ ਹੋ ਜਾਣਗੇ | ਇਸ ਮੌਕੇ ਜੂਨੀਅਰ ਇੰਜੀਨੀਅਰ ਜਸਵਿੰਦਰ ਸਿੰਘ ਤੇ ਮਨੀਸ਼ ਸ਼ਰਮਾ ਵੀ ਹਾਜ਼ਰ ਸਨ |