04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਦੇਵੀਗੜ੍ਹ-ਪਿਹੋਵਾ ਮਾਰਗ 'ਤੇ ਮੌਤ ਨੂੰ ਸੱਦਾ ਦੇ ਰਹੀ ਤੰਗ ਪੁਲੀ : ਖੱਡੇ 'ਚ ਡਿੱਗੀ ਕਾਰ, ਪਰਿਵਾਰ ਦੀ ਜਾਨ ਮਸਾਂ ਬਚੀ

Ad Position 21
No active advertisement
ਅਜੀਤ ਡੈਸਕ 07-04-2026
ਦੇਵੀਗੜ੍ਹ, 6 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)-ਦੇਵੀਗੜ੍ਹ-ਪਿਹੋਵਾ ਮੁੱਖ ਮਾਰਗ 'ਤੇ ਸਥਿਤ ਪਿੰਡ ਹਰੀਗੜ੍ਹ ਦੇ ਨਜ਼ਦੀਕ ਇਕ ਭਿਆਨਕ ਸੜਕ ਹਾਦਸਾ ਵਾਪਰਨੋਂ ਉਸ ਸਮੇਂ ਟਲ ਗਿਆ, ਜਦੋਂ ਇਕ ਕਾਰ ਅਚਾਨਕ ਸੜਕ ਕਿਨਾਰੇ ਬਣੀ ਡੂੰਘੀ ਖੱਡੇ ਵਿਚ ਜਾ ਡਿੱਗੀ | ਇਸ ਹਾਦਸੇ ਦੌਰਾਨ ਕਾਰ ਸਵਾਰ ਪਤੀ, ਪਤਨੀ ਅਤੇ ਉਨ੍ਹਾਂ ਦਾ ਮਾਸੂਮ ਬੱਚਾ ਵਾਲ-ਵਾਲ ਬਚ ਗਏ | ਹਾਲਾਂਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਸਥਾਨਕ ਨਿਵਾਸੀਆਂ ਅਤੇ ਰਾਹਗੀਰਾਂ ਅਨੁਸਾਰ ਇਸ ਹਾਦਸੇ ਦਾ ਮੁੱਖ ਕਾਰਨ ਪਿੰਡ ਹਰੀਗੜ੍ਹ ਪਾਸ ਬਣੀ ਬੇਹੱਦ ਤੰਗ ਪੁਲੀ ਹੈ | ਮਾਰਗ ਚੌੜਾ ਹੋਣ ਦੇ ਬਾਵਜੂਦ ਇਹ ਪੁਲੀ ਪੁਰਾਣੀ ਅਤੇ ਤੰਗ ਹੈ, ਜਿਸ ਕਾਰਨ ਸਾਹਮਣੇ ਤੋਂ ਆਉਂਦੇ ਵਾਹਨਾਂ ਨੂੰ ਜਗ੍ਹਾ ਦੇਣ ਦੇ ਚੱਕਰ ਵਿਚ ਅਕਸਰ ਗੱਡੀਆਂ ਦਾ ਸੰਤੁਲਨ ਵਿਗੜ ਜਾਂਦਾ ਹੈ | ਤਾਜ਼ਾ ਹਾਦਸੇ 'ਚ ਵੀ ਕਾਰ ਸਵਾਰ ਪਰਿਵਾਰ ਇਸੇ ਤੰਗ ਰਸਤੇ ਦਾ ਸ਼ਿਕਾਰ ਹੋ ਗਿਆ | ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ | ਇਸ ਤੋਂ ਪਹਿਲਾਂ ਵੀ ਇਸੇ ਸਥਾਨ 'ਤੇ ਕਈ ਦਰਦਨਾਕ ਹਾਦਸੇ ਵਾਪਰ ਚੁੱਕੇ ਹਨ | ਕੁਝ ਸਮਾਂ ਪਹਿਲਾਂ ਇਕ ਪੀਕਅਪ ਗੱਡੀ ਇਸੇ ਖੱਡੇ ਵਿਚ ਪਲਟ ਗਈ ਸੀ, ਜਿਸ ਵਿਚ ਡਰਾਈਵਰ ਦੀ ਮੌਤ ਹੋ ਗਈ ਸੀ | ਇਕ ਹੋਰ ਘਟਨਾ ਵਿਚ ਤਿੰਨ ਨੌਜਵਾਨ ਮੋਟਰਸਾਈਕਲ ਸਮੇਤ ਖੱਡੇ ਵਿਚ ਡਿਗ ਕੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ | ਹੈਰਾਨੀ ਦੀ ਗੱਲ ਇਹ ਹੈ ਕਿ ਇੰਨੇ ਹਾਦਸੇ ਹੋਣ ਅਤੇ ਕੀਮਤੀ ਜਾਨਾਂ ਜਾਣ ਦੇ ਬਾਵਜੂਦ ਵੀ ਸੰਬੰਧਿਤ ਵਿਭਾਗ ਦੀ ਨਿਗ੍ਹਾ ਇਸ ਪਾਸੇ ਨਹੀਂ ਪਈ | ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਚੋਣਾਂ ਵੇਲੇ ਵੱਡੇ-ਵੱਡੇ ਵਾਅਦੇ ਕਰਨ ਵਾਲੇ ਸਿਆਸੀ ਆਗੂਆਂ ਨੇ ਵੀ ਜਿੱਤਣ ਤੋਂ ਬਾਅਦ ਇਸ ਖ਼ਤਰਨਾਕ ਪੁਲੀ ਵੱਲ ਧਿਆਨ ਦੇਣਾ ਮੁਨਾਸਬ ਨਹੀਂ ਸਮਝਿਆ | ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਜਾਂ ਵੱਡੀ ਗਿਣਤੀ 'ਚ ਜਾਨੀ ਨੁਕਸਾਨ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ | ਪਿੰਡ ਹਰੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਾ ਨਿਵਾਸੀਆਂ ਨੇ ਸਰਕਾਰ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਤੰਗ ਪੁਲੀ ਨੂੰ ਤੁਰੰਤ ਮੁਰੰਮਤ ਕਰਕੇ ਚੌੜਾ ਕੀਤਾ ਜਾਵੇ | ਸੜਕ ਦੇ ਕਿਨਾਰਿਆਂ 'ਤੇ ਮਜ਼ਬੂਤ ਰੇਲਿੰਗ ਜਾਂ ਬੈਰੀਅਰ ਲਗਾਏ ਜਾਣ ਤਾਂ ਜੋ ਵਾਹਨ ਖੱਡੇ 'ਚ ਨਾ ਡਿੱਗਣ | ਰਾਤ ਦੇ ਸਮੇਂ ਲਈ ਇੱਥੇ ਰੇਡੀਅਮ ਸੰਕੇਤਕ ਅਤੇ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ | ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਗੰਭੀਰ ਮਸਲੇ 'ਤੇ ਕਦੋਂ ਹਰਕਤ 'ਚ ਆਉਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੀ ਰੈਲੀ 'ਚ ਰੋਸ ਕਰਨ ਜਾ ਰਹੇ ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨਾਂ ਨੂੰ ਪੁਲਿਸ ਨੇ ਚੁੱਕਿਆ ਅਗਲੀ ਖ਼ਬਰ ਬੀ. ਬੀ. ਐੱਮ. ਬੀ. ਨੇ ਬਿਆਸ ਕਿਨਾਰੇ ਲਗਾਈ ਅਗੇਤੀ ਚਿਤਾਵਨੀ ਪ੍ਰਣਾਲੀ
Ad Position 24