ਮੁਕੇਰੀਆਂ, 8 ਅਪ੍ਰੈਲ (ਰਾਮਗੜ੍ਹੀਆ)-ਵਿਸ਼ਵ ਸਿਹਤ ਦਿਵਸ ਮਨਾਉਣ ਲਈ ਕੈਂਬਰਿਜ ਓਵਰਸੀਜ਼ ਸਕੂਲ 'ਚ ਮੁਕੇਰੀਆਂ ਵਿਖੇ ਇਕ ਸ਼ਾਨਦਾਰ ਅਤੇ ਪ੍ਰੇਰਨਾਦਾਇਕ ਪ੍ਰੋਗਰਾਮ ਕਰਵਾਇਆ ਗਿਆ | ਸਕੂਲ ਦੀ ਪਿ੍ੰਸੀਪਲ ਨੀਤੂ ਜੌਹਰੀ ਨੇ ਦੱਸਿਆ ਕਿ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਸਿਹਤ ਜਾਗਰੂਕਤਾ ਵਧਾਉਣਾ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ | ਡਾ. ਭੁਪਿੰਦਰ ਪਾਲ ਸਿੰਘ ਜ਼ਿਲ੍ਹਾ ਨੋਡਲ ਅਫਸਰ ਅਤੇ ਵਾਇਰੋਲੋਜੀ ਵਿਭਾਗ ਦੇ ਮੁੱਖੀ ਸਿਵਲ ਹਸਪਤਾਲ ਗੁਰਦਾਸਪੁਰ ਜੋ ਕਿ ਆਰਟੀਪੀਸੀਆਰ ਲੈਬ ਦੇ ਨੋਡਲ ਅਫਸਰ ਵੀ ਹਨ, ਮੁੱਖ ਮਹਿਮਾਨ ਵਜੋਂ ਮੌਜੂਦ ਸਨ | ਡਾ. ਸਿੰਘ ਨੇ ਵਿਦਿਆਰਥੀਆਂ ਨੂੰ ਇਕ ਸਿਹਤਮੰਦ ਵਿਅਕਤੀ ਦੇ ਗੁਣਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਸਰੀਰਕ, ਮਾਨਸਿਕ, ਸਮਾਜਿਕ ਅਤੇ ਅਧਿਆਤਮਿਕ ਸਿਹਤ ਨੂੰ ਸੰਤੁਲਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਪਿ੍ੰਸੀਪਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਇਕ ਸਿਹਤਮੰਦ ਸਰੀਰ ਸਫਲਤਾ ਅਤੇ ਇਕ ਉੱਜਵਲ ਭਵਿੱਖ ਦੀ ਨੀਂਹ ਹੈ | ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਵਿਸ਼ੇਸ਼ ਪ੍ਰਾਰਥਨਾ ਸਭਾਵਾਂ, ਭਾਸ਼ਣਾਂ ਤੇ ਵੱਖ-ਵੱਖ ਗਤੀਵਿਧੀਆਂ ਰਾਹੀਂ ਸਿਹਤ ਦੀ ਮਹੱਤਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ | ਅੰਤ ਵਿਚ ਸਕੂਲ ਪਰਿਵਾਰ ਨੇ ਡਾ. ਭੁੁਪਿੰਦਰ ਪਾਲ ਸਿੰਘ ਨੂੰ ਉਨ੍ਹਾਂ ਦੇ ਅਨਮੋਲ ਮਾਰਗਦਰਸ਼ਨ ਲਈ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਕੂਲ ਦੇ ਐੱਮ. ਡੀ. ਸਚਿਨ ਸਮਿਆਲ ਅਤੇ ਚੇਅਰਪਰਸਨ ਸ਼ਿਖਾ ਸਮਿਆਲ ਨੇ ਆਪਣੇ ਸੰਦੇਸ਼ ਵਿੱਚ ਕਿਹਾ, ਸਿਹਤਮੰਦ ਵਿਦਿਆਰਥੀ ਇਕ ਮਜ਼ਬੂਤ ਸਮਾਜ ਅਤੇ ਇਕ ਖ਼ੁਸ਼ਹਾਲ ਰਾਸ਼ਟਰ ਦੀ ਨੀਂਹ ਹਨ |