ਟਾਂਡਾ ਉੜਮੁੜ- ਹੈੱਡਮਾਸਟਰ ਕਿ੍ਸ਼ਨਜੀਤ ਸਿੰਘ ਦਾ ਜਨਮ ਦੋਆਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਟਾਂਡਾ ਦੇ ਪਿੰਡ ਓਹੜਪੁਰ ਵਿਖੇ 30 ਮਈ 1956 ਨੂੰ ਮਾਤਾ ਸਵ. ਸਰਦਾਰਨੀ ਬਲਵੰਤ ਕੌਰ ਅਤੇ ਪਿਤਾ ਸਵ. ਸ. ਹਰੀ ਸਿੰਘ ਦੇ ਘਰ ਹੋਇਆ | ਆਪ ਜੀ ਨੇ ਮੁੱਢਲੀ ਵਿੱਦਿਆ ਸਰਕਾਰੀ ਪ੍ਰਾਇਮਰੀ ਸਕੂਲ ਓਹੜਪੁਰ ਅਤੇ ਸੈਕੰਡਰੀ ਪੱਧਰ ਦੀ ਸਿੱਖਿਆ ਸਾਇੰਸ ਵਿਸ਼ੇਸ਼ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਟਾਂਡਾ ਤੋਂ ਹਾਸਲ ਕੀਤੀ ਅਤੇ ਆਪ ਜੀ ਨੇ ਡੀ ਏ ਵੀ ਕਾਲਜ ਜਲੰਧਰ ਵਿਖੇ ਅੱਵਲ ਦਰਜੇ ਵਿਚ ਬੀ.ਐੱਸ.ਸੀ. (ਮੈਡੀਕਲ) ਪਾਸ ਕਰਨ ਉਪਰੰਤ ਬੀ.ਐਡ. ਦੀ ਡਿਗਰੀ ਹਾਸਲ ਕੀਤੀ | ਆਪ ਜੀ ਦੀ ਉੱਚ ਯੋਗਤਾ ਅਤੇ ਅਥਾਹ ਮਿਹਨਤ ਸਦਕਾ ਆਪ ਜੀ ਨੂੰ ਬਤੌਰ ਸਾਇੰਸ ਅਧਿਆਪਕ, 19 ਜਨਵਰੀ 1978 ਨੂੰ ਨੌਕਰੀ ਮਿਲੀ | ਆਪ ਜੀ ਦੀ ਨੌਕਰੀ ਦੀ ਸ਼ੁਰੂਆਤ ਸਰਕਾਰੀ ਮਿਡਲ ਸਕੂਲ ਧੂਤਾਂ ਤੋਂ ਹੋਈ ਜਿਸ ਤੋਂ ਬਾਅਦ ਆਪ ਜੀ ਨੇ ਕੁੱਝ ਸਮਾਂ ਸਰਕਾਰੀ ਮਿਡਲ ਸਕੂਲ ਕਲੋਆ ਵਿਖੇ ਸੇਵਾ ਨਿਭਾਈ | ਤਕਰੀਬਨ ਦੋ ਦਹਾਕੇ ਆਪ ਜੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਸ਼ੇਖਾਂ ਵਿਖੇ ਆਪਣੇ ਗਿਆਨ ਦਾ ਚਾਨਣ ਪਸਾਰਿਆ | ਆਪ ਜੀ ਦੁਆਰਾ ਵਿਗਿਆਨ ਦਾ ਵਿਸ਼ਾ ਪੜ੍ਹਾਏ ਗਏ ਅਨੇਕਾਂ ਵਿਦਿਆਰਥੀ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ | ਨੌਕਰੀ ਦੌਰਾਨ ਵਿਗਿਆਨ ਮੇਲਿਆਂ ਵਿਚ ਹਿੱਸਾ ਲੈ ਕੇ ਕੇ ਅਨੇਕਾਂ ਵਿਲੱਖਣ Tਸਾਇੰਸ ਪ੍ਰੋਜੈਕਟU ਤਿਆਰ ਕਰਕੇ ਅਤੇ ਪੰਜਾਬ ਪੱਧਰ ਤੱਕ ਇਨਾਮ ਹਾਸਲ ਕਰਨੇ ਉਨ੍ਹਾਂ ਦਾ ਆਪਣੇ ਵਿਸ਼ੇ ਪ੍ਰਤੀ ਗੂੜ੍ਹੀ ਸਾਂਝ ਦਾ ਪ੍ਰਤੀਕ ਸੀ | ਆਪ ਜੀ ਸਾਇੰਸ, ਕੰਪਿਊਟਰ, ਧਾਰਮਿਕ ਸਾਹਿੱਤ ਪੜ੍ਹਨ ਵਿਚ ਵਿਸ਼ੇਸ਼ ਰੁਚੀ ਰੱਖਦੇ ਸਨ | ਆਪ ਨੇ ਆਪਣੀ ਜ਼ਿੰਦਗੀ ਵਿਚ ਗਿਆਨ ਵੰਡਣ ਦੇ ਨਾਲ਼-ਨਾਲ਼ ਆਪਣੀ ਹੋਰ ਗਿਆਨ ਹਾਸਲ ਕਰਨ ਦੀ ਉਤਸੁਕਤਾ ਨੂੰ ਸ਼ਾਂਤ ਨਹੀਂ ਹੋਣ ਦਿੱਤਾ | ਆਪ ਨੇ ਨੌਕਰੀ ਦੌਰਾਨ ਐਮ.ਐੱਸ.ਸੀ. ਜਿਓਲੋਜੀ ਦੀ ਡਿਗਰੀ ਵੀ ਹਾਸਲ ਕੀਤੀ | ਆਪ ਜੀ ਨੇ ਬਤੌਰ ਹੈੱਡਮਾਸਟਰ ਤਰੱਕੀ ਮਿਲਣ ਉਪਰੰਤ ਸਰਕਾਰੀ ਹਾਈ ਸਕੂਲ ਜਾਜਾ ਵਿਖੇ ਸੇਵਾਵਾਂ ਪ੍ਰਦਾਨ ਕੀਤੀਆਂ ਅਤੇ 31 ਮਈ 2016 ਨੂੰ ਉੱਥੋਂ ਸੇਵਾ ਮੁਕਤ ਹੋਏ | ਸਵ. ਹੈੱਡਮਾਸਟਰ ਕਿ੍ਸ਼ਨਜੀਤ ਸਿੰਘ ਅਤੇ ਉਨ੍ਹਾਂ ਦੀ ਜੀਵਨ ਸਾਥਣ ਸ੍ਰੀਮਤੀ ਉਪਦੇਸ਼ ਕੌਰ 'ਸੇਵਾ ਮੁਕਤ ਅਧਿਆਪਕਾ' ਵਲੋਂ ਇਮਾਨਦਾਰੀ ਨਾਲ ਨਿਭਾਈ ਡਿਊਟੀ ਅਤੇ ਹਜ਼ਾਰਾਂ ਬੱਚਿਆਂ ਨੂੰ ਅਥਾਹ-ਮਿਹਨਤ ਨਾਲ ਕਰਵਾਈ ਪੜ੍ਹਾਈ ਕਾਰਨ ਉਨ੍ਹਾਂ ਦੇ ਦੋਵੇਂ ਸਪੁੱਤਰਾਂ ਅਤੇ ਭਤੀਜੇ ਨੇ ਉੱਚ ਸਿੱਖਿਆ ਹਾਸਲ ਕੀਤੀ | ਉਨ੍ਹਾਂ ਦਾ ਵੱਡਾ ਪੁੱਤਰ ਇੰਜ. ਰਣਜੀਤ ਸਿੰਘ ਮਰਚੈਂਟ ਨੇਵੀ, ਛੋਟਾ ਪੁੱਤਰ ਇੰਜ. ਰਵੀਜੀਤ ਸਿੰਘ ਕੈਨੇਡਾ ਮੁਲਕ ਵਿਚ ਅਤੇ ਭਤੀਜਾ ਲਖਜੀਤ ਸਿੰਘ (ਸਿੱਖਿਆ ਖੇਤਰ) ਚੰਗੀਆਂ ਪਦਵੀਆਂ ਤੇ ਤੈਨਾਤ ਹਨ | ਆਪ ਜੀ ਦੀ ਸ਼ਖ਼ਸੀਅਤ ਇੱਕ ਚੰਗੇ ਅਧਿਆਪਕ ਦੇ ਨਾਲ-ਨਾਲ ਸਮਾਜ ਸੇਵੀ, ਸਿਆਣੇ ਸਲਾਹਕਾਰ ਅਤੇ ਇਕ ਪ੍ਰਭਾਵਸ਼ਾਲੀ ਬੁਲਾਰੇ ਦੇ ਤੌਰ 'ਤੇ ਜਾਣੀ ਜਾਂਦੀ ਹੈ | ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਦੌਰਾਨ ਸਾਲ 2012 ਵਿਚ ਆਪ ਜੀ ਕੈਂਸਰ ਬਿਮਾਰੀ ਤੋਂ ਪੀੜਤ ਹੋ ਗਏ ਡਾਕਟਰਾਂ ਵਲੋਂ ਛੋਟੀ ਜ਼ਿੰਦਗੀ ਆਖਣ ਦੇ ਬਾਵਜੂਦ ਆਪ ਜੀ ਦਾ ਦਿ੍ੜ੍ਹ ਹੌਸਲਾ ਅਤੇ ਹਾਂ-ਪੱਖੀ ਸੋਚ ਨੇ 14 ਸਾਲ ਬਿਮਾਰੀ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦਿੱਤਾ ਜੋ ਆਪਣੇ ਆਪ ਵਿਚ ਦਿ੍ੜ੍ਹ ਹੌਸਲੇ ਤੇ ਮੌਤ ਨਾਲ ਟਾਕਰਾ ਕਰਨ ਦੀ ਇਕ ਵਿਲੱਖਣ ਮਿਸਾਲ ਹੈ | ਆਿਖ਼ਰਕਾਰ 31 ਮਾਰਚ 2026 ਨੰੂ Tਗਿਆਨ ਦਾ ਚਾਨਣ, ਹੈੱਡਮਾਸਟਰ ਕਿ੍ਸ਼ਨਜੀਤ ਸਿੰਘ 70 ਸਾਲ ਦੀ ਉਮਰ ਵਿਚ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖ ਗਏ | ਉਹ ਆਪਣੇ ਪਿੱਛੇ ਧਰਮ ਪਤਨੀ ਬੀਬੀ ਉਪਦੇਸ਼ ਕੌਰ Tਸੇਵਾ ਮੁਕਤ ਅਧਿਆਪਕਾU ਦੋ ਪੁੱਤਰ, ਨੂੰਹਾਂ, ਪੋਤੇ-ਪੋਤੀਆਂ ਨੂੰ ਛੱਡ ਗਏ ਹਨ | ਉਨ੍ਹਾਂ ਦੀ ਅੰਤਿਮ ਅਰਦਾਸ ਮਿਤੀ 10 ਅਪ੍ਰੈਲ 2026 ਦਿਨ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਪਿੰਡ ਓਹੜਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ | ਵਲੋਂ- ਭਗਵਾਨ ਸਿੰਘ ਸੈਣੀ