ਹੁਸ਼ਿਆਰਪੁਰ, 12 ਅਪ੍ਰੈਲ (ਬਲਜਿੰਦਰਪਾਲ ਸਿੰਘ)-ਸੋਨਾਲੀਕਾ ਗਰੁੱਪ ਵਲੋਂ ਚਲਾਏ ਜਾ ਰਹੇ ਸਮਾਰਟ ਲਿਵਿੰਗ ਸੈਂਟਰ-ਸੰਜੀਵਨੀ ਸ਼ਰਨਮ' 'ਚ ਵਿਸਾਖੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਸੰਜੀਵਨੀ ਸ਼ਰਨਮ ਦੇ ਸੀਨੀਅਰ ਸਿਟੀਜ਼ਨ (ਸ਼ਰਨਾਮਾਈਟਸ) ਅਤੇ ਉੱਤਰੀ ਭਾਰਤ ਦੇ ਨੰਬਰ ਇਕ ਆਰ. ਆਰ. ਐੱਮ ਆਟਿਜ਼ਮ ਥੈਰੇਪਿਊਟਿਕ ਸਕੂਲ ਦੇ ਬੱਚਿਆਂ ਨੇ ਵਿਸਾਖੀ ਦੇ ਤਿਉਹਾਰ ਦਾ ਆਨੰਦ ਮਾਣਿਆ | ਸੋਨਾਲੀਕਾ ਗਰੁੱਪ ਵਲੋਂ ਮੈਡਮ ਸੰਗੀਤਾ ਮਿੱਤਲ ਨੇ ਸਮੂਹ ਪੰਜਾਬੀਆਂ ਖ਼ਾਸਕਰ ਹੁਸ਼ਿਆਰਪੁਰ ਦੇ ਵਾਸੀਆਂ ਨੂੰ ਵਿਸਾਖੀ ਦੀ ਵਧਾਈ ਦਿੱਤੀ ਤੇ ਸਾਰਿਆਂ ਦੇ ਖ਼ੁਸ਼ਹਾਲ ਜੀਵਨ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਵਿਸਾਖੀ ਦਾ ਤਿਉਹਾਰ ਖੇਤੀਬਾੜੀ ਤੇ ਕਿਸਾਨਾਂ ਨਾਲ ਸਬੰਧਿਤ ਹੈ, ਕਿਉਂਕਿ ਇਹ ਉਹ ਦਿਨ ਹੁੰਦੇ ਹਨ, ਜਦੋਂ ਕਿਸਾਨਾਂ ਦੀ ਮਿਹਨਤ ਸਫਲ ਹੁੰਦੀ ਹੈ | ਉਨ੍ਹਾਂ ਕਿਹਾ ਕਿ ਵਿਸਾਖੀ ਸਾਨੂੰ ਵੱਖ-ਵੱਖ ਪ੍ਰਸਥਿਤੀਆਂ 'ਚ ਵੀ ਨਵੀਂ ਊਰਜਾ ਅਤੇ ਹੋਰ ਸਕਾਰਾਤਮਿਕ ਸੋਚ ਨਾਲ ਅੱਗੇ ਵਧਣ ਦਾ ਸੁਨੇਹਾ ਦਿੰਦੀ ਹੈ | ਵਿਸਾਖੀ ਦੇ ਰਵਾਇਤੀ ਮਾਹੌਲ ਨਾਲ ਲੈਸ ਲੋਟਸ ਹਾਲ 'ਚ ਸ਼ਰਨਮ ਦੇ 60 ਮੈਂਬਰਾਂ ਨੇ ਕਈ ਪੇਸ਼ਕਾਰੀਆਂ ਕੀਤੀਆਂ | ਮੈਡਮ ਮਿੱਤਲ ਨੇ ਪ੍ਰੋਗਰਾਮ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਵਾਲੇ ਸਾਰੇ ਪ੍ਰਤੀਭਾਗੀਆਂ ਦੀ ਹੌਸਲਾ ਅਫਜ਼ਾਈ ਕੀਤੀ | ਆਰ.ਆਰ.ਐੱਮ. ਆਟਿਜ਼ਮ ਸਕੂਲ ਦੇ ਬੱਚਿਆਂ ਨੇ ਵਿਸਾਖੀ ਦਾ ਆਨੰਦ ਮਾਣਦਿਆਂ ਵਿਸਾਖੀ ਮੌਕੇ ਥੈਰੇਪਿਸਟ ਅਤੇ ਉਨ੍ਹਾਂ ਦੇ ਅਧਿਆਪਕਾਂ, ਸਕੂਲ ਪਿ੍ੰਸੀਪਲ ਨਾਲ ਖੂਬ ਮਸਤੀ ਕੀਤੀ | ਉਨ੍ਹਾਂ ਕਿਹਾ ਕਿ ਵਿਸਾਖੀ ਸਿਰਫ਼ ਇਕ ਤਿਉਹਾਰ ਨਹੀਂ ਹੈ, ਇਹ ਇਕ ਅਨੁਭਵ ਤੇ ਭਾਵਨਾ ਹੈ, ਜੋ ਹਰ ਦਿਲ ਤੱਕ ਪਹੁੰਚ ਸਕਦੀ ਹੈ |