ਗੜ੍ਹਸ਼ੰਕਰ, 12 ਅਪ੍ਰੈਲ (ਧਾਲੀਵਾਲ)-ਪਿੰਡ ਨੂਰਪੁਰ ਜੱਟਾਂ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੇ 12 ਦਿਨ ਬੀਤ ਜਾਣ ਦੇ ਬਾਵਜੂਦ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਨਾਕਾਮ ਰਹੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਹਾਲੇ ਵੀ ਹਨੇਰੇ ਵਿਚ ਤੀਰ ਚਲਾ ਰਹੀ ਹੈ | ਇਹ ਪ੍ਰਗਟਾਵਾ ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਗੜ੍ਹਸ਼ੰਕਰ ਵਿਖੇ ਡੀ.ਐੱਸ.ਪੀ. ਦਫ਼ਤਰ ਬਾਹਰ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਦਿੱਤੇ ਜਾ ਰਹੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਉਸ ਦਾ ਖ਼ੁਫ਼ੀਆ ਤੰਤਰ ਵੀ ਦੋਸ਼ੀਆਂ ਨੂੰ ਫੜ੍ਹਨ ਵਿਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ | ਦੋਵਾਂ ਸਰਕਾਰਾਂ ਦੀ ਢਿੱਲੀ ਕਾਰਗੁਜ਼ਾਰੀ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਇਸ ਗੰਭੀਰ ਮੁੱਦੇ ਪ੍ਰਤੀ ਸੰਵੇਦਨਸ਼ੀਲ ਨਹੀਂ ਹਨ | ਜਦੋਂ ਤੱਕ ਦੋਸ਼ੀ ਸਲਾਖ਼ਾਂ ਦੇ ਪਿੱਛੇ ਨਹੀਂ ਹੁੰਦੇ ਬਸਪਾ ਦਾ ਸੰਘਰਸ਼ ਨਿਰੰਤਰ ਜਾਰੀ ਰਹੇਗਾ | ਰੋਸ ਪ੍ਰਦਰਸ਼ਨ ਦੌਰਾਨ ਸਟੇਟ ਸੈਕਟਰੀ ਰਣਬੀਰ ਬੱਬਰ, ਮਨਿੰਦਰ ਸ਼ੇਰਪੁਰੀ, ਸੁਖਦੇਵ ਬਿੱਟਾ, ਜ਼ਿਲ੍ਹਾ ਪ੍ਰਧਾਨ ਦਲਜੀਤ ਰਾਏ, ਨਿਸ਼ਾਨ ਚੌਧਰੀ, ਬਖ਼ਸ਼ੀਸ਼ ਭੀਮ, ਮਲਕੀਤ ਸੂੰਨੀ, ਰਵਿੰਦਰ ਬੀਹੜਾਂ, ਜਗਮੋਹਨ ਸੱਜਣਾਂ, ਸਤਵੰਤ ਸਿੰਘ ਨੰਦਾਚੌਰ, ਹਰਭਜਨ ਕਲੇਰ ਤੇ ਹੋਰ ਹਾਜ਼ਰ ਸਨ |