ਹੁਸ਼ਿਆਰਪੁਰ, 15 ਅਪ੍ਰੈਲ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ ਦੀ ਮੁੱਖ ਦਾਣਾ ਮੰਡੀ ਹੁਸ਼ਿਆਰਪੁਰ 'ਚ ਬੇਸ਼ੱਕ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ, ਪਰ ਕਣਕ ਦੀ ਆਮਦ ਨੇ ਅਜੇ ਜ਼ੋਰ ਨਹੀਂ ਫੜਿ੍ਹਆ | ਮੌਸਮ 'ਚ ਸੁਧਾਰ ਹੋਣ ਦੇ ਚੱਲਦਿਆਂ ਆਉਣ ਵਾਲੇ ਦਿਨਾਂ 'ਚ ਮੰਡੀਆਂ 'ਚ ਕਣਕ ਦੀ ਆਮਦ 'ਚ ਤੇਜ਼ੀ ਆਉਣ ਦੀ ਸੰਭਾਵਨਾ ਹੈ | ਮੰਡੀ 'ਚ ਆਈ ਕਣਕ ਦੀਆਂ ਕੁੱਝ ਢੇਰੀਆਂ 'ਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਮੰਡੀ ਦੇ ਫੜ੍ਹ 'ਚ ਹੀ ਖਿਲਾਰਿਆ ਗਿਆ ਸੀ, ਤਾਂ ਜੋ ਉਸ ਦੀ ਗੁਣਵੱਤਾ ਸਹੀ ਹੋ ਸਕੇ | ਦੂਸਰੇ ਪਾਸੇ ਅਧਿਕਾਰੀਆਂ ਅਨੁਸਾਰ ਮੰਡੀ 'ਚ ਆਉਣ ਵਾਲੀ ਕਣਕ ਜੋ ਸਰਕਾਰੀ ਮਾਪਦੰਡਾਂ ਨੂੰ ਪੂਰਾ ਕਰਦੀ ਹੈ, ਉਹ ਖਰੀਦੀ ਜਾ ਚੁੱਕੀ ਹੈ | ਇੱਥੇ ਜ਼ਿਕਰਯੋਗ ਹੈ ਕਿ ਜ਼ਿਲ੍ਹੇ 'ਚ ਅਜੇ ਕਣਕ ਦੀ ਕਟਾਈ ਲਈ ਕੋਈ ਖ਼ਾਸ ਹਲਚਲ ਦਿਖਾਈ ਨਹੀਂ ਦੇ ਰਹੀ | ਹੁਸ਼ਿਆਰਪੁਰ ਜ਼ਿਲ੍ਹੇ 'ਚ ਪਹਿਲਾਂ ਹੀ ਪੱਛੜ ਕੇ ਵਾਢੀ ਦਾ ਕੰਮ ਸ਼ੁਰੂ ਹੁੰਦਾ ਹੈ, ਉੱਥੇ ਇਸ ਵਾਰ ਮੌਸਮ ਦੀ ਖ਼ਰਾਬੀ ਦੇ ਚੱਲਦਿਆਂ ਕਣਕ ਦੀ ਵਾਢੀ ਹੋਰ ਵੀ ਪੱਛੜ ਗਈ ਹੈ | ਇਸ ਮੌਕੇ ਮੰਡੀ 'ਚ ਕਣਕ ਲੈ ਕੇ ਪਹੁੰਚੇ ਕਿਸਾਨਾਂ ਬਲਵਿੰਦਰ ਸਿੰਘ, ਹਰਜੀਤ ਸਿੰਘ ਤੇ ਰੇਸ਼ਮ ਸਿੰਘ ਆਦਿ ਨੇ ਦੱਸਿਆ ਕਿ ਬੇਮੌਸਮੇ ਪਏ ਮੀਹਾਂ ਦੇ ਚੱਲਦਿਆਂ ਵਾਢੀ ਦਾ ਕੰਮ ਕਾਫ਼ੀ ਪੱਛੜ ਗਿਆ ਹੈ ਅਤੇ ਜੇਕਰ ਆਉਣ ਵਾਲੇ ਦਿਨਾਂ 'ਚ ਮੌਸਮ ਸਾਫ਼ ਰਿਹਾ ਤਾਂ ਕਣਕ ਦੀ ਵਾਢੀ ਦਾ ਕੰਮ ਜ਼ੋਰ ਫੜ੍ਹ ਜਾਵੇਗਾ | ਇੱਥੇ ਜ਼ਿਕਰਯੋਗ ਹੈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵਲੋਂ ਵੀ ਸਥਾਨਕ ਦਾਣਾ ਮੰਡੀ ਦਾ ਦੌਰਾ ਕਰਕੇ ਕਣਕ ਦੇ ਖ਼ਰੀਦ ਪ੍ਰਬੰਧਾਂ ਦੇ ਨਾਲ-ਨਾਲ ਕਿਸਾਨਾਂ, ਲੇਬਰ ਅਤੇ ਆੜ੍ਹਤੀਆਂ ਲਈ ਯਕੀਨੀ ਬਣਾਈਆਂ ਸਹੂਲਤਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਣਕ ਦੀ ਖ਼ਰੀਦ ਬਿਨਾਂ ਕਿਸੇ ਦੇਰੀ ਅਤੇ ਸੁਚੱਜੇ ਢੰਗ ਨਾਲ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਨੂੰ ਨਿਰਧਾਰਿਤ ਸਮੇਂ ਵਿਚ ਖ਼ਰੀਦ ਕਰਨ ਤੋਂ ਇਲਾਵਾ ਤੈਅ ਸਮੇਂ ਵਿਚ ਅਦਾਇਗੀਆਂ ਯਕੀਨੀ ਬਣਾਈਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਖ਼ਰੀਦ ਏਜੰਸੀਆਂ ਲਈ ਹਰ ਪੱਖੋਂ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕੋਈ ਮੁਸ਼ਕਿਲ ਪੇਸ਼ ਨਾ ਆਵੇ |